ਫ਼ਤਹਿਗੜ੍ਹ ਸਾਹਿਬ : ਜਦੋਂ ਬੀਤੇ ਦਿਨੀ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ. ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਆਪਣੇ ਗ੍ਰਹਿ ਕਿਲ੍ਹਾ ਸ. ਹਰਨਾਮ ਸਿੰਘ (ਫ਼ਤਹਿਗੜ੍ਹ ਸਾਹਿਬ) ਤੋਂ ਦਿੱਲੀ ਪਾਰਲੀਮੈਂਟ ਦੀ ਸਹੁੰ ਚੁੱਕਣ ਲਈ ਜੈਕਾਰਿਆਂ ਦੀ ਗੂੰਜ ਵਿਚ ਚਾਲੇ ਪਾਏ ਤਾਂ ਸ. ਮਾਨ ਦਾ ਰਾਜਪੁਰਾ, ਸੰਭੂ, ਅੰਬਾਲਾ, ਕਰਨਾਲ, ਪਾਣੀਪਤ ਵਿਖੇ ਗਰਮਜੋਸ਼ੀ ਨਾਲ ਪੰਜਾਬੀਆਂ, ਹਿੰਦੂਆਂ, ਸਿੱਖਾਂ, ਮੁਸਲਮਾਨਾਂ, ਰੰਘਰੇਟਿਆ ਨੇ ਜ਼ੋਰਦਾਰ ਸਵਾਗਤ ਕੀਤਾ । ਕਰਨਾਲ ਵਿਖੇ ਗੱਲਬਾਤ ਕਰਦੇ ਹੋਏ ਸ. ਮਾਨ ਨੇ ਕਿਹਾ ਕਿ ਐੱਮ. ਪੀ. ਵਜੋਂ ਸਹੁੰ ਚੁੱਕ ਕੇ ਉਹ ਪੰਜਾਬ ਤੇ ਸਿੱਖ ਕੌਮ ਦੀਆਂ ਭਾਵਨਾਵਾ ਨੂੰ ਪਾਰਲੀਮੈਂਟ ‘ਚ ਉਠਾਉਣ ਦੀ ਜ਼ਿੰਮੇਵਾਰੀ ਨਿਭਾਉਣਗੇ।
ਉਨ੍ਹਾਂ ਨੇ ਆਪਣੇ ਇੰਡੀਅਨ ਵਿਧਾਨ ਵਿਚ ਦਰਜ ਵਿਧਾਨਿਕ ਹੱਕਾਂ ਦੀ ਗੱਲ ਕਰਦੇ ਹੋਏ ਕਿਹਾ ਕਿ ਇੰਡੀਅਨ ਵਿਧਾਨ ਸਾਨੂੰ (ਸਿੱਖਾਂ) ਨੂੰ ਆਪਣੇ ਕਕਾਰਾਂ ਵਿਚ ਸ਼ਾਮਿਲ ਧਾਰਮਿਕ ਚਿੰਨ੍ਹ ਕਿਰਪਾਨ (ਸ੍ਰੀ ਸਾਹਿਬ) ਨੂੰ ਆਪਣੇ ਸਰੀਰ ਉਤੇ ਪਹਿਨਣ, ਨਾਲ ਲੈਕੇ ਜਾਣ ਅਤੇ ਰੱਖਣ ਦੀ ਪੂਰਨ ਆਜ਼ਾਦੀ ਦਿੰਦਾ ਹੈ । ਕਿਰਪਾਨ ਨੂੰ ਨਾਲ ਰੱਖਣ, ਲਿਜਾਣ ਦਾ ਉਨ੍ਹਾਂ ਦਾ ਵਿਧਾਨਿਕ ਹੱਕ ਹੈ । ਇਹ ਹੁਣ ਇੰਡੀਅਨ ਹੁਕਮਰਾਨਾਂ ਦੀ ਇੱਛਾ ਹੈ ਕਿ ਉਨ੍ਹਾਂ ਨੂੰ ਵਿਧਾਨਿਕ ਹੱਕ ਪ੍ਰਦਾਨ ਕਰਦੇ ਹਨ ਜਾਂ ਨਹੀਂ ? ਕਿਉਂਕਿ ਪਾਰਲੀਮੈਂਟ ਵਿਚ ਉਨ੍ਹਾਂ ਦੀ ਬਹੁਗਿਣਤੀ ਹੈ । 2% ਵਾਲੀ ਸਿੱਖ ਕੌਮ ਦੀ ਸਹੀ ਦਿਸ਼ਾ ਵੱਲ ਨੁਮਾਇੰਦਗੀ ਕਰਨ ਵਾਲਾ ਇਕੋ ਇਕ ਸ. ਸਿਮਰਨਜੀਤ ਸਿੰਘ ਮਾਨ ਮੈਂਬਰ ਪਾਰਲੀਮੈਂਟ ਹਨ । ਇਹੀ ਵਜ੍ਹਾ ਹੈ ਕਿ ਸ. ਮਾਨ ਵੱਲੋਂ ਆਪਣੇ ਵਿਧਾਨਿਕ ਹੱਕਾਂ ਦੀ ਗੱਲ ਕਰਦੇ ਹੋਏ ਪੇਸ਼ ਕੀਤੇ ਗਏ ਵਿਚਾਰਾਂ ਨੂੰ ਤਰੋੜ-ਮਰੋੜਕੇ ਪੇਸ਼ ਕਰਕੇ ਜਾਣਬੁੱਝ ਕੇ ਪੰਜਾਬੀਆਂ ਅਤੇ ਸਿੱਖ ਕੌਮ ਦੇ ਇਕੋ ਦ੍ਰਿੜ ਇਰਾਦੇ ਵਾਲੇ ਨੁਮਾਇੰਦੇ ਦੀ ਛਬੀ ਨੂੰ ਖਰਾਬ ਕਰਨ ਦੀ ਮਨਸਾ ਅਧੀਨ ਇਹ ਬਿਆਨ ਲਗਵਾਏ ਕਿ ‘ਉਹ ਕਿਰਪਾਨ ਨਾਲ ਹੀ ਸਹੁੰ ਚੁੱਕਣਗੇ’ ।”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਾਰਟੀ ਦੇ ਮੁੱਖ ਦਫਤਰ ਤੋਂ ਸੰਗਰੂਰ ਲੋਕ ਸਭਾ ਹਲਕੇ ਤੋਂ ਚੋਣ ਜਿੱਤਕੇ ਪਾਰਲੀਮੈਂਟ ਵਿਚ ਗਏ ਸਿੱਖ ਕੌਮ ਦੇ ਸਿਰਮੌਰ ਆਗੂ ਸ. ਸਿਮਰਨਜੀਤ ਸਿੰਘ ਮਾਨ ਵੱਲੋਂ ਬੀਤੇ ਕੱਲ੍ਹ ਕਰਨਾਲ ਵਿਖੇ ਪ੍ਰੈਸ ਮਿਲਣੀ ਦੌਰਾਨ ਹੋਈ ਗੱਲਬਾਤ ਨੂੰ ਸਹੀ ਰੂਪ ਵਿਚ ਪੇਸ਼ ਕਰਨ ਦੀ ਬਜਾਏ ਪੰਜਾਬੀਆਂ, ਸਿੱਖ ਕੌਮ ਅਤੇ ਬਾਹਰਲੇ ਮੁਲਕਾਂ ਵਿਚ ਸ. ਮਾਨ ਦੀ ਸਹੁੰ ਚੁੱਕਣ ਦੇ ਵਿਸ਼ੇ ਉਤੇ ਭੰਬਲਭੂਸਾ ਪਾਉਣ ਦੀ ਮੰਦਭਾਵਨਾ ਅਧੀਨ ਕੀਤੀ ਗਲਤ ਰਿਪੋਰਟ ਦੀ ਨਿਖੇਧੀ ਕਰਦੇ ਹੋਏ ਅਤੇ ਸਮੁੱਚੇ ਪੰਜਾਬੀਆਂ, ਸਿੱਖ ਕੌਮ, ਇੰਡੀਆ ਵਿਚ ਵੱਸਣ ਵਾਲੀਆ ਇਨਸਾਫ਼ ਪਸ਼ੰਦ ਕੌਮਾਂ, ਸਖਸ਼ੀਅਤਾਂ ਨੂੰ ਸੁਚੇਤ ਰਹਿਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਸ. ਟਿਵਾਣਾ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਕਿੰਨੀ ਸ਼ਰਮਨਾਕ ਗੱਲ ਹੈ ਕਿ ਜਿਨ੍ਹਾਂ 2% ਆਬਾਦੀ ਵਾਲਿਆ ਨੇ ਆਜ਼ਾਦੀ ਤੋਂ ਲੈਕੇ ਅੱਜ ਤੱਕ ਸਰਹੱਦਾਂ ਉਤੇ ਇਸ ਮੁਲਕ ਦੀ ਰੱਖਿਆ ਕਰਦੇ ਹੋਏ ਸ਼ਹਾਦਤਾਂ, ਕੁਰਬਾਨੀਆ ਦਿੱਤੀਆਂ ਅਤੇ ਜਿਨ੍ਹਾਂ ਦੇ ਗੁਰੂ ਸਾਹਿਬਾਨ ਨੇ ਗਵਾਲੀਅਰ ਦੇ ਕਿਲ੍ਹੇ ਵਿਚ ਬੰਦੀ ਹੁੰਦੇ ਹੋਏ ਛੇਵੀਂ ਪਾਤਸ਼ਾਹੀ ਨੇ ਆਪਣੇ ਨਾਲ ਰਿਹਾਈ ਸਮੇਂ 52 ਹਿੰਦੂਆਂ ਨੂੰ ਰਿਹਾਅ ਕਰਵਾਉਣ ਦੀ ਸ਼ਰਤ ਰੱਖਕੇ ਰਿਹਾਅ ਕਰਵਾਇਆ ਹੋਵੇ, ਜਿਨ੍ਹਾਂ ਹਿੰਦੂਆਂ ਦੇ ਸਵਾ-ਮਣ ਦੇ ਜਨੇਊ ਇਕੱਠੇ ਕਰਕੇ ਅਤੇ ਹਿੰਦੂਆਂ ਦਾ ਕਤਲੇਆਮ ਕਰਕੇ ਮੁਗਲ ਰਾਜੇ ਰੋਟੀ ਖਾਂਦੇ ਸਨ, ਉਨ੍ਹਾਂ ਹਿੰਦੂਆਂ ਦੇ ਧਰਮ ਅਤੇ ਉਨ੍ਹਾਂ ਦੇ ਜੀਵਨ ਦੀ ਰੱਖਿਆ ਕਰਨ ਹਿੱਤ ਸਾਡੇ ਨੌਵੀਂ ਪਾਤਸਾਹੀ ਸ੍ਰੀ ਗੁਰੂ ਤੇਗਬਹਾਦਰ ਸਾਹਿਬ ਨੇ ਮਨੁੱਖਤਾ ਲਈ ਦਿੱਲੀ ਦੇ ਚਾਂਦਨੀ ਚੌਕ ਵਿਚ ਸ਼ਹਾਦਤ ਦਿੱਤੀ ਹੋਵੇ, ਅੱਜ ਉਹ ਸਾਨੂੰ ਪੁੱਛ ਰਹੇ ਹਨ ਕਿ ਇੰਡੀਆ ਦੀ ਅਖੰਡਤਾ ਦੀ ਕੀ ਤੁਸੀ ਰਾਖੀ ਕਰੋਗੇ ? ਜਦੋਕਿ ਇਨ੍ਹਾਂ ਬਹੁਗਿਣਤੀ ਸੰਖਿਆ ਵਾਲੇ ਪਾਰਲੀਮੈਟ ਮੈਬਰਾਂ ਨੇ ਜੋ “ਮੈਂ ਰੱਬ ਦੇ ਨਾਂ ‘ਤੇ ਸਹੁੰ ਖਾਂਦਾ ਹਾਂ ਕਿ ਮੈਂ ਕਾਨੂੰਨ ਦੁਆਰਾ ਸਥਾਪਿਤ ਕੀਤੇ ਗਏ ਭਾਰਤ ਦੇ ਸੰਵਿਧਾਨ ਪ੍ਰਤੀ ਸੱਚੇ ਵਿਸ਼ਵਾਸ ਅਤੇ ਵਫਾਦਾਰ ਰਹਾਂਗਾ, ਕਿ ਮੈਂ ਭਾਰਤ ਦੀ ਪ੍ਰਭੂਸਤਾ ਤੇ ਅਖੰਡਤਾ ਨੂੰ ਬਰਕਰਾਰ ਰੱਖਾਂਗਾ” ਜੋ ਸਹੁੰ ਚੁੱਕੀ ਹੈ, ਇਨ੍ਹਾਂ ਸਭ ਮੈਬਰਾਂ ਨੇ 1962 ਅਤੇ 2020 ਵਿਚ ਕ੍ਰਮਵਾਰ 39,000 ਅਤੇ 900 ਸਕੇਅਰ ਵਰਗ ਕਿਲੋਮੀਟਰ ਲਦਾਖ ਦਾ ਉਹ ਇਲਾਕਾ ਜੋ ਖ਼ਾਲਸਾ ਰਾਜ ਦੀਆਂ ਫ਼ੌਜਾਂ ਨੇ 1834 ਵਿਚ ਫਤਹਿ ਕੀਤਾ ਸੀ, ਉਹ ਚੀਨ ਦੇ ਸਪੁਰਦ ਕਰ ਦਿੱਤੇ ਹਨ । ਜੋ ਅਸੀਂ 1819 ਵਿਚ ਮਹਾਰਾਜਾ ਰਣਜੀਤ ਸਿੰਘ ਦੇ ਲਾਹੌਰ ਖ਼ਾਲਸਾ ਰਾਜ ਦਰਬਾਰ ਦੀਆਂ ਫ਼ੌਜਾਂ ਨੇ ਪੂਰੇ ਅਫਗਾਨਿਸਤਾਨ ਅਤੇ ਉਸਦੇ ਕਸ਼ਮੀਰ ਸੂਬੇ ਨੂੰ ਫਤਹਿ ਕਰਕੇ ਆਪਣੇ ਰਾਜ ਵਿਚ ਸਾਮਿਲ ਕੀਤਾ ਸੀ, ਉਹ ਇਨ੍ਹਾਂ ਨੇ ਅੱਧਾ ਕਸ਼ਮੀਰ ਪਾਕਿਸਤਾਨ ਨੂੰ ਦੇ ਦਿੱਤਾ ਹੈ, ਇਹ ਸਾਨੂੰ ‘ਅਖੰਡਤਾ’ ਦੀ ਗੱਲ ਕਰ ਰਹੇ ਹਨ ? ਇਹ ਹੁਣ ਦੱਸਣ ਕਿ ਅਖੰਡਤਾ ਦੀ ਰਾਖੀ ਸਿੱਖ ਕੌਮ ਹੈ ਜਾਂ ਇਹ ਪਾਰਲੀਮੈਂਟ ਵਿਚ ਬਹੁਗਿਣਤੀ ਵਿਚ ਬੈਠੇ ਪਾਰਲੀਮੈਂਟ ਮੈਂਬਰ ?
ਸ. ਟਿਵਾਣਾ ਨੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਪੰਜਾਬ ਸੂਬੇ ਅਤੇ ਸਿੱਖ ਕੌਮ ਦੀ ਸਹੀ ਦਿਸ਼ਾ ਵੱਲ ਨੁਮਾਇੰਦਗੀ ਕਰਨ ਵਾਲੀ ਜਥੇਬੰਦੀ ਅਤੇ ਸ. ਸਿਮਰਨਜੀਤ ਸਿੰਘ ਮਾਨ ਮੈਂਬਰ ਪਾਰਲੀਮੈਟ ਦੇ ਬਿਨ੍ਹਾਂ ਤੇ ਸਮੁੱਚੇ ਇੰਡੀਅਨ ਨਿਵਾਸੀਆ, ਧਰਮਾਂ, ਕੌਮਾਂ, ਕਬੀਲਿਆਂ, ਫਿਰਕਿਆਂ ਅਤੇ ਸੌੜੀ ਸੋਚ ਰੱਖਣ ਵਾਲਿਆਂ ਨੂੰ ਸਪੱਸ਼ਟ ਕੀਤਾ ਕਿ ਜੇਕਰ ਮੋਦੀ ਹਕੂਮਤ ਵਾਲੇ ਆਗੂ ਸ. ਸਿਮਰਨਜੀਤ ਸਿੰਘ ਮਾਨ ਦੇ ਵਿਧਾਨਿਕ ਹੱਕਾ ਨੂੰ ਪ੍ਰਦਾਨ ਕਰਦੇ ਹੋਏ 3 ਫੁੱਟੀ ਕਿਰਪਾਨ ਪਹਿਨਕੇ ਜਾਂ ਫੜਕੇ ਅੰਦਰ ਜਾਣ ਦੀ ਪ੍ਰਵਾਨਗੀ ਦੇਣਗੇ ਤਾਂ ਇਹ ਸਾਡੇ ਵਿਧਾਨਿਕ ਹੱਕ ਦੀ ਪੂਰਤੀ ਹੋਵੇਗੀ, ਜੇਕਰ ਉਹ ਮੰਦਭਾਵਨਾ ਅਧੀਨ ਸਾਡੇ ਸਰਬੱਤ ਦਾ ਭਲਾ ਚਾਹੁੰਣ ਵਾਲੇ ਸਿੱਖ ਧਰਮ ਦੇ ਚਿੰਨ੍ਹ ਕਿਰਪਾਨ ਨੂੰ ਅੰਦਰ ਲਿਜਾਣ ਤੋ ਜ਼ਬਰੀ ਰੋਕ ਕੇ ਸ. ਮਾਨ ਦੇ ਵਿਧਾਨਿਕ ਹੱਕ ਨੂੰ ਕੁੱਚਲਦੇ ਹਨ, ਤਾਂ ਇਹ ਕੌਮਾਂਤਰੀ ਪੱਧਰ ਤੇ ਇਥੋ ਦੇ ਹੁਕਮਰਾਨਾਂ ਦਾ ਇਕ ਵਾਰੀ ਫਿਰ ਸਿੱਖ ਕੌਮ ਨਾਲ ਵਿਧਾਨਿਕ ਤੌਰ ਤੇ ਜਿਆਦਤੀ ਕਰਨ ਦੀ ਆਵਾਜ ਉੱਠੇਗੀ । ਲੇਕਿਨ ਅਸੀਂ ਪੰਜਾਬੀਆਂ ਅਤੇ ਸਿੱਖ ਕੌਮ ਦੀਆਂ ਭਾਵਨਾਵਾ ਅਨੁਸਾਰ ਹਰ ਕੀਮਤ ਤੇ ਪਾਰਲੀਮੈਂਟ ਦੀ ਸਹੁੰ ਜ਼ਰੂਰ ਚੁੱਕਾਂਗੇ । ਪੰਜਾਬੀਆਂ ਅਤੇ ਸਿੱਖ ਕੌਮ ਨਾਲ ਲੰਮੇ ਸਮੇਂ ਤੋ ਹੁੰਦੀਆ ਆ ਰਹੀਆ ਬੇਇਨਸਾਫ਼ੀਆਂ, ਜ਼ਬਰ ਜੁਲਮ ਦੀ ਆਵਾਜ਼ ਸਹੁੰ ਚੁੱਕਣ ਉਪਰੰਤ ਪਾਰਲੀਮੈਂਟ ਵਿਚ ਨਿਰੰਤਰ ਉਠਾਉਦੇ ਰਹਾਂਗੇ ਅਤੇ ਇਨ੍ਹਾਂ ਦੇ ਮੰਦਭਾਵਨਾ ਭਰੇ ਮਨਸੂਬਿਆਂ ਨੂੰ ਕਦੀ ਵੀ ਸਫਲ ਨਹੀ ਹੋਣ ਦੇਵਾਂਗੇ ।
ਵੀਡੀਓ ਲਈ ਕਲਿੱਕ ਕਰੋ -: