ਚੰਡੀਗੜ੍ਹ: ਪੰਜਾਬ ਭਾਜਪਾ ਦੇ ਸਾਬਕਾ ਮੰਤਰੀ ਅਨਿਲ ਜੋਸ਼ੀ ਅੱਜ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਹਨ। ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਉਨ੍ਹਾਂ ਨੂੰ ਪਾਰਟੀ ਦੀ ਮੈਂਬਰਸ਼ਿਪ ਦਿਵਾਈ।
ਇਸ ਦੌਰਾਨ ਉਨ੍ਹਾਂ ਨਾਲ ਅੰਮ੍ਰਿਤਸਰ ਤੋਂ ਸਾਬਕਾ ਭਾਜਪਾ ਆਗੂ ਅਮਰਜੀਤ ਸ਼ਾਹੀ ਦੀ ਪਤਨੀ ਸੁਖਜੀਤ ਕੌਰ, ਬਠਿੰਡਾ ਤੋਂ ਮੋਹਿਤ ਗੁਪਤਾ, ਕਮਲ ਚੇਟਲੀ, ਲੁਧਿਆਣਾ ਦੇ ਸਾਬਕਾ ਡਿਪਟੀ ਮੇਅਰ ਆਰਪੀ ਸ਼ਰਮਾ, ਸਜਾਨਪੁਰ ਤੋਂ ਰਾਜ ਕੁਮਾਰ ਗੁਪਤਾ, ਫਤਿਹਗੜ੍ਹ ਚੂੜੀਆਂ ਤੋਂ ਸੁਰਿੰਦਰ ਛੀਨੀ, ਹਰਜੀਤ ਸਿੰਘ ਭੁੱਲਰ, ਮਿੰਟੂ ਸ਼ਰਮਾ, ਸੁਮਿਤ ਸ਼ਾਸਤਰੀ, ਵਿਕਰਮ ਲੱਕੀ ਅਤੇ ਜਗਰਾਉਂ ਦੇ ਕਈ ਹੋਰ ਆਗੂ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਹਨ।
ਦੱਸਣਯੋਗ ਹੈ ਕਿ ਅਨਿਲ ਜੋਸ਼ੀ ਨੂੰ ਕਿਸਾਨਾਂ ਦੇ ਹੱਕ ਵਿੱਚ ਬੋਲਣ ‘ਤੇ ਭਾਜਪਾ ਵੱਲੋਂ ਪਾਰਟੀ ਤੋਂ ਬਾਹਰ ਕੱਢ ਦਿੱਤਾ ਗਿਆ ਸੀ। ਅਨਿਲ ਜੋਸ਼ੀ ਨੇ ਕਿਹਾ ਸੀ ਕਿ ਜੇਕਰ ਕੇਂਦਰ ਦੇ ਤਿੰਨ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਅੰਦੋਲਨ ਦੇ ਚੱਲ ਰਹੇ ਮੁੱਦੇ ਨੂੰ ਛੇਤੀ ਹੱਲ ਨਾ ਕੀਤਾ ਗਿਆ ਤਾਂ ਭਾਜਪਾ ਨੇਤਾਵਾਂ ਲਈ ਆਪਣੇ ਘਰਾਂ ਤੋਂ ਬਾਹਰ ਨਿਕਲਣਾ ਮੁਸ਼ਕਲ ਹੋ ਜਾਵੇਗਾ। ਭਾਜਪਾ ਨੇ ਉਨ੍ਹਾਂ ਨੂੰ ਇੱਕ ਨੋਟਿਸ ਵੀ ਜਾਰੀ ਕੀਤਾ ਸੀ, ਜਿਸ ਅਨੁਸਾਰ ਜੋਸ਼ੀ ਕੇਂਦਰ ਸਰਕਾਰ, ਪਾਰਟੀ ਦੀ ਕੇਂਦਰੀ ਲੀਡਰਸ਼ਿਪ ਅਤੇ ਨੀਤੀਆਂ ਦੇ ਵਿਰੁੱਧ ਬਿਆਨ ਦੇ ਰਹੇ ਹਨ।
ਇਹ ਵੀ ਪੜ੍ਹੋ : ਸੁਖਜਿੰਦਰ ਰੰਧਾਵਾ ਨੇ ਸੁਮੇਧ ਸੈਣੀ ਦੀ ਰਿਹਾਈ ‘ਤੇ ਜ਼ਾਹਿਰ ਕੀਤੀ ਨਾਰਾਜ਼ਗੀ, CM ਕੈਪਟਨ ਤੋਂ AG ਅਤੁਲ ਨੰਦਾ ਨੂੰ ਹਟਾਉਣ ਦੀ ਕੀਤੀ ਮੰਗ
ਬਿਆਨ ਵਿੱਚ ਕਿਹਾ ਗਿਆ ਸੀ ਕਿ ਜੋਸ਼ੀ ਨੇ ਪਾਰਟੀ ਦੇ ਵਿਰੁੱਧ ਜਾਣ ਦੇ ਆਪਣੇ ਅੜੀਅਲ ਰਵੱਈਏ ਨੂੰ ਨਹੀਂ ਛੱਡਿਆ, ਜਿਸ ਤੋਂ ਬਾਅਦ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਅਨੁਸ਼ਾਸਨੀ ਕਮੇਟੀ ਦੀਆਂ ਸਿਫਾਰਸ਼ਾਂ ਉੱਤੇ ਉਸਨੂੰ ਛੇ ਸਾਲਾਂ ਲਈ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਕੱਢ ਦਿੱਤਾ ਹੈ।