CM ਚਰਨਜੀਤ ਸਿੰਘ ਚੰਨੀ ਵੱਲੋਂ ਅੱਜ 3 ਰੁਪਏ ਪ੍ਰਤੀ ਯੂਨਿਟ ਸਸਤੀ ਬਿਜਲੀ ਨੂੰ ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਰਾਘਵ ਚੱਢਾ ਨੇ ਡਰਾਮੇਬਾਜ਼ੀ ਦੱਸਿਆ। ਉਨ੍ਹਾਂ ਕਿਹਾ ਕਿ ਇਹ ਸਭ ਕੁਝ ਚੁਣਾਵੀ ਸਟੰਟ ਹੈ ਤੇ ਸਸਤੀ ਬਿਜਲੀ ਦਾ ਐਲਾਨ ਸਿਰਫ ਅਗਲੇ 2-3 ਮਹੀਨਿਆਂ ਲਈ ਹੀ ਕੀਤਾ ਗਿਆ ਹੈ ਤੇ ਫਿਰ ਤੋਂ ਬਿਜਲੀ ਮਹਿੰਗੀ ਕਰ ਦਿੱਤੀ ਜਾਵੇਗੀ।
ਆਪ ਆਗੂ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਵੱਲੋਂ ਪੰਜਾਬ ਦੇ ਜਨਤਾ ਨੂੰ ਵੱਡੀਆਂ ਸੌਗਾਤਾਂ ਦਿੱਤੀਆਂ ਗਈਆਂ ਜਿਸ ਵਿਚ ਮੁਲਾਜ਼ਮਾਂ ਨੂੰ 11 ਫੀਸਦੀ ਡੀ. ਏ. ਪੀ. ਵਿਚ ਵਾਧਾ ਤੇ ਸਸਤੀ ਬਿਜਲੀ ਦੇ ਲਾਲੀਪੌਪ ਵੰਡੇ ਗਏ। ਚੱਢਾ ਨੇ ਕਿਹਾ ਕਿ ਇਹ ਸਭ ਲੋਕ ਲੁਭਾਊ ਐਲਾਨ ਹਨ ਤੇ ਜਨਤਾ ਨੂੰ ਚਾਹੀਦਾ ਹੈ ਕਿ ਉਹ ਸਰਕਾਰ ਦੇ ਇਨ੍ਹਾਂ ਝਾਂਸਿਆਂ ਵਿਚ ਨਾ ਫਸਣ। ਕਾਂਗਰਸ ਸਰਕਾਰ ਵੱਲੋਂ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾ ਕੇ ਭ੍ਰਿਸ਼ਟ ਸਰਕਾਰ ਦੇ ਦਾਗ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਪੌਣੇ ਪੰਜ ਸਾਲ ਭਲਾਈ ਦਾ ਕੋਈ ਕੰਮ ਨਹੀਂ ਕੀਤਾ ਤੇ ਹੁਣ ਜਦੋਂ ਕਿ ਚੋਣਾਂ ਨੂੰ ਕੁਝ ਹੀ ਸਮਾਂ ਬਾਕੀ ਹੈ ਤਾਂ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ।
ਰਾਘਵ ਚੱਢਾ ਨੇ ਕਾਂਗਰਸ ਨੂੰ ਚੈਲੰਜ ਕੀਤਾ ਤੇ ਕਿਹਾ ਕਿ ਜੇਕਰ ਸਰਕਾਰ ਇਹ ਸਾਬਤ ਕਰਨਾ ਚਾਹੁੰਦੀ ਹੈ ਕਿ ਉਨ੍ਹਾਂ ਵੱਲੋਂ ਕੀਤੇ ਗਏ ਐਲਾਨ ਚੁਣਾਵੀ ਸਟੰਟ ਨਹੀਂ ਹਨ ਤਾਂ ਕਾਂਗਰਸ ਸ਼ਾਸਿਤ ਰਾਜਸਥਾਨ, ਛੱਤੀਸ਼ਗੜ੍ਹ, ਅਤੇ ਮਹਾਂਰਾਸ਼ਟਰ ਵਿੱਚ ਵੀ ਬਿਜਲੀ ਸਸਤੀ ਕਰ ਕੇ ਦਿਖਾਵੇ। ਚੰਨੀ ‘ਤੇ ਤੰਜ ਕੱਸਦਿਆਂ ਆਪ ਆਗੂ ਨੇ ਕਿਹਾ ਕਿ ਮੁੱਖ ਮੰਤਰੀ ਜੀ ਨੂੰ ਤਾਂ ਸਿਰਫ ਫੋਟੋਆਂ ਖਿਚਵਾਉਣ ਦਾ ਹੀ ਸ਼ੌਕ ਲੱਗਦਾ ਹੈ। ਕਦੇ ਉਹ ਭੰਗੜਾ ਪਾਉਂਦੇ ਫੋਟੋਆਂ ਖਿਚਵਾਉਂਦੇ ਹਨ ਤੇ ਕਦੇ ਉਹ ਗੋਲਪੀਕਰ ਦੀ ਪੌਸ਼ਾਕ ਪਾ ਕੇ ਹਾਕੀ ਦੇ ਮੈਦਾਨ ਵਿਚ ਉਤਰਦੇ ਦੇਖੇ ਜਾਂਦੇ ਹਨ ਪਰ ਮੇਰੀ ਉਨ੍ਹਾਂ ਨੂੰ ਨਸੀਹਤ ਹੈ ਕਿ ਫੋਟੋਆਂ ਖਿਚਵਾਉਣ ਦੀ ਬਜਾਏ ਕੰਮ ਵੱਲ ਧਿਆਨ ਦੇਣ ਕਿਉਂਕਿ ਪੰਜਾਬ ਵਿਚ ਬਹੁਤ ਸਾਰੇ ਨੌਜਵਾਨ ਬੇਰੋਜ਼ਗਾਰ ਹਨ ਤੇ ਸੂਬੇ ‘ਤੇ ਲਗਭਗ 3 ਲੱਖ ਕਰੋੜ ਦਾ ਕਰਜ਼ਾ ਹੈ। ਇਸ ਲਈ ਸਰਕਾਰ ਨੂੰ ਫੋਕੇ ਵਾਅਦਿਆਂ ਨੂੰ ਲਾਂਭੇ ਕਰਕੇ ਕੰਮ ਵੱਲ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ।
ਵੀਡੀਓ ਲਈ ਕਲਿੱਕ ਕਰੋ -:
Atta Burfi Recipe | ਦੁੱਧ ਅਤੇ ਖੋਏ ਤੋਂ ਬਿਨਾਂ ਆਟਾ ਬਰਫੀ | Wheat Flour Burfi | Diwali Special Desserts
ਅਸਲ ਵਿਚ ਚੰਨੀ ਸਾਬ੍ਹ ਆਮ ਆਦਮੀ ਪਾਰਟੀ ਵੱਲੋਂ ਬਿਜਲੀ ਗਾਰੰਟੀ ਨੂੰ ਹਜ਼ਮ ਨਹੀਂ ਕਰ ਸਕੀ, ਇਸੇ ਲਈ ਝੂਠ ਤੇ ਫਰੇਬ ਨਾਲ ਲੋਕਾਂ ਦਾ ਧਿਆਨ ਪਾਰਟੀ ਵੱਲ ਖਿੱਚਣਾ ਚਾਹੁੰਦੇ ਹਨ ਪਰ ਇਸ ਦੇ ਬਾਵਜੂਦ ਆਮ ਆਦਮੀ ਪਾਰਟੀ ਪੰਜਾਬ ਵਿੱਚ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ। ਲੋਕਾਂ ਦੀ ਜ਼ੁਬਾਨ ’ਤੇ ਇੱਕ ਹੀ ਨਾਂਅ ਹੈ ਕਿ ਪੰਜਾਬ ਵਿੱਚ 2022 ਦੀਆਂ ਚੋਣਾਂ ਵਿੱਚ ਅਰਵਿੰਦ ਕੇਜਰੀਵਾਲ ਦੀ ਸਰਕਾਰ ਬਣੇਗੀ।