ਕਪੂਰਥਲਾ ਵਿਚ ਇਕ ਥਾਣੇਦਾਰ ਨੂੰ ਪੁਲਿਸੀਆ ਰੌਹਬ ਦਿਖਾਉਣਾ ਮਹਿੰਗਾ ਪੈ ਗਿਆ ਹੈ।ਥਾਣਾ ਸਿਟੀ ਵਿਚ ਏਐੱਸਆਈ ਖਿਲਾਫ ਰਿਸ਼ਵਤ ਦਾ ਕੇਸ ਦਰਜ ਕਰ ਲਿਆ ਗਿਆ ਹੈ। ਦੋਸ਼ ਹੈ ਕਿ ਏਐੱਸਆਈ ਨੇ ਪੈਸੇ ਲੈ ਕੇ ਅਰਬਨ ਅਸਟੇਟ ਵਿਚ ਕੋਠੀ ਮਾਲਕ ਦੀ ਗੈਰ-ਹਾਜ਼ਰੀ ਵਿਚ ਬਜ਼ੁਰਗ ਮਹਿਲਾ ਨੂੰ ਡਰਾ-ਧਮਕਾ ਕੇ ਘਰ ਤੋਂ ਭਜਾ ਦਿੱਤਾ ਤੇ ਕੋਠੀ ਦੀਆਂ ਚਾਬੀਆਂ ਕਿਸੇ ਹੋਰ ਲੋਕਾਂ ਨੂੰ ਦੇ ਦਿੱਤੀਆਂ ਸਿਟੀ ਪੁਲਿਸ ਨੇ ਏਐੱਸਆਈ ਸਣੇ 15 ਲੋਕਾਂ ਨੂੰ ਵੱਖ-ਵੱਖ ਧਾਰਾਵਾਂ ਤਹਿਤ ਨਾਮਜ਼ਦ ਕੀਤਾ ਹੈ ਤੇ 2 ਅਣਪਛਾਤਿਆਂ ਨੂੰ ਵੀਇਸ ਵਿਚ ਸ਼ਾਮਲ ਕੀਤਾ ਗਿਆ ਹੈ। ਹਾਲਾਂਕਿ ਕੋਠੀ ਮਾਲਕ ਤੇ ਉਸ ਦੇ ਪਰਿਵਾਰ ‘ਤੇ ਵੀ ਥਾਣਾ ਭੁਲੱਥ ਵਿਚ ਦੋ ਕਬੂਤਰਬਾਜ਼ੀ ਦੇ ਕੇਸ ਦਰਜ ਹਨ ਜਿਸ ਤਹਿਤ ਪੁਲਿਸ ਦੇ ਡਰ ਤੋਂ ਸਾਰਾ ਪਰਿਵਾਰ ਘਰ ਤੋਂ ਫਰਾਰ ਹੈ।
ਐੱਸਐੱਸਪੀ ਕਪੂਰਥਲਾ ਨੂੰ ਦਿੱਤੀ ਸ਼ਿਕਾਇਤ ਵਿਚ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਅਰਬਨ ਅਸਟੇਟ ਸਥਿਤ ਕੋਠੀ ਨੰ. 1187 ਵਿਚ ਆਪਣੀ ਪਤਨੀ ਬਲਵਿੰਦਰ ਕੌਰ, ਪੁੱਤਰ ਸਾਹਿਲ ਤੇ ਸੱਸ ਗੁਰਦਾਸੀ ਨਾਲ ਰਹਿੰਦਾ ਹੈ। 17 ਤੇ 18 ਮਈ ਨੂੰ ਥਾਣਾ ਭੁਲੱਥ ਵਿਚ ਉਸ ਦੇ ਪਰਿਵਾਰ ‘ਤੇ ਗੁਰਮੀਤ ਸਿੰਘ ਵਾਸੀ ਕਾਮਰਾਏ ਤੇ ਨਿਸ਼ਾਨ ਸਿੰਘ ਵਾਸੀ ਅਕਾਲਾ ਦੀ ਸ਼ਿਕਾਇਤ ‘ਤੇ ਵਿਦੇਸ਼ ਭੇਜਣ ਦੇ ਨਾਂ ‘ਤੇ ਧੋਖਾਦੇਹੀ ਦੀਆਂ 2 FIR ਦਰਜ ਹੋਈਆਂ ਸਨ।
ਬਜ਼ੁਰਗ ਗੁਰਦਾਸੀ ਘਰ ‘ਤੇ ਇਕੱਲੀ ਰਹਿ ਰਹੀ ਹੈ। ਉੁਸ ਦੀ ਕੋਠੀ ‘ਤੇ ਸੀਸੀਟੀਵੀ ਲੱਗੇ ਹੋਏ ਹਨ, ਜਿਸ ਦੀ ਰਿਕਾਰਡਿੰਗ ਉਹ ਆਪਣੇ ਸਮਾਰਟਫੋਨ ‘ਤੇ ਦੇਖ ਸਕਦਾ ਹੈ। ਉਸ ਨੇ ਦੱਸਿਆ ਕਿ 9 ਜੂਨ ਨੂੰ ਨਿਸ਼ਾਨ ਸਿੰਘ, ਗੁਰਵਿੰਦਰ ਸਿੰਘ ਵਾਸੀ ਜੋਗਿੰਦਰ ਨਗਰ ਭੁਲੱਥ ਤੇ ਇਕ ਹੋਰ ਵਿਅਕਤੀ ਉਨ੍ਹਾਂ ਦੇ ਘਰ ਆਇਆ ਤੇ ਕੋਠੀ ਦੀ ਡੋਰ ਬੈੱਲ ਵਜਾਈ ਪਰ ਬਜ਼ੁਰਗ ਨੇ ਦਰਵਾਜ਼ਾ ਨਹੀਂ ਖੋਲ੍ਹਿਆ।
10 ਜੂਨ ਨੂੰ ਉਹਦੁਬਾਰਾ ਆਏ ਤੇ ਡੋਰ ਬੈੱਲ ਵਜਾਉਣ ਦੇ ਬਾਅਦ ਜਦੋਂ ਦਰਵਾਜ਼ਾ ਨਹੀਂ ਖੁੱਲ੍ਹਿਆ ਤਾਂ ਦੁਪਹਿਰ 1 ਵਜੇ ਦੇ ਲਗਭਗ ASI ਬਲਵੀਰ ਸਿੰਘ ਥਾਣਾ ਸਿਟੀ ਦੇ ਨਾਲ ਨਿਸ਼ਾਨ ਸਿੰਘ ਤੇ ਮਾਨ ਸਿੰਘ, ਸੁਰਜੀਤ ਕੌਰ ਪਤਨੀ ਨਿਸ਼ਾਨ ਸਿੰਘ, ਨਿਸ਼ਾਨ ਸਿੰਘ ਦੀ ਨੂੰਹ ਵਾਸੀ ਅਕਾਲਾ, ਗੁਰਮੀਤ ਸਿੰਘ ਤੇ ਅਜੀਤ ਸਿੰਘ ਵਾਸੀ ਕਾਮਰਾਏ ਤੇ ਕਰਨੈਲ ਗੰਜ, ਮਨਜੀਤ ਕੌਰ ਪਤਨੀ ਪਰਮਜੀਤ ਸਿੰਘ ਵਾਸੀ ਵਾਰਡ ਨੰ. 11 ਕਾਮਰਾਏ, ਮਹਿੰਦਰ ਕੌਰ ਪਤਨੀ ਸੁਖਜਿੰਦਰ ਸਿੰਘ ਵਾਸੀ ਕਰਨੈਲ ਗੰਜ, ਸਾਹਿਲਪ੍ਰੀਤ ਸਿੰਘ ਪੁੱਤਰ ਮਨਜੀਤ ਸਿੰਘ, ਪਰਮਜੀਤ ਕੌਰ ਪਤਨੀ ਮਨਜੀਤ ਸਿੰਘ ਵਾਸੀ ਵਾਰਡ ਨੰ. 5 ਗੁਰੂ ਨਾਨਕ ਨਗਰ, ਭੋਗਪੁਰ, ਸੁਖਵਿੰਦਰ ਕੌਰ ਪਤਨੀ ਗੁਰਮੀਤ ਸਿੰਘ ਵਾਸੀ ਪਿੰਡ ਕਾਮਰਾਏ, ਗੁਰਵਿੰਦਰ ਸਿੰਘ 2-3 ਅਣਪਛਾਤੇ ਵਿਅਕਤੀਆਂ ਨਾਲ ਆਏ ਤਾਂ ਡੋਰ ਬੈੱਲ ਵਜਾਈ ਤਾਂ ਮਾਤਾ ਨੇ ਪੁਲਿਸ ਅਧਿਕਾਰੀ ਦੇਖ ਕੇ ਦਰਵਾਜ਼ਾ ਖੋਲ੍ਹ ਦਿੱਤਾ ਤਾਂ ਪੁਲਿਸ ਅਧਿਕਾਰੀ ਨਾਲ ਉਕਤ ਸਾਰੇ ਘਰ ਵਿਚ ਦਾਖਲ ਹੋਏ।
ਇਨ੍ਹਾਂ ਨੇ ਮਾਤਾ ਨੂੰ ਡਰਾ-ਧਮਕਾ ਕੇ ਕੋਠੀ ਦੀਆਂ ਚਾਬੀਆਂ ਲੈ ਲਈਆਂ ਤੇ ਮਾਤਾ ‘ਤੇ ਖਾਲੀ ਪੇਪਰ ਸਟਾਂਪ ‘ਤੇ ਦਸਤਖਤ ਕਰਨ ਲਈ ਦਬਾਅ ਬਣਾਇਆ। ਮਾਤਾ ਨੇ ਦਸਤਖਤ ਤੋਂ ਇਨਕਾਰ ਕਰ ਦਿੱਤਾ। ਫਿਰ ਲੋਕਾਂ ਨੇ ਮਾਤਾ ਨੂੰ ਖੂਬ ਡਰਾਇਆ-ਧਮਕਾਇਆ ਤੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਤੇ ਮਾਤਾ ਘਰ ਤੋਂ ਬਾਹਰ ਨਿਕਲ ਗਈ।
ਇਹ ਵੀ ਪੜ੍ਹੋ : ਬਠਿੰਡਾ : RTI ਤਹਿਤ ਮੰਗੀ ਸੂਚਨਾ ਨਾ ਦੇਣ ਤੇ ਸੁਣਵਾਈ ‘ਚ ਗੈਰ-ਹਾਜ਼ਰ ਰਹਿਣ ‘ਤੇ SHO ‘ਤੇ ਲੱਗਾ 10,000 ਦਾ ਜੁਰਮਾਨਾ
ਇਨ੍ਹਾਂ ਲੋਕਾਂ ਨੇ ਸੀਸੀਟੀਵੀ ਕੈਮਰਿਆਂ ‘ਤੇ ਕੱਪੜੇ ਪਾ ਦਿੱਤੇ ਪਰ ਲੌਬੀ ਵਿਚ ਲੱਗਾ ਇਕ ਕੈਮਰਾ ਓਪਨ ਰਹਿ ਗਿਆ ਜਿਸ ਵਿਚ ਪੂਰੀ ਘਟਨਾ ਕੈਦ ਹੋ ਗਈ ਜਿਥੇ ASI ਨੇ ਉਕਤ ਲੋਕਾਂ ਤੋ ਪੈਸੇ ਲਏ ਤੇ ਕੋਠੀ ਦੀਆਂ ਚਾਬੀਆਂ ਉਨ੍ਹਾਂ ਨੂੰ ਦੇ ਕੇ ਉਥੋਂ ਚਲਾ ਗਿਆ। ਦੱਸ ਦੇਈਏ ਕਿ ਥਾਣੇਦਾਰ 30 ਜੂਨ ਨੂੰ ਰਿਟਾਇਰ ਹੋਣ ਵਾਲਾ ਸੀ ਤੇ ਇਸ ਤੋਂ ਪਹਿਲਾਂ ਹੀ ਉਸ ‘ਤੇ ਕੇਸ ਦਰਜ ਹੋ ਗਿਆ।
ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “























