ਸੂਡਾਨ ਵਿਚ ਜਾਰੀ 72 ਘੰਟਿਆਂ ਦੀ ਜੰਗਬੰਦੀ ਵਿਚ ਇਕ ਹੋਰ ਚੰਗੀ ਖਬਰ ਸਾਹਮਣੇ ਆਈ ਹੈ। ਦਰਅਸਲ ਸੂਡਾਨ ਦੀ ਆਰਮਡ ਫੋਰਸਿਸ ਨੇ ਹੋਰ 72 ਘੰਟਿਆਂ ਲਈ ਜੰਗਬੰਦੀ ਨੂੰ ਵਧਾਉਣ ਦਾ ਐਲਾਨ ਕਰ ਦਿੱਤਾ ਹੈ। ਇਸ ਐਲਾਨ ਨਾਲ ਉਥੋਂ ਕੱਢੇ ਜਾ ਰਹੇ ਵਿਦੇਸ਼ੀ ਨਾਗਰਿਕਾਂ ਨੂੰ ਕੱਢਣਾ ਆਸਾਨ ਹੋ ਜਾਵੇਗਾ ਜਿਨ੍ਹਾਂ ਵਿਚ ਭਾਰਤੀ ਵੀ ਸ਼ਾਮਲ ਹਨ। ਦੱਸ ਦੇਈਏ ਕਿ ਸੂਡਾਨ ਦੀ ਰਾਜਧਾਨੀ ਖਾਰਤੂਮ ਤੇ ਪੱਛਮੀ ਦਾਫੁਰ ਇਲਾਕੇ ਵਿਚ ਫੌਜ ਤੇ ਰੈਪਿਡ ਸਪੋਰਟ ਫੋਰਸਿਸ ਵਿਚ ਲੜਾਈ ਛਿੜੀ ਹੋਈ ਹੈ।
ਸੂਡਾਨੀ ਫੌਜ ਨੇ ਬੀਤੀ ਰਾਤ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਹ ਹੋਰ ਅਗਲੇ 72 ਘੰਟਿਆਂ ਲਈ ਜੰਗਬੰਦੀ ਨੂੰ ਵਧਾ ਰਹੇ ਹਨ। ਫੌਜ ਨੇ ਕਿਹਾ ਕਿ ਸਾਊਦੀ ਅਰਬ ਅਤੇ ਅਮਰੀਕਾ ਨੇ ਇਸ ਲਈ ਵਿਚੋਲਗੀ ਕੀਤੀ ਹੈ। ਦੂਜੇ ਪਾਸੇ ਰੈਪਿਡ ਸਪੋਰਟਸ ਫੋਰਸਿਸ ਨੇ ਕਿਹਾ ਕਿ ਉਹ ਵੀ ਜੰਗਬੰਦੀ ਵਧਾਉਣ ਦਾ ਸਮਰਥਨ ਕਰਦੇ ਹਨ ਤੇ ਅਮਰੀਕਾ, ਸਾਊਦੀ ਅਰਬ, ਨਾਰਵੇ, ਬ੍ਰਿਟੇਨ ਤੇ ਯੂਏਈ ਨੇ ਇਸ ਦਾ ਪ੍ਰਸਤਾਵ ਦਿੱਤਾ ਸੀ।
ਸੂਡਾਨ ਵਿਚ ਜੰਗਬੰਦੀ ਨੂੰ ਵਧਾਉਣ ਵਿਚ ਜਿਹੜੇ ਦੇਸ਼ਾਂ ਨੇ ਵਿਚੋਲਗੀ ਕੀਤੀ ਹੈ ਉਨ੍ਹਾਂ ਵਿਚ ਟ੍ਰਾਇਲੇਟਰਲ ਮੈਕੇਨੀਜ਼ਮ ਤੇ ਕਵਾਡ ਦੇ ਦੇਸ਼ ਸ਼ਾਮਲ ਹਨ। ਟ੍ਰਾਇਲੇਟਰਲ ਮੈਕਨਿਜ਼ਮ ਵਿਚ ਅਫਰੀਕਨ ਯੂਨੀਅਨ, ਸੰਯੁਕਤ ਰਾਸ਼ਟਰ ਦੇ ਇੰਟਰਗਵਰਮੈਂਟਲ ਅਥਾਰਟੀ ਆਨ ਡਿਵੈਲਪਮੈਂਟ ਸ਼ਾਮਲ ਹੈ। ਕਵਾਡ ਵਿਚ ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ ਬ੍ਰਿਟੇਨ, ਅਮਰੀਕਾ ਵਰਗੇ ਦੇਸ਼ ਸੂਡਾਨ ਵਿਚ ਜੰਗਬੰਦੀ ਲਈ ਵਿਚੋਲਗੀ ਕਰ ਰਹੇ ਹਨ। ਅਮਰੀਕਾ ਦੇ ਵਿਦੇਸ਼ ਮੰਤਰਾਲੇ ਨੇ ਬਿਆਨ ਜਾਰੀ ਕਰਕੇ ਸੂਡਾਨ ਵਿਚ ਜੰਗਬੰਦੀ ਵਧਾਉਣ ਦੀ ਪੁਸ਼ਟੀ ਕੀਤੀ ਹੈ।
ਸੂਡਾਨ ਵਿਚ ਜੰਗਬੰਦੀ ਵਧਣ ਨਾਲ ਭਾਰਤੀਆਂ ਨੂੰ ਸੂਡਾਨ ਤੋਂ ਕੱਢਣ ਲਈ ਚਲਾਏ ਜਾ ਰਹੇ ਆਪ੍ਰੇਸ਼ਨ ਕਾਵੇਰੀ ਤਹਿਤ ਰਾਹਤ ਭਰੀ ਖਬਰ ਹੈ। ਸੂਡਾਨ ਤੋਂ ਹੁਣ ਤੱਕ ਭਾਰਤੀਆਂ ਵਿਚ 8 ਬੈਚ ਸੁਰੱਖਿਅਤ ਕੱਢੇ ਜਾ ਚੁੱਕੇ ਹਨ ਤੇ ਜਲਦ ਹੀ ਸਾਰੇ ਭਾਰਤੀਆਂ ਨੂੰ ਸੂਡਾਨ ਤੋਂ ਸੁਰੱਖਿਅਤ ਕੱਢਣ ਦਾ ਕੰਮ ਪੂਰਾ ਹੋ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: