ਰਾਸ਼ਟਰੀ ਪੱਧਰ ‘ਤੇ ਕਈ ਮੈਡਲ ਜਿੱਤਣ ਦੇ ਬਾਵਜੂਦ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਲਈ ਅਨਾਜ ਮੰਡੀ ਵਿਚ ਮਜ਼ਦੂਰੀ ਕਰਨ ਨੂੰ ਮਜਬੂਰ ਰਾਸ਼ਟਰੀ ਹਾਕੀ ਖਿਡਾਰੀ ਪਰਮਜੀਤ ਸਿੰਘ ਦੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰ ਲਈ ਹੈ। ਗਣਤੰਤਰ ਦਿਵਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਰਮਜੀਤ ਸਿੰਘ ਨੂੰ ਫੋਨ ਕਰਕੇ ਉਸ ਬਾਰੇ ਸਾਰੀ ਜਾਣਕਾਰੀ ਲਈ ਤੇ ਉਸ ਨੂੰ 1 ਫਰਵਰੀ ਨੂੰ ਚੰਡੀਗੜ੍ਹ ਸੀਐੱਮ ਹਾਊਸ ਵਿਚ ਮੁਲਾਕਾਤ ਕਰਨ ਦਾ ਸੱਦਾ ਦਿੱਤਾ ਤਾਂ ਕਿ ਉਸ ਦੀ ਪ੍ਰਤਿਭਾ ਦਾ ਸਨਮਾਨ ਕੀਤਾ ਜਾ ਸਕੇ।।
ਜਾਣਕਾਰੀ ਮੁਤਾਬਕ ਫਰੀਦੋਕਟ ਦੇ ਰਾਸ਼ਟਰੀ ਹਾਕੀ ਖਿਡਾਰੀ ਪਰਮਜੀਤ ਸਿੰਘ ਦੀ ਪ੍ਰਤਿਭਾ ਕਿਸੇ ਵੀ ਮਾਇਨੇ ਵਿਚ ਘੱਟ ਨਹੀਂ। ਉਸ ਨੇ ਵਿਦਿਆਰਥੀ ਜੀਵਨ ਦੌਰਾਨ ਹੀ ਰਾਸ਼ਟਰੀ ਪੱਧਰ ਦੇ 9 ਹਾਕੀ ਮੁਕਾਬਲਿਆਂ ਵਿਚ ਹਿੱਸਾ ਲੈ ਕੇ 5 ਸੋਨ ਤਮਗੇ ਜਿੱਤੇ। ਇਸ ਤੋਂ ਇਲਾਵਾ ਦੋ ਵਾਰ ਰਾਸ਼ਟਰੀ ਪੱਧਰ ਦੀ ਟੀਮ ਵਿਚ ਥਾਂ ਹਾਸਲ ਕੀਤਾ ਪਰ ਸਰਕਾਰਾਂ ਦੀ ਅਣਦੇਖੀ ਕਾਰਨ ਇਨ੍ਹੀਂ ਦਿਨੀਂ ਉਹ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਲਈ ਇਥੋਂ ਦੀ ਅਨਾਜ ਮੰਡੀ ਵਿਚ ਪੱਲੇਦਾਰੀ ਕਰਨ ਨੂੰ ਮਜਬੂਰ ਹੋ ਚੁੱਕਾ ਹੈ।
ਮੂਲ ਤੌਰ ‘ਤੇ ਯੂਪੀ ਦੇ ਰਹਿਣ ਵਾਲੇ ਤੇ ਪੰਜਾਬ ਵਿਚ ਜਨਮੇ ਪਰਮਜੀਤ ਸਿੰਘ ਦੇ ਪਿਤਾ ਫਰੀਦਕੋਟ ਦੇ ਸਰਕਾਰੀ ਬਲਜਿੰਦਰਾ ਕਾਲਜ ਵਿਚ ਮਾਲੀ ਵਜੋਂ ਕੰਮ ਕਰਦੇ ਸਨ। ਕਾਲਜ ਵਿਚ ਖਿਡਾਰੀਆਂ ਨੂੰ ਮੈਦਾਨ ਵਿਚ ਦੇਖ ਕੇ ਹੀ ਉਸ ਨੇ ਹਾਕੀ ਵਿਚ ਹੱਥ ਅਜਮਾਇਆ ਤੇ ਚੰਗੇ ਪ੍ਰਦਰਸ਼ਨ ਦੀ ਬਦੌਲਤ NIS ਪਟਿਆਲਾ ਵਿਚ ਦਾਖਲਾ ਹਾਸਲ ਕਰਕੇ 6ਵੀਂ ਤੋਂ 12ਵੀਂ ਦੀ ਪੜ੍ਹਾਈ ਕੀਤੀ ਤੇ ਜੂਨੀਅਰ ਦੇ ਸੀਨੀਅਰ ਵਰਗ ਦੀਆਂ ਰਾਸ਼ਟਰੀ ਖੇਡਾਂ ਵਿਚ ਉਸ ਦੀ 9 ਵਾਰ ਚੋਣ ਹੋਈ ਤੇ 5 ਵਾਰ ਉਸ ਨੇ ਤਮਗੇ ਜਿੱਤੇ।
ਇਹ ਵੀ ਪੜ੍ਹੋ : ਅੰਮ੍ਰਿਤਸਰ : ਏਐੱਸਆਈ ਦੇ ਪੁੱਤ ਨੇ ਲੜਕੀ ਨੂੰ ਮਾਰੀ ਗੋਲੀ, ਹਸਪਤਾਲ ਭਰਤੀ, ਹਾਲਤ ਨਾਜ਼ੁਕ
ਇਸ ਦੇ ਬਾਅਦ ਉਸ ਨੇ ਬਿਜਲੀ ਬੋਰਡ ਤੇ ਪੰਜਾਬ ਪੁਲਿਸ ਨਾਲ ਐਗਰੀਮੈਂਟ ਕਰਕੇ ਮੈਦਾਨ ਵਿਚ ਜੌਹਰ ਦਿਖਾਏ ਪਰ ਬਾਅਦ ਵਿਚ ਕਿਸੇ ਨੇ ਉਸ ਦੀ ਸਾਰ ਨਹੀਂ ਲਈ। ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਪਰਮਜੀਤ ਸਿੰਘ ਨੂੰ ਫੋਨ ਕੀਤਾ ਹੈ ਤੇ ਲਗਭਗ 8-10 ਮਿੰਟ ਉਸ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਖੇਡਾਂ ਵਿਚ ਉਸ ਦੀ ਪ੍ਰਤਿਭਾ ਚੰਗੀ ਰਹੀ ਹੈ ਪਰ ਪਿਛਲੀਆਂ ਸਰਕਾਰਾਂ ਨੇ ਉਸ ਨੂੰ ਸੰਭਾਲਣ ਲਈ ਕੋਈ ਧਿਆਨ ਨਹੀਂ ਦਿੱਤਾ।
ਪਰਮਜੀਤ ਨੇ ਕਿਹਾ ਕਿ ਜਿਸ ਤਰ੍ਹਾਂ ਮੁੱਖ ਮੰਤਰੀ ਨੇ ਉਸ ਨਾਲ ਗੱਲ ਕਰਕੇ ਭਰੋਸਾ ਦਿੱਤਾ ਹੈ ਉਸ ਨੂੰ ਪੂਰੀ ਉਮੀਦ ਹੈ ਕਿ ਪੰਜਾਬ ਸਰਕਾਰ ਵੱਲੋਂ ਉਸ ਨੂੰ ਯੋਗਤਾ ਮੁਤਾਬਕ ਰੋਜ਼ਗਾਰ ਮੁਹੱਈਆ ਕਰਵਾਇਆ ਜਾਵੇਗਾ ਜਿਸ ਨਾਲ ਉਹ ਆਪਣੇ ਪੁੱਤਰ ਨੂੰ ਵੀ ਹਾਕੀ ਦਾ ਰਾਸ਼ਟਰੀ ਪੱਧਰ ਦਾ ਖਿਡਾਰੀ ਬਣਾਏਗਾ।
ਹਾਕੀ ਖਿਡਾਰੀ ਪਰਮਜੀਤ ਸਿੰਘ ਮੁਤਾਬਕ ਮੁੱਖ ਮੰਤਰੀ ਭਗਵੰਤ ਮਾਨ ਦੇ ਇਲਾਵਾ ਉਸ ਨੂੰ ਆਸਟ੍ਰੇਲੀਆ ਦੇ ਦੋ ਹਾਕੀ ਕਲੱਬਾਂ ਨੇ ਵੀ ਆਫਰ ਭੇਜੇ ਹਨ ਤੇ ਉਥੇ ਚੱਲਣ ਵਾਲੇ ਹਾਕੀ ਲੀਗ ਵਿਚ ਉਨ੍ਹਾਂ ਦੇ ਕਲੱਬ ਵੱਲੋਂ ਖੇਡਣ ਦਾ ਸੱਦਾ ਦਿੱਤਾ ਹੈ। ਹਾਲਾਂਕਿ ਹੁਣ ਉਸ ਨੇ ਕਲੱਬਾਂ ਦੇ ਆਫਰ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣ ਦਾ ਫੈਸਲਾ ਕੀਤਾ ਹੈ ਤਾਂਜੋ ਪੰਜਾਬ ਲਈ ਕੁਝ ਕਰ ਸਕੇ।
ਵੀਡੀਓ ਲਈ ਕਲਿੱਕ ਕਰੋ -: