ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਮੀਰਪੁਰ ਕੋਟਲੀ ਵਿੱਚ ਇੱਕ ਪਰਿਵਾਰ ਵਿੱਚ ਵਿਆਹ ਦੀਆਂ ਖੁਸ਼ੀਆਂ ਅੱਜ ਮਾਤਮ ਵਿੱਚ ਬਦਲ ਗਈਆਂ। ਜਿਥੇ ਭੈਣ ਦੇ ਵਿਆਹ ਦੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਸਨ, ਸ਼ਾਮ ਨੂੰ ਭੈਣ ਦੀ ਡੋਲੀ ਉਠਣ ਸੀ, ਉਥੇ ਸੱਥਰ ਵਿਛ ਗਏ। ਉਸੇ ਦਿਨ ਭਰਾ ਦੀ ਮੌਤ ਦੀ ਖਬਰ ਆਈ ਤਾਂ ਸਾਰਿਆਂ ਦੇੇ ਪੈਰੋਂ ਹੇਠਾਂ ਜ਼ਮੀਨ ਖਿਸਕ ਗਈ ਤੇ ਰੌਣਾ-ਕੁਰਲਾਉਣਾ ਮਚ ਗਿਆ। ਭੈਣ ਨੂੰ ਬਿਊਟੀ ਪਾਰਲਰ ਛੱਡ ਕੇ ਆ ਰਹੇ ਭਰਾ ਨੂੰ ਕੀ ਪਤਾ ਸੀ ਕਿ ਉਸ ਨੇ ਆਪਣੀ ਭੈਣ ਤੋਂ ਹਮੇਸ਼ਾ ਲਈ ਵਿਛੜ ਜਾਣਾ ਏ। ਰਸਤੇ ਵਿੱਚ ਆਉਂਦੇ ਹੋਏ ਉਹ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ।
ਜਾਂਚ ਅਧਿਕਾਰੀ ਏਐਸਆਈ ਸਤਨਾਮ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ। ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਦੇ ਵਾਰਸਾਂ ਦੇ ਬਿਆਨਾਂ ’ਤੇ ਟਰੈਕਟਰ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਦੋਸ਼ੀ ਦੀ ਭਾਲ ਜਾਰੀ ਹੈ।
ਮਿਲੀ ਜਾਣਕਾਰੀ ਅਨੁਸਾਰ ਅੱਜ 23 ਸਾਲਾ ਦੀਪਕ ਕੁਮਾਰ ਦੀ ਭੈਣ ਦਾ ਵਿਆਹ ਸੀ। ਦੀਪਕ ਦਾ ਪਰਿਵਾਰ ਪਿੰਡ ਮੀਰਪੁਰ ਕੋਟਲੀ ਵਿਖੇ ਇੱਟਾਂ ਦੇ ਭੱਠੇ ‘ਤੇ ਮਜ਼ਦੂਰ ਵਜੋਂ ਕੰਮ ਕਰਦਾ ਹੈ। ਵਿਆਹ ਦਾ ਸਾਰਾ ਪ੍ਰਬੰਧ ਭੱਠੇ ਵਿੱਚ ਹੀ ਕੀਤਾ ਗਿਆ ਸੀ। ਬਾਰਾਤ ਘਰ ਲਈ ਨਿਕਲ ਚੁੱਕੀ ਸੀ। ਦੀਪਕ ਆਪਣੀ ਪਤਨੀ ਸੁਮਨ ਨਾਲ ਬਾਈਕ ‘ਤੇ ਆਪਣੀ ਭੈਣ ਨੂੰ ਬਿਊਟੀ ਪਾਰਲਰ ‘ਚ ਛੱਡਣ ਗਿਆ ਸੀ। ਵਾਪਸ ਆਉਂਦੇ ਸਮੇਂ ਦੀਪਕ ਦੀ ਬਾਈਕ ਟਰੈਕਟਰ ਨਾਲ ਟਕਰਾ ਗਈ।
ਪੁਲਿਸ ਮੁਤਾਬਕ ਟੱਕਰ ਇੰਨੀ ਜ਼ਬਰਦਸਤ ਸੀ ਕਿ ਬਾਈਕ ਦੇ ਪਰਖੱਚੇ ਉੱਡ ਗਏ। ਹਾਦਸੇ ਵਿੱਚ ਦੀਪਕ ਦੀ ਮੌਤ ਹੋ ਗਈ ਅਤੇ ਪਿੱਛੇ ਬੈਠੀ ਉਸ ਦੀ ਪਤਨੀ ਸੁਮਨ ਗੰਭੀਰ ਜ਼ਖ਼ਮੀ ਹੋ ਗਈ। ਮੌਕੇ ‘ਤੇ ਮੌਜੂਦ ਲੋਕਾਂ ਦੀ ਮਦਦ ਨਾਲ ਦੀਪਕ ਦੀ ਪਤਨੀ ਸੁਮਨ ਨੂੰ ਦਸੂਹਾ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਦੀ ਹਾਲਤ ਗੰਭੀਰ ਦੇਖਦੇ ਹੋਏ ਉਸ ਨੂੰ ਹੁਸ਼ਿਆਰਪੁਰ ਦੇ ਨਿੱਜੀ ਹਸਪਤਾਲ ਲਈ ਰੈਫਰ ਕਰ ਦਿੱਤਾ।
ਇਹ ਵੀ ਪੜ੍ਹੋ : ਅਮਰੀਕਾ ‘ਚ ਪੰਜਾਬੀ ਨੌਜਵਾਨ ਦਾ ਗੋਲੀ.ਆਂ ਮਾਰ ਕੇ ਕਤ.ਲ, ਵਿਧਵਾ ਮਾਂ ‘ਤੇ ਟੁੱਟਿਆ ਦੁੱਖਾਂ ਦਾ ਪਹਾੜ
ਡਾਕਟਰਾਂ ਨੇ ਵੀ ਦੀਪਤ ਨੂੰ ਮ੍ਰਿਤਕ ਐਲਾਨ ਦਿੱਤਾ। ਮੌਕੇ ‘ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਟਰੈਕਟਰ ਚਾਲਕ ਬਹੁਤ ਹੀ ਲਾਪਰਵਾਹੀ ਨਾਲ ਟਰੈਕਟਰ ਚਲਾ ਰਿਹਾ ਸੀ। ਦੀਪਕ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸਾਨੂੰ ਇਨਸਾਫ਼ ਦਿਵਾਇਆ ਜਾਵੇ ਅਤੇ ਦੋਸ਼ੀ ਟਰੈਕਟਰ ਚਾਲਕ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ।
ਵੀਡੀਓ ਲਈ ਕਲਿੱਕ ਕਰੋ -: