ਸ਼੍ਰੋਮਣੀ ਅਕਾਲੀ ਦਲ ਦੇ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਕਿ ਉਹ ਅੱਖਾਂ ਮੀਚ ਕੇ ਹੋਰ ਮਾਡਲਾਂ ਦੇ ਮਗਰ ਨਾ ਲੱਗਣ, ਸਗੋਂ ਆਪਣੇ ਅਫਸਰਾਂ ਦੇ ਨਾਲ ਪਿਛਲੀ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਬਣਾਏ ਮੈਰੀਟੋਰੀਅਸ ਅਤੇ ਆਦਰਸ਼ ਸਕੂਲਾਂ ਦਾ ਦੌਰਾ ਕਰਨ ਅਤੇ ਪੰਜਾਬ ਵਿਚ ਚੁੱਕੇ ਗਏ ਹੋਰ ਸੁਧਾਰ ਕਦਮਾਂ ਨੂੰ ਵੇਖਣ, ਜਿਨ੍ਹਾਂ ਦੀ ਬਦੌਲਤ ਪੰਜਾਬ ਕੌਮੀ ਸਰਵੇਖਣ ਵਿਚ ਨੰਬਰ ਦੋ ਬਣਿਆ। ਇਸ ਨਾਲ ਮੁੱਖ ਮੰਤਰੀ ਸਕੂਲਾਂ ਪਿੱਛੇ ਦੇ ਉਸ ਫਲਸਫੇ ਨੂੰ ਸਮਝਣਗੇ ਜਿਸਨੂੰ ਲੈ ਕੇ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਇਹ ਸਕੂਲ ਬਣਾਏ।
ਉਹਨਾਂ ਕਿਹਾ ਕਿ ਪੰਜਾਬ ਨੂੰ ਸੂਬੇ ‘ਚ ਵਿਦੇਸ਼ੀ ਮਾਡਲ ਲਿਆਉਣ ਦੀ ਥਾਂ ਆਪਣੇ ਆਪ ਨੂੰ ਮਜ਼ਬੂਤ ਬਣਾਉਣ ਦੀ ਲੋੜ ਹੈ। ਆਮ ਆਦਮੀ ਪਾਰਟੀ ਸਰਕਾਰ ਨੂੰ ਸਰਕਾਰੀ ਸੰਸਥਾਵਾਂ ਨੂੰ ਰੁਲਦੇ ਰਹਿਣ ਦੇਣ ਦੀ ਕਾਂਗਰਸ ਸਰਕਾਰ ਦੀ ਉਹ ਨੀਤੀ ਬਦਲਣੀ ਪਵੇਗੀ, ਜਿਸ ਤਹਿਤ ਕਾਂਗਰਸ ਇਨ੍ਹਾਂ ਅਦਾਰਿਆਂ ਨੂੰ ਫੰਡ ਤੇ ਚੰਗੇ ਅਧਿਆਪਕ ਨਹੀਂ ਦਿੰਦੀ ਸੀ। ਉਹਨਾਂ ਕਿਹਾ ਕਿ ਦਿਹਾਤੀ ਇਲਾਕਿਆਂ ਦੇ ਆਰਥਿਕ ਤੌਰ ’ਤੇ ਪਛੜੇ ਵਰਗ ਦੇ ਲੋਕਾਂ ਦੇ ਬੱਚਿਆਂ ਨੂੰ ਭਾਰਤ ਤੇ ਦੁਨੀਆ ਦੇ ਸਮਰੱਥ ਬਣਾਉਣ ਦੀ ਸੋਚ ਵਾਲੇ ਇਸ ਫਲਸਫ਼ੇ ਨੂੰ ਮਜ਼ਬੂਤ ਕਰਨ ਲਈ ਇਸਦਾ ਦਾਇਰਾ ਹੋਰ ਵਧਾਉਣ ਦੀ ਲੋੜ ਹੈ।
ਗਰੇਵਾਲ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਆਪਣੇ ਅਫਸਰਾਂ ਨਾਲ ਪੰਜਾਬ ਦੀਆਂ ਇਹਨਾਂ ਸੰਸਥਾਵਾਂ ਦਾ ਦੌਰਾ ਕਰਨ ਨਾਲ ਪਿਛਲੇ ਪੰਜ ਸਾਲਾਂ ਵਿਚ ਇਹਨਾਂ ਦੇ ਮਿਆਰ ਵਿਚ ਆਈ ਗਿਰਾਵਟ ਰੁਕ ਜਾਵੇਗੀ। ਨਾਲ ਹੀ ਮੁੱਖ ਮੰਤਰੀ ਨੂੰ ਉਹ ਵਿਚਾਰ ਵੀ ਸਮਝ ਆ ਜਾਵੇਗਾ ਜੋ ਅਕਾਲੀ ਦਲ ਦੀ ਅਗਵਾਈ ਵਾਲੀਆਂ ਸਰਕਾਰਾਂ ਨੇ ਮਿਆਰੀ ਸਿੱਖਿਆ ਪ੍ਰਦਾਨ ਕਰਨ ਵਾਸਤੇ ਸੋਚਿਆ ਸੀ ਅਤੇ ਇਸ ਨੂੰ ਹੋਰ ਰਾਜਾਂ ਤੱਕ ਫੈਲਾਉਣ ਦੀ ਲੋੜ ਹੈ।
ਅਕਾਲੀ ਆਗੂ ਨੇ ਕਿਹਾ ਕਿ ਇਸ ਤੋਂ ਇਲਾਵਾ ਸਕੂਲਾਂ ਦੀਆਂ ਵਰਦੀਆਂ ਦੀ ਵਿਵਸਥਾ ਤੇ ਪ੍ਰਾਈਵੇਟ ਸਕੂਲਾਂ ਦੇ ਫੀਸਾਂ ਦੇ ਢਾਂਚੇ ਨੂੰ ਰੈਗੂਲੇਟ ਕਰਨ ਦੀ ਲੋੜ ਹੈ ਤੇ ਸਰਕਾਰ ਨੂੰ ਪ੍ਰਾਈਵੇਟ ਯੂਨੀਵਰਸਿਟੀਆਂ ਦੇ ਕੰਮ ’ਤੇ ਵੀ ਨਜ਼ਰ ਰੱਖਣੀ ਚਾਹੀਦੀ ਹੈ, ਕਿਉਂਕਿ ਇਹ ਕਿਸੇ ਨਾ ਕਿਸੇ ਬਹਾਨੇ ਵਿਦਿਆਰਥੀਆਂ ਦਾ ਆਰਥਿਕ ਸੋਸ਼ਣ ਕਰ ਰਹੀਆਂ ਹਨ। ਇਹ ਅਦਾਰੇ ਨਾ ਸਿਰਫ ਆਪਣੇ ਕੋਰਸਾਂ ਵਿਚ ਤਬਦੀਲੀ ਕਰ ਦਿੰਦੇ ਹਨ ਬਲਕਿ ਇਕ ਕੋਰਸ ਲਈ ਵਿਦਿਆਰਥੀ ਲੈਣਾ ਵੀ ਬੰਦ ਕਰ ਦਿੰਦੇ ਹਨ, ਜਿਸ ਨਾਲ ਸੂਬੇ ਵਿਚ ਅਕਾਦਮਿਕ ਮਾਹੌਲ ’ਤੇ ਉਲਟ ਅਸਰ ਪੈਂਦਾ ਹੈ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਉਹਨਾਂ ਕਿਹਾ ਕਿ ਇਹ ਪ੍ਰਭਾਵ ਬਣ ਗਿਆ ਹੈ ਕਿ ਇਹਨਾਂ ਯੂਨੀਵਰਸਿਟੀਆਂ ਦੀ ਮੌਜੂਦਾ ਸਰਕਾਰ ਵਿਚ ਗੱਲਬਾਤ ਹੈ ਤੇ ਇਹ ਹੁਣ ਆਪਣੀ ਮਨਮਰਜ਼ੀ ਕਰਨ ਲਈ ਆਜ਼ਾਦ ਹਨ। ਉਹਨਾਂ ਕਿਹਾ ਕਿ ਇਸ ਪ੍ਰਭਾਵ ਨੂੰ ਦਰੁੱਸਤ ਕੀਤਾ ਜਾਣਾ ਚਾਹੀਦਾ ਹੈ ਤੇ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਪ੍ਰਾਈਵੇਟ ਯੂਨੀਵਰਸਿਟੀਆਂ ਨਿਯਮਾਂ ਦੀ ਪਾਲਣਾ ਕਰਨ ਅਤੇ ਵਿਦਿਆਰਥੀਆਂ ਦੀ ਲੁੱਟ-ਖਸੁੱਟ ਨਾ ਕਰਨ।