ਲੁਧਿਆਣਾ ਵਿਚ ਖੌਫਨਾਕ ਵਾਰਦਾਤ ਸਾਹਮਣੇ ਆਈ ਹੈ। ਇਥੇ 30 ਸਾਲਾ ਮੁਹੰਮਦ ਇਸਲਾਮ ਦੀ ਪੈਸਿਆਂ ਦੇ ਲਾਲਚ ਵਿਚ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਉੱਤਰ ਪ੍ਰਦੇਸ਼ ਦੇ ਸ਼ਾਮਲੀ ਜ਼ਿਲ੍ਹੇ ਦੇ ਪਿੰਡ ਜਲਾਲਾਬਾ ਦਾ ਰਹਿਣਾ ਵਾਲਾ ਸੀ। ਉਹ 15 ਦਿਨ ਪਹਿਲਾਂ 25 ਹਜ਼ਾਰ ਰੁਪਏ ਲੈ ਕੇ ਖਰੀਦਦਾਰੀ ਕਰਨ ਲੁਧਿਆਣਾ ਪੁੱਜਾ ਸੀ ਤੇ ਆਪਣੇ ਦੋਸਤ ਕੋਲ ਠਹਿਰ ਗਿਆ। ਦੋਸਤ ਨੇ ਪੈਸਿਆਂ ਦੇ ਲਾਲਚ ਵਿਚ ਉਸ ਦਾ ਕਤਲ ਕਰ ਦਿੱਤਾ।
ਦੋਸ਼ੀ ਨੇ ਮ੍ਰਿਤਕ ਦੇਹ ਨਾਲ ਵੀ ਬੇਰਹਿਮਤੀ ਕੀਤੀ। ਟੁਕੜਿਆਂ ਵਿਚ ਕੱਟਣ ਤੋਂ ਬਾਅਦ ਬੋਰੇ ਵਿਚ ਭਰਿਆ ਤੇ ਸਿੱਧਵਾਂ ਨਹਿਰ ‘ਚ ਸੁੱਟ ਦਿੱਤਾ। ਥਾਣਾ ਟਿੱਬਾ ਪੁਲਿਸ ਨੇ ਇਸਲਾਮ ਦੇ ਭਰਾ ਮਹਿਬੂਬ ਦੀ ਸ਼ਿਕਾਇਤ ‘ਤੇ ਮੁਹੰਮਦ ਮਹਿਫੂਜ਼ ਖਿਲਾਫ ਹੱਤਿਆ ਕਰਕੇ ਲਾਸ਼ ਨੂੰ ਖੁਰਦ-ਬੁਰਦ ਕਰਨ ਦਾ ਮਾਮਲਾ ਦਰਜ ਕੀਤਾ ਹੈ।
ਦੋਸ਼ੀ ਦੀ ਨਿਸ਼ਾਨਦੇਹੀ ‘ਤੇ ਪੁਲਿਸ ਨੇ ਸਿੱਧਵਾਂ ਨਹਿਰ ਤੋਂ ਇੱਕ ਬਾਂਹ ਤੇ ਲੱਤ ਬਰਾਮਦ ਕਰ ਲਈ ਹੈ। ਉੱਤਰ ਪ੍ਰਦੇਸ਼ ਤੋਂ ਪਹੁੰਚੇ ਮਹਿਬੂਬ ਨੇ ਦੱਸਿਆ ਕਿ ਉਸ ਦਾ ਭਰਾ ਇਸਲਾਮ ਕੱਪੜੇ ਦਾ ਕਾਰੋਬਾਰ ਕਰਦਾ ਹੈ। ਉਸ ਦੀ ਪਿੰਡ ਵਿਚ ਛੋਟੀ ਜਿਹੀ ਦੁਕਾਨਹੈ। ਉਹ ਅਕਸਰ ਲੁਧਿਆਣੇ ਮਾਲ ਖਰੀਦਮ ਆਉਂਦਾ ਸੀ। ਲਗਭਗ 15 ਦਿਨ ਪਹਿਲਾਂ ਵੀ ਉਹ ਖਰੀਦਦਾਰੀ ਲਈ ਲੁਧਿਆਣਾ ਦੀ ਗਾਂਧੀ ਮਾਰਕੀਟ ਵਿਚ ਆਇਆ। ਇਥੇ ਆਪਣੇ ਹੀ ਪਿੰਡ ਦੇ ਰਹਿਣ ਵਾਲੇ ਦੋਸ਼ੀ ਮੁਹੰਮਦ ਮਹਿਫੂਜ਼ ਕੋਲ ਟਿੱਬਾ ਰੋਡ ‘ਤੇ ਰੁਕਿਆ। ਇਸ ਦਰਮਿਆਨ ਅਚਾਨਕ ਇਸਲਾਮ ਦਾ ਫੋਨ ਬੰਦ ਹੋ ਗਿਆ ਤੇ ਉਸ ਨਾਲ ਸੰਪਰਕ ਟੁੱਟ ਗਿਆ। ਜਦੋਂ ਦੋਸ਼ੀ ਮਹਿਫੂਜ਼ ਤੋਂ ਪੁੱਛਿਆ ਗਿਆ ਤਾਂ ਉਸ ਨੇ ਦੱਸਿਆ ਕਿ ਉਹ ਤਾਂ ਚਲਾ ਗਿਆ ਹੈ।ਇਸ ਤੋਂ ਬਾਅਦ ਉਨ੍ਹਾਂ ਨੂੰ ਸ਼ੱਕ ਹੋਇਆ।
ਸਾਰੀ ਘਟਨਾ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪਤਾ ਲੱਗਾ ਕਿ ਦੋਸ਼ੀ ਪਾਨੀਪਤ ਕੋਲ ਹੈ। ਇਸ ਤੋਂ ਬਾਅਦ ਮਹਿਬੂਬ ਤੇ ਉਸ ਦੇ ਸਾਥੀਆਂ ਨੇ ਮੁਹੰਮਦ ਮਹਿਫੂਜ਼ ਨੂੰ ਕਾਬੂ ਕੀਤਾ ਤੇ ਲੁਧਿਆਣਾ ਲੈ ਕੇ ਪੁੱਜੇ। ਦੋਸ਼ੀ ਨੂੰ ਟਿੱਬਾ ਪੁਲਿਸ ਦੇ ਹਵਾਲੇ ਕੀਤਾ ਤੇ ਸਾਰੀ ਸੱਚਾਈ ਦੱਸੀ ਕਿ ਕਤਲ ਦੇ ਬਾਅਦ ਲਾਸ਼ ਦੇ ਟੁਕੜੇ-ਟੁਕੜੇ ਕਰਕੇ ਫਿਰ ਬੋਰੀਆਂ ‘ਚ ਭਰ ਕੇ ਸਿੱਧਵਾਂ ਨਹਿਰ ਵਿਚ ਸੁੱਟ ਦਿੱਤਾ।
ਥਾਣਾ ਟਿੱਬਾ ਦੇ ਐੱਸਐੱਚਓ ਇੰਸਪੈਕਟਰ ਰਣਵੀਰ ਸਿੰਘ ਨੇ ਦੱਸਿਆ ਕਿ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਸਿੱਧਵਾਂ ਨਹਿਰ ਤੋਂ ਦੋ ਬੋਰੀਆਂ ਬਰਾਮਦ ਕੀਤੀਆਂ ਸਨ। ਇਸ ਵਿਚ ਇੱਕ ਲੱਤ ਤੇ ਇੱਕ ਬਾਂਹ ਮਿਲੀ ਹੈ। ਬਾਕੀ ਅੰਗ ਬਰਾਮਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਦੋਸ਼ੀ ਨੂੰ ਦੋ ਦਿਨ ਦੀ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ।
ਵੀਡੀਓ ਲਈ ਕਲਿੱਕ ਕਰੋ -: