ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਰਹੇ ਭਰਤਇੰਦਰ ਸਿੰਘ ਚਹਿਲ ਨੂੰ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿਚ ਪਟਿਆਲਾ ਵਿਜੀਲੈਂਸ ਨੇ ਤਲਬ ਕੀਤਾ ਹੈ। ਚਹਿਲ ਨੂੰ ਸੰਮਨ ਭੇਜ ਕੇ 10 ਮਾਰਚ ਨੂੰ ਪਟਿਆਲਾ ਰੇਂਜ ਦੇ ਐੱਸਐੱਸਪੀ ਜਗਤਪ੍ਰੀਤ ਸਿੰਘ ਦੇ ਦਫਤਰ ਪਹੁੰਚਣ ਨੂੰ ਕਿਹਾ ਗਿਆ ਹੈ। ਵਿਜੀਲੈਂਸ ਦੀ ਟੀਮ ਚਹਿਲ ਦੀ ਪਟਿਆਲਾ ਦੇ ਤਵਕੱਲੀ ਮੋੜ ਸਥਿਤ ਕੋਠੀ ਵੀ ਗਈ ਸੀ ਜਿਥੇ ਉਹ ਮਿਲੇ ਨਹੀਂ ਸਨ। ਵਿਜੀਲੈਂਸ ਨੇ ਚਹਿਲ ਨੂੰ ਵ੍ਹਟਸਐਪ ਰਾਹੀਂ ਸੰਮਨ ਭੇਜਿਆ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਾਲ 2008 ਵਿਚ ਪੰਜਾਬ ਵਿਚ ਅਕਾਲੀ-ਭਾਜਪਾ ਗਠਜੋੜ ਸਰਕਾਰ ਦੇ ਕਾਰਜਕਾਲ ਵਿਚ ਵੀ ਚਹਿਲ ਖਿਲਾਫ ਭ੍ਰਿਸ਼ਟਾਚਾਰ ਦੇ ਦੋਸ਼ ਵਿਚ ਕੇਸ ਦਰਜ ਕੀਤਾ ਗਿਆ ਸੀ। ਬਾਅਦ ਵਿਚ ਸਾਲ 2016 ਵਿਚ ਪਟਿਆਲਾ ਦੀ ਇਕ ਸਥਾਨਕ ਅਦਾਲਤ ਨੇ ਚਹਿਲ ਨੂੰ ਇਸ ਕੇਸ ਵਿਚ ਬਰੀ ਕਰ ਦਿੱਤਾ ਸੀ। ਇਸ ਸਬੰਧੀ ਡੀਐੱਸਪੀ ਵਿਜੀਲੈਂਸ ਸਤਪਾਲ ਸ਼ਰਮਾ ਨੂੰ ਫੋਨ ਕਰਕੇ ਸੰਪਰਕ ਕੀਤਾ ਗਿਆ ਪਰ ਉਨ੍ਹਾਂ ਨੇ ਕੁਝ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।
ਇਹ ਵੀ ਪੜ੍ਹੋ : ਹੋਲੇ ਮਹੱਲੇ ‘ਚ ਨੌਜਵਾਨ ਦਾ ਕਤ.ਲ, ਕੈਨੇਡਾ ਦਾ ਪੀ.ਆਰ ਸੀ ਮ੍ਰਿਤਕ, ਮੁਲਜ਼ਮ ਦੀ ਹੋਈ ਪਛਾਣ
ਚਹਿਲ ਦਾ ਪਟਿਆਲਾ ਦੇ ਨੇੜੇ ਸਰਹਿੰਦ ਰੋਡ ‘ਤੇ ਇਕ ਆਲੀਸ਼ਾਨ ਮੈਰਿਜ ਪੈਲੇਸ ਹੈ। ਇਸ ਤੋਂ ਇਲਾਵਾ ਪਟਿਆਲਾ ਵਿਚ ਚਹਿਲ ਦਾ ਇਕ ਸ਼ਾਪਿੰਗ ਕੰਪਲੈਕਸ ਵੀ ਹੈ। ਦਸੰਬਰ 2022 ਵਿਚ ਵਿਜੀਲੈਂਸ ਨੇ ਚਹਿਲ ਦੀਆਂ ਜਾਇਦਾਦਾਂ ‘ਤੇ ਛਾਪਾ ਮਾਰਿਆ ਸੀ। ਇਸ ਦੌਰਾਨ ਚਹਿਲ ਦੀਆਂ ਜਾਇਦਾਦਾਂ ਦਾ ਮੁਲਾਂਕਣ ਕੀਤਾ ਗਿਆ ਸੀ। ਨਾਲ ਹੀ ਇਨ੍ਹਾਂ ਜਾਇਦਾਦਾਂ ਦੇ ਦਸਤਾਵੇਜ਼ਾਂ ਦੀ ਵੀ ਜਾਂਚ ਕੀਤੀ ਗਈ ਸੀ। ਪੰਜਾਬ ਵਿਚ ਕਾਂਗਰਸ ਦੀ ਸਰਕਾਰ ਵਿਚ ਚਹਿਲ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਰ ਸਿੰਘ ਦੇ 2002 ਤੋਂ 2007 ਤੱਕ ਮੀਡੀਆ ਸਲਾਹਕਾਰ ਰਹੇ ਹਨ। ਕਾਂਗਰਸ ਦੀ ਸਰਕਾਰ ਵਿਚ ਹੀ 2017 ਤੋਂ 2021 ਤੱਕ ਭਰਤਇੰਦਰ ਸਿੰਘ ਨੂੰ ਕੈਬਨਿਟ ਰੈਂਕ ਮਿਲੀ ਸੀ।
ਵੀਡੀਓ ਲਈ ਕਲਿੱਕ ਕਰੋ -: