20 ਫ਼ਰਵਰੀ ਨੂੰ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਸੂਬੇ ਵਿੱਚ ਬੀਜੇਪੀ ਦੇ ਤਿਕੋਣੇ ਗਠਜੋੜ ਲਈ ਚੋਣ ਪ੍ਰਚਾਰ ਦਾ ਮੋਰਚਾ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਭਾਲ ਰਹੇ ਹਨ। ਪੀ.ਐੱਮ. ਮੋਦੀ ਕੱਲ੍ਹ ਪੰਜਾਬ ਵਿੱਚ ਆਪਣੀ ਪਹਿਲੀ ਚੋਣ ਰੈਲੀ ਕਰਨਗੇ। ਪੀ.ਐੱਮ. ਮੋਦੀ ਵਰਚੂਅਲ ਰੈਲੀ ਰਾਹੀਂ ਪੰਜਾਬ ਦੇ ਲੋਕਾਂ ਤੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਨਗੇ।
ਇਸ ਦੌਰਾਨ ਉਹ ਪੰਜਾਬ ਵਾਸੀਆਂ ਲਈ ਵੱਡੇ ਐਲਾਨ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਬੀਜੇਪੀ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਤੇ ਸੁਖਦੇਵ ਢੀਂਡਸਾ ਦੀ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨਾਲ ਗਠਜੋੜ ਕਰਕੇ ਚੋਣਾਂ ਲੜ ਰਹੀ ਸੀ।
ਦੱਸ ਦੇਈਏ ਕਿ ਪੀ.ਐੱਮ. ਮੋਦੀ ਨੇ ਅਜੇ ਤੱਕ ਪੰਜਾਬ ਵਿੱਚ ਚੋਣਾਂ ਲਈ ਪ੍ਰਚਾਰ ਨਹੀਂ ਕੀਤਾ ਹੈ। ਬੀਜੇਪੀ ਲੀਡਰਸ਼ਿਪ ਵੱਲੋਂ ਲਗਾਤਾਰ ਇਸ ਦੀ ਮੰਗ ਕੀਤੀ ਜਾ ਰਹੀ ਸੀ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ 5 ਫ਼ਰਵਰੀ ਨੂੰ ਫ਼ਿਰੋਜ਼ਪੁਰ ਵਿੱਚ ਰੈਲੀ ਕਰਨ ਪਹੁੰਚੇ ਸਨ, ਪਰ ਰੈਲੀ ਨਾ ਹੋ ਸਕਣ ਕਰਕੇ ਪੰਜਾਬ ਭਾਜਪਾ ਨੂੰ ਨਿਰਾਸ਼ ਹੋਣਾ ਪਿਆ ਸੀ। ਇਸ ਪਿੱਛੋਂ ਇਹ ਵੀ ਚਰਚਾ ਸੀ ਕਿ ਪੀ.ਐੱਮ. ਮੋਦੀ ਪੰਜਾਬ ਚੋਣਾਂ ਵਿੱਚ ਹੁਣ ਪ੍ਰਚਾਰ ਨਹੀਂ ਕਰਨਗੇ।
ਵੀਡੀਓ ਲਈ ਕਲਿੱਕ ਕਰੋ -:
“ਚੱਲਦੀ ਇੰਟਰਵਿਊ ‘ਚ ਪੱਤਰਕਾਰਾਂ ਨੂੰ ਚੁੱਪ ਕਰਵਾ ਕੇ ਜਨਤਾ ਨੇ ਖੁਦ ਪੁੱਛੇ ਸਵਾਲ..”
ਪਰ ਹੁਣ ਉਨ੍ਹਾਂ ਚੋਣ ਪ੍ਰਚਾਰ ਦੀ ਕਮਾਨ ਆਪਣੇ ਹੱਥ ਲੈ ਲਈ ਹੈ ਤੇ ਭਲਕੇ ਉਹ ਲੁਧਿਆਣਾ ਤੇ ਫਤਹਿਗੜ੍ਹ ਹਲਕਿਆਂ ਲਈ ਸੰਬੋਧਨ ਕਰਨਗੇ। ਅਗਲੇ ਦਿਨ ਯਾਨੀ 9 ਫ਼ਰਵਰੀ ਨੂੰ ਉਹ ਜਲੰਧਰ, ਕਪੂਰਥਲਾ ਤੇ ਬਠਿੰਡਾ ਹਲਕਿਆਂ ਲ਼ਈ ਪ੍ਰਚਾਰ ਕਰਨਗੇ। ਇਸ ਤੋਂ ਇਲਾਵਾ ਬੀਜੇਪੀ ਵੱਲੋਂ ਚੋਣਾਂ ਵਿੱਚ ਪ੍ਰਚਾਰ ਕਰਨ ਲਈ ਹੋਰ ਵੀ ਵੱਡੇ ਚਿਹਰਿਆਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਅਮਿਤ ਸ਼ਾਹ, ਹੇਮਾ ਮਾਲਿਨੀ ਤੇ ਸਨੀ ਦਿਓਲ ਦੇ ਨਾਂ ਵੀ ਸ਼ਾਮਲ ਹਨ।