ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੱਜ ਪ੍ਰੈੱਸ ਕਾਨਫਰੰਸ ਕਰਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ‘ਤੇ ਨਿਸ਼ਾਨਾ ਵਿੰਨ੍ਹਿਆ। ਮਜੀਠੀਆ ਨੇ ਕਿਹਾ ਕਿ ਮੈਨੂੰ ਚੋਣ ਲੜਨ ਤੋਂ ਰੋਕਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇੰਨਾ ਹੀ ਨਹੀਂ ਮੇਰੇ ਪਰਿਵਾਰ ਨੂੰ ਵੀ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੋ ਕਾਨੂੰਨਾਂ ‘ਤੇ ਚੱਲ ਰਹੀ ਹੈ। ਮਜੀਠੀਆ ਲਈ ਕਾਨੂੰਨ ਵੱਖਰਾ ਤੇ ਦੂਸਰਿਆਂ ਲਈ ਵੱਖਰਾ। ਉਨ੍ਹਾਂ ਕਿਹਾ ਕਿ ਚੰਨੀ ਸਰਕਾਰ ਨੇ ਸੰਵਿਧਾਨ ਦਾ ਮਜ਼ਾਕ ਬਣਾ ਕੇ ਰੱਖ ਦਿੱਤਾ ਹੈ।
ਮਜੀਠੀਆ ਨੇ ਕਿਹਾ ਕਿ ਸੰਵਿਧਾਨ ਸਾਰਿਆਂ ਲਈ ਬਰਾਬਰ ਹੈ, ਪਰ ਕਾਂਗਰਸ ਨੇ ਇਸ ਦਾ ਮਜ਼ਾਕ ਬਣਾਇਆ ਹੋਇਆ ਹੈ। ਉਨ੍ਹਾਂ ਮੁੱਖ ਮੰਤਰੀ ਨੂੰ ਸਵਾਲ ਕੀਤਾ ਕਿ ਕੀ ਉਨ੍ਹਾਂ ਲਈ ਅਤੇ ਸੁਖਪਾਲ ਸਿੰਘ ਖਹਿਰਾ ਵਰਗੇ ਆਗੂਆਂ ਲਈ ਕਾਨੂੰਨ ਵੱਖਰਾ ਹੈ। ਮਜੀਠੀਆ ਨੇ ਦੋਸ਼ ਲਾਏ ਕਿ “ਖਹਿਰਾ ਨੂੰ ਅਦਾਲਤ ਨੇ ਤਲਬ ਕੀਤਾ ਸੀ, ਫਿਰ ਵੀ ਉਨ੍ਹਾਂ ਵਿਰੁੱਧ ਕੋਈ ਛਾਪੇਮਾਰੀ ਨਹੀਂ ਕੀਤੀ ਗਈ। ਇਸੇ ਤਰ੍ਹਾਂ ਸਿਮਰਜੀਤ ਸਿੰਘ ਬੈਂਸ ‘ਤੇ ਬਲਾਤਕਾਰ ਦੇ ਦੋਸ਼ ਲੱਗੇ ਹਨ ਅਤੇ ਉਸ ਵਿਰੁੱਧ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਗਿਆ ਸੀ, ਫਿਰ ਵੀ ਉਸ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ। ਪੁਲਿਸ ਉਸ ਨੂੰ ਗ੍ਰਿਫਤਾਰ ਨਹੀਂ ਕਰ ਰਹੀ।
ਉਨ੍ਹਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਗੰਦੀ ਰਾਜਨੀਤੀ ਕਰ ਰਹੀ ਹੈ। ਸੁਖਪਾਲ ਖਹਿਰਾ ਨੂੰ ਟਿਕਟ ਅਲਾਟ ਕੀਤੀ ਗਈ ਹੈ ਅਤੇ ਉਹ ਅਧਿਕਾਰਤ ਉਮੀਦਵਾਰ ਹਨ। ਇਸੇ ਤਰ੍ਹਾਂ ਸਿੱਧੂ ਮੂਸੇਵਾਲਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਬਾਅਦ ਵਿੱਚ ਰਿਹਾਅ ਕਰ ਦਿੱਤਾ ਗਿਆ। ਵੀਡੀਓ ਵਿੱਚ ਸਪੱਸ਼ਟ ਤੌਰ ‘ਤੇ ਉਸ ਨੂੰ ਏ.ਕੇ. 47 ਅਤੇ ਉਸ ਦੇ ਨਾਲ ਖੜ੍ਹੇ ਪੁਲਿਸ ਅਧਿਕਾਰੀਆਂ ਨੂੰ ਗੋਲੀਬਾਰੀ ਕਰਦੇ ਹੋਏ ਦਿਖਾਇਆ ਗਿਆ ਸੀ, ਪਰ ਉਸਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ।” ਉਨ੍ਹਾਂ ਆਪਣੇ ਕੇਸ ਦਾ ਜ਼ਿਕਰ ਕਰਦਿਆਂ ਦੋਸ਼ ਲਾਇਆ ਕਿ ਕਾਂਗਰਸ ਇੱਕੋ ਜਿਹੇ ਅਪਰਾਧ ਲਈ ਵੱਖ-ਵੱਖ ਕਾਨੂੰਨ ਅਪਣਾ ਰਹੀ ਹੈ।
ਅਕਾਲੀ ਆਗੂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਤੀਜੇ ਭੁਪਿੰਦਰ ਸਿੰਘ ਹਨੀ ਖ਼ਿਲਾਫ ਈਡੀ ਦੇ ਛਾਪਿਆਂ ਨੂੰ ਜਾਇਜ਼ ਠਹਿਰਾਉਣ ਲਈ ਪੰਜਾਬ ਸਰਕਾਰ ਦੀ ਵੀ ਅਲੋਚਨਾ ਕੀਤੀ। ਉਨ੍ਹਾਂ ਮੁੱਖ ਮੰਤਰੀ ਚੰਨੀ ਦਾ ਜ਼ਿਕਰ ਕਰਦਿਆਂ ਕਿਹਾ, “ਤੁਹਾਡਾ ਭਤੀਜਾ 10 ਕਰੋੜ ਰੁਪਏ, 12 ਲੱਖ ਰੁਪਏ ਦੀਆਂ ਘੜੀਆਂ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਨਾਲ ਰੰਗੇ ਹੱਥੀਂ ਫੜਿਆ ਗਿਆ ਹੈ, ਪਰ ਫਿਰ ਵੀ ਤੁਸੀਂ ਇਸ ਨੂੰ ਜਾਇਜ਼ ਠਹਿਰਾ ਰਹੇ ਹੋ ਅਤੇ ਇਸ ਨੂੰ ਸਿਆਸੀ ਬਦਲਾਖੋਰੀ ਕਹਿ ਰਹੇ ਹੋ।”
ਪੰਜਾਬ ਦੇ ਸਾਬਕਾ ਡੀਜੀਪੀ ਸਿਧਾਰਥ ਚਟੋਪਾਧਿਆਏ ਦੇ ਬਰਖ਼ਾਸਤ ਪੁਲਿਸ ਸਿਪਾਹੀ ਸਰਬਜੀਤ ਸਿੰਘ, ਜੋ ਭਗੌੜਾ ਅਪਰਾਧੀ (ਪੀਓ) ਹੈ, ਦੇ ਨਾਲ ਆਡੀਓ ਟੇਪਾਂ ਦਾ ਹਵਾਲਾ ਦਿੰਦੇ ਹੋਏ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਸਰਕਾਰ ਨੂੰ ਪੁੱਛਿਆ ਕਿ ਕੀ ਉਨ੍ਹਾਂ ਦਾ ਕਾਨੂੰਨ ਇਨ੍ਹਾਂ ਅਧਿਕਾਰੀਆਂ ਦੇ ਹੱਕ ਵਿੱਚ ਹੈ? ਚਟੋਪਾਧਿਆਏ ਤੇ ਸਰਬਜੀਤ ਫਰਜ਼ੀ ਮੁਕਾਬਲਿਆਂ, ਗੈਰ-ਕਾਨੂੰਨੀ ਕੈਦ ਅਤੇ ਬੰਬ ਆਦਿ ਬਾਰੇ ਚਰਚਾ ਕਰ ਰਹੇ ਸਨ।
ਵੀਡੀਓ ਲਈ ਕਲਿੱਕ ਕਰੋ -:
“ਕੀ ਭਗਵੰਤ ਮਾਨ AAP ਦੀ ਬੇੜੀ ਲਾ ਸਕਣਗੇ ਪਾਰ ? ਭਗਵੰਤ ਮਾਨ ‘ਤੇ ਆਪ ਨੇ ਕਿਉਂ ਖੇਡਿਆ ਦਾਅ ? ਕੀ ਹੋਵੇਗਾ ਆਮ ਆਦਮੀ ਪਾਰਟੀ ਨੂੰ ਫਾਇਦਾ ? “
ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਆਡੀਓ ਟੇਪਾਂ ਬਰਾਮਦ ਕੀਤੀਆਂ ਗਈਆਂ ਹਨ ਪਰ ਅਜੇ ਤੱਕ ਉਨ੍ਹਾਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਉਨ੍ਹਾਂ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਹਰਪ੍ਰੀਤ ਸਿੱਧੂ, ਪੰਜਾਬ ਦੇ ਡੀਜੀਪੀ, ਉਨ੍ਹਾਂ ਦੇ ਗੰਨਮੈਨਾਂ ਦੇ ਸੀਸੀਟੀਵੀ ਅਤੇ ਫ਼ੋਨ ਰਿਕਾਰਡਿੰਗ ਜ਼ਬਤ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਇਸ ਤੋਂ ਬਹੁਤ ਸਾਰੀਆਂ ਚੀਜ਼ਾਂ ਸਾਹਮਣੇ ਆਉਣਗੀਆਂ।