ਫਾਜ਼ਿਲਕਾ : ਵਿਧਾਨ ਸਭਾ ਚੋਣਾਂ ਦੇ ਨੇੜੇ ਆਉਂਦੇ ਸਮੇਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਫਾਜ਼ਿਲਕਾ ਪਹੁੰਚੇ। ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਗਲੀ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਇਕ ਜਾਂਚ ਕਮਿਸ਼ਨ ਬਣਾ ਕੇ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਆਪਣੇ ਸਿਆਸੀ ਵਿਰੋਧੀਆਂ ਦੇ ਖਿਲਾਫ ਸਿਆਸੀ ਬਦਲਾਖੋਰੀ ਤਹਿਤ ਦਰਜ ਕਰਵਾਏ ਸਾਰੇ ਕੇਸਾਂ ਦੀ ਜਾਂਚ ਕਰਾਏਗੀ ਅਤੇ ਨਿਰਦੋਸ਼ ਲੋਕਾਂ ਨੂੰ ਝੂਠੇ ਕੇਸਾਂ ਵਿਚ ਫਸਾਉਣ ਲਈ ਜ਼ਿੰਮੇਵਾਰ ਸਾਰੇ ਲੋਕਾਂ ਖਿਲਾਫ ਕਾਰਵਾਈ ਕਰੇਗੀ।
ਅਬੋਹਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਤੁਰੰਤ ਬਰਖ਼ਾਸਤ ਕਰਨ ਦੀ ਮੰਗ ਵੀ ਕੀਤੀ। ਉਹਨਾਂ ਕਿਹਾ ਕਿ ਮੁੱਖ ਮੰਤਰੀ ਦੇ ਭਾਣਜੇ ਨੇ ਕਬੂਲ ਲਿਆ ਹੈ ਕਿ ਉਸ ਕੋਲੋਂ ਬਰਾਮਦ ਹੋਏ 11 ਕਰੋੜ ਰੁਪਏ ਰੇਤ ਮਾਫੀਆ ਤੋਂ ਮਿਲੇ ਹਿੱਸੇ ਅਤੇ ਤਬਾਦਲੇ ਤੇ ਤਾਇਨਾਤੀਆਂ ਬਦਲੇ ਲਏ ਪੈਸੇ ਸਨ।
ਉਹਨਾਂ ਕਿਹਾ ਕਿ ਇਕ ਮੁੱਖ ਮੰਤਰੀ ਜਿਸਨੇ ਤਾਇਨਾਤੀਆਂ ਤੇ ਤਬਾਦਲਿਆਂ ਵਾਸਤੇ ਪੈਸੇ ਲਏ ਹੋਣ ਉਸਨੂੰ ਅਹੁਦੇ ’ਤੇ ਬਣੇ ਰਹਿਣ ਦਾ ਕੋਈ ਹੱਕ ਨਹੀਂ ਹੈ। ਉਹਨਾਂ ਨੂੰ ਚੋਣਾਂ ਮਗਰੋਂ ਗ੍ਰਿਫਤਾਰ ਕੀਤੇ ਜਾਣ ਦੀ ਸੰਭਾਵਨਾ ਹੈ।
ਇਸ ਦੌਰੇ ਦੌਰਾਨ ਤਿੰਨ ਵਾਰ ਵਿਧਾਇਕ ਰਹੇ ਗੁਰਤੇਜ ਸਿੰਘ ਘੁੜਿਆਣਾ ਵਾਪਸ ਅਕਾਲੀ ਦਲ ਵਿਚ ਪਰਤ ਆਏ। ਉਹਨਾਂ ਕਿਹਾ ਕਿ ਘੁੜਿਆਣਾ ਦੇ ਵਾਪਸ ਪਰਤਣ ਨਾਲ ਪਾਰਟੀ ਨੂੰ ਬੱਲੂਆਣਾ ਹਲਕੇ ਵਿਚ ਵੱਡਾ ਹੁਲਾਰਾ ਮਿਲਿਆ ਹੈ। ਇਸ ਤੋਂ ਪਹਿਲਾਂ ਉਹਨਾਂ ਨੇ ਐਲਾਨ ਕੀਤਾ ਕਿ ਅਗਲੀ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਬਣਨ ਤੋਂ ਬਾਅਦ ਖਤੀਕ ਤੇ ਰੇਗਰ ਭਾਈਚਾਰਾ ਭਲਾਈ ਬੋਰਡ ਦਾ ਗਠਨ ਕੀਤਾ ਜਾਵੇਗਾ ਤਾਂਜੋ ਦੋਹਾਂ ਭਾਈਚਾਰਿਆਂ ਦੀ ਭਲਾਈ ਲਈ ਕੰਮ ਕੀਤਾ ਜਾ ਸਕੇ।
ਅਕਾਲੀ ਦਲ ਦੇ ਪ੍ਰਧਾਨ ਨੇ ਪਾਰਟੀ ਦੇ ਉਮੀਦਵਾਰ ਡਾ. ਮਹਿੰਦਰ ਕੁਮਾਰ ਰਿਣਵਾ ਦੇ ਹੱਕ ਵਿਚ ਅਬੋਹਰ, ਪਿਰਥੀ ਰਾਮ ਮੇਘਵਾਲ ਦੇ ਹੱਕ ਵਿਚ ਬੱਲੂਆਣਾ ਅਤੇ ਹੰਸ ਰਾਜ ਜੋਸਨ ਦੇ ਹੱਕ ਵਿਚ ਫਾਜ਼ਿਲਕਾ ਵਿਚ ਚੋਣ ਪ੍ਰਚਾਰ ਕੀਤਾ।
ਅਬੋਹਰ ਵਿਚ ਇਕੱਠ ਨੂੰ ਸੰਬੋਧਨ ਕਰਦਿਆਂ ਸ. ਬਾਦਲ ਨੇ ਕਿਹਾ ਕਿ ਜਾਖੜ ਪਰਿਵਾਰ ਨੇ ਪਿਛਲੇ 30 ਸਾਲਾਂ ਦੌਰਾਨ ਅਬੋਹਰ ਨੂੰ ਅਣਵਿਕਸਿਤ ਹੀ ਰਹਿਣ ਦਿੱਤਾ ਹੈ। ਉਹਨਾਂ ਕਿਹਾ ਕਿ ਸੀਵਰੇਜ ਪ੍ਰਾਜੈਕਟ ਸਮੇਤ ਪਿਛਲੀ ਅਕਾਲੀ ਸਰਕਾਰ ਵੱਲੋਂ ਆਰੰਭੇ ਵਿਕਾਸ ਕਾਰਜ ਠੱਪ ਪਏ ਹਨ। ਸੜਕਾਂ ਦਾ ਮਾੜਾ ਹਾਲ ਹੈ ਤੇ ਵੱਖ-ਵੱਖ ਥਾਵਾਂ ’ਤੇ ਲਗਾਏ ਆਰ ਓ ਪਲਾਂਟ ਬੰਦ ਪਏ ਹਨ।
ਸ. ਬਾਦਲ ਨੇ ਕਿਹਾ ਕਿ ਇਥੇ ਹੀ ਬੱਸ ਨਹੀਂ। ਸੁਨੀਲ ਜਾਖੜ ਇਸ ਹਲਕੇ ਤੋਂ ਪਿਛਲੀ ਵਾਰ ਚੋਣਾਂ ਹਾਰਨ ਮਗਰੋਂ ਸਿਆਸੀ ਬਦਲਾਖੋਰੀ ਕਰਦੇ ਰਹੇ ਹਨ। ਉਹਨਾਂ ਨੇ ਭਰੋਸਾ ਦੁਆਇਆ ਕਿ ਅਜਿਹੇ ਗੁਨਾਹਾਂ ਦੇ ਸਾਰੇ ਕੇਸਾਂ ਦੀ ਪੜਤਾਲ ਹੋਵੇਗੀ ਤੇ ਮਾਸੂਮ ਲੋਕਾਂ ਦੇ ਖਿਲਾਫ ਝੁਠੇ ਕੇਸ ਦਰਜ ਕਰਨ ਵਾਲੇ ਅਫਸਰਾਂ ਸਮੇਤ ਕਿਸੇ ਨੂੰ ਵੀ ਨਹੀਂ ਬਖਸ਼ਿਆ ਜਾਵੇਗਾ।
ਫਾਜ਼ਿਲਕਾ ਵਿਚ ਇਕੱਠ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਭਰੋਸਾ ਦੁਆਇਆ ਕਿ ਅਗਲੀ ਅਕਾਲੀ ਦਲ ‘ਤੇ ਬਸਪਾ ਗਠਜੋੜ ਸਰਕਾਰ ਨਵੀਂਆਂ ਡਿਸਟ੍ਰੀਬਿਊਟਰੀਆਂ ਬਣਾ ਕੇ ਨਹਿਰਾਂ ਦੇ ਅੰਤ ਤੱਕ ਪਾਣੀ ਪਹੁੰਚਦਾ ਕਰੇਗੀ ਅਤੇ ਇਸ ਤੋਂ ਇਲਾਵਾ ਪਾਈਪਾਂ ਰਾਹੀਂ ਜ਼ਮੀਨਦੋਜ਼ ਪਾਣੀ ਸਪਲਾਈ ਯਕੀਨੀ ਬਣਾਏਗੀ। ਉਹਨਾਂ ਕਿਹਾ ਕਿ ਅਸੀਂ ਇਸ ਇਲਾਕੇ ਵਿਚ ਪਾਣੀ ਦੀ ਘਾਟ ਦੂਰ ਕਰਨ ਵਾਸਤੇ ਦ੍ਰਿੜ੍ਹ ਸੰਕਲਪ ਹਾਂ।
ਸ. ਬਾਦਲ ਨੇ ਬੱਲੂਆਣਾ ਵਿਚ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਨੇ ਲੱਖਾਂ ਨੀਲੇ ਕਾਰਡ ਰੱਦ ਕਰ ਕੇ ਅਤੇ ਸਾਰੀਆਂ ਸਮਾਜ ਭਲਾਈ ਸਕੀਮਾਂ ਵਿਚ ਕਟੌਤੀ ਕਰ ਕੇ ਅਨੁਸੂਚਿਤ ਜਾਤੀਆਂ ਤੇ ਸਮਾਜ ਦੇ ਕਮਜ਼ੋਰ ਵਰਗਾਂ ਨਾਲ ਵੱਡਾ ਧੱਕਾ ਕੀਤਾ ਹੈ।
ਉਹਨਾਂ ਕਿਹਾ ਕਿ ਜਿਹੜੇ ਵੀ ਆਟਾ ਦਾਲ ਕਾਰਡ ਰੱਦ ਕੀਤੇ ਗਏ ਸਨ, ਉਹ ਬਹਾਲ ਕੀਤੇ ਜਾਣਗੇ। ਉਹਨਾਂ ਇਹ ਵੀ ਐਲਾਨ ਕੀਤਾ ਕਿ ਜਿਹੜੇ ਲੋਕਾਂ ਨੂੰ ਕੋਲ ਆਪਣੇ ਘਰ ਨਹੀਂ ਹਨ, ਉਹਨਾਂ ਨੂੰ ਅਗਲੀ ਅਕਾਲੀ ਦਲ ਤੇ ਬਸਪਾ ਸਰਕਾਰ ਪੰਜ-ਪੰਜ ਮਰਲੇ ਦੇ ਪਲਾਟ ਦੇਵੇਗੀ।
ਵੀਡੀਓ ਲਈ ਕਲਿੱਕ ਕਰੋ -:
“”ਗਾਇਕੀ ਦਾ ਐਸਾ ਸੁਰੂਰ ਕਿ ਸਭ ਭੁੱਲ ਕੇ ਬਸ ਗਾਣੇ ਲਿਖਦਾ ਤੇ ਗਾਉਂਦਾ ਰਹਿੰਦਾ, ਇਹਦੀ ਆਵਾਜ਼ ਤੁਹਾਨੂੰ ਵੀ ਕੀਲ ਲਵੇਗੀ !”
ਉਹਨਾਂ ਨੇ ਇਹ ਵੀ ਐਲਾਨ ਕੀਤਾ ਕਿ ਸਾਰੀਆਂ ਬੀਪੀਐਲ ਕਾਰਡ ਧਾਰਕ ਪਰਿਵਾਰ ਦੀ ਅਗਵਾਈ ਕਰਨ ਵਾਲੀਆਂ ਮਹਿਲਾਵਾਂ ਨੂੰ 2 ਹਜ਼ਾਰ ਰੁਪਏ ਪ੍ਰਤੀ ਮਹੀਨਾ ਦਿੱਤੇ ਜਾਣਗੇ ਅਤੇ ਸਾਰੇ ਘਰੇਲੂ ਖਪਤਕਾਰਾਂ ਨੂੰ ਹਰ ਮਹੀਨੇ 400 ਯੂਨਿਟ ਬਿਜਲੀ ਮੁਫਤ ਦਿੱਤੀ ਜਾਵੇਗੀ।