ਗੈਂਗਸਟਰ ਤੋਂ ਰਾਜਨੇਤਾ ਬਣੇ ਅਤੀਕ ਅਹਿਮਦ ਤੇ ਉਸ ਦੇ ਭਰਾ ਅਸ਼ਰਫ ਦੀ ਹੱਤਿਆ ਦੇ ਕੁਝ ਦਿਨਾਂ ਬਾਅਦ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੀ ਸੁਰੱਖਿਆ ਨੂੰ ਲੈ ਕੇ ਸਮੀਖਿਆ ਕੀਤੀ ਜਾ ਰਹੀ ਹੈ। ਸੂਤਰਾਂ ਮੁਤਾਬਕ ਯੋਗੀ ਆਦਿਤਿਆਨਾਥ ਦੀ ਸੁਰੱਖਿਆ ਨੂੰ ਵਧਾਇਆ ਜਾ ਸਕਦਾ ਹੈ। ਇਸ ਤੋਂ ਪਹਿਲਾਂ ਪਿਛਲੇ ਸਾਲ ਵੀ ਗੋਰਖਨਾਥ ਮੰਦਰ ‘ਤੇ ਹਮਲੇ ਦੇ ਬਾਅਦ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੀ ਸੁਰੱਖਿਆ ਵਧਾ ਦਿੱਤੀ ਗਈ ਸੀ ਤੇ ਉਨ੍ਹਾਂ ਦੀ ਸੁਰੱਖਿਆ ਵਿਚ ਸੀਆਰਪੀਐੱਫ ਤਾਇਨਾਤ ਕੀਤੀ ਗਈ ਸੀ।
ਯੋਗੀ ਆਦਿਤਿਆਨਾਥ ਨੂੰ ਹੁਣ ਜ਼ੈੱਡ ਪਲੱਸ ਸਕਿਓਰਿਟੀ ਮਿਲੀ ਹੋਈ ਹੈ। ਸੂਤਰਾਂ ਦਾ ਦਾਅਵਾ ਹੈ ਕਿ ਇਸ ਸੁਰੱਖਿਆ ਘੇਰੇ ਨੂੰ ਹੋਰ ਸਖਤ ਕੀਤਾ ਜਾਵੇਗਾ। ਸੀਐੱਮ ਯੋਗੀ ਦੇ ਸੁਰੱਖਿਆ ਘੇਰੇ ਨੂੰ ਉੱਤਰ ਪ੍ਰਦੇਸ਼ ਦੇ ਨਾਲ-ਨਾਲ ਬਾਹਰ ਵੀ ਵਧਾਇਆ ਜਾਵੇਗਾ। ਮੁੱਖ ਮੰਤਰੀ ਯੋਗੀ ਨੂੰ ਕਰਨਾਟਕ ਵਿਚ ਹੋਣ ਵਾਲੇ ਵਿਧਾਨ ਸਭਾ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਵੱਲੋਂ ਸਟਾਰ ਪ੍ਰਚਾਰਕ ਬਣਾਇਆ ਗਿਆ ਹੈ। ਸੂਬੇ ਵਿਚ ਨੇਤਾਵਾਂ ਵੱਲੋਂ ਮੁੱਖ ਮੰਤਰੀ ਦੀ ਸਭਾਵਾਂ ਦੀ ਮੰਗ ਕੀਤੀ ਗਈ ਹੈ। ਇਸ ਦਰਮਿਆਨ ਯੂਪੀ ਵਿਚ ਤੇਜ਼ੀ ਨਾਲ ਬਦਲੇ ਘਟਨਾਕ੍ਰਮ ਦੇ ਬਾਅਦ ਸੀਐੱਮ ਯੋਗੀ ਦੀ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਵਧ ਗਈਆਂ ਹਨ। ਪੂਰੀ ਸਥਿਤੀ ਨੂੰ ਧਿਆਨ ਵਿਚ ਰੱਖਦੇ ਹੋਏ ਕਰਨਾਟਕ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਵੀ ਸੀਐੱਮ ਯੋਗੀ ਦੇ ਸੁਰੱਖਿਆ ਨੂੰ ਪੁਖਤਾ ਕਰਨ ਦੀ ਯੋਜਨਾ ਬਣਾਈ ਗਈ ਹੈ।
ਦੂਜੇ ਪਾਸੇ ਅਤੀਕ ਤੇ ਅਸ਼ਰਫ ਦੀ ਹੱਤਿਆ ਦੇ ਬਾਅਦ ਸੂਬੇ ਵਿਚ ਸੁਰੱਖਿਆ ਵਿਵਸਥਾ ਸਖਤ ਕਰ ਦਿੱਤੀ ਗਈ ਹੈ। ਮੁਖੀ ਗ੍ਰਹਿ ਸਕੱਤਰ ਸੰਜੇ ਪ੍ਰਸਾਦ ਦੀ ਅਗਵਾਈ ਵਿਚ ਸੀਨੀਅਰ ਅਧਿਕਾਰੀ ਸਥਿਤੀ ਦੀ ਨਿਗਰਾਨੀ ਲਈ ਪ੍ਰਯਾਗਰਾਜ ਜਾ ਰਹੇ ਹਨ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਤਿੰਨ ਮੈਂਬਰੀ ਜਾਂਚ ਕਮਿਸ਼ਨ ਦਾ ਐਲਾਨ ਕੀਤਾ ਹੈ ਜੋ ਪੁਲਿਸ ਤੇ ਮੀਡੀਆ ਦੀ ਮੌਜੂਦਗੀ ਵਿਚ ਅਤੀਕ ਅਹਿਮਦ ਤੇ ਉਸ ਦੇ ਭਰਾ ਅਸ਼ਰਫ ਦੀ ਹੱਤਿਆ ਦੀ ਜਾਂਚ ਕਰੇਗਾ।
ਜਾਂਚ ਕਮਿਸ਼ਨ ਅਧਿਨਿਯਮ 1952 ਤਹਿਤ ਸਥਾਪਤ, ਪੈਨਲ ਦੀ ਅਗਵਾਈ ਹਾਈਕੋਰਟ ਦੇ ਰਿਟਾਇਰਡ ਜਸਟਿਸ ਅਰਵਿੰਦ ਕੁਮਾਰ ਤ੍ਰਿਪਾਠੀ ਕਰਨਗੇ ਅਤੇ ਇਸ ਵਿਚ ਰਿਟਾਇਰਡ ਡੀਜੀਪੀ ਸੁਬੇਸ਼ ਕੁਮਾਰ ਸਿੰਘ ਤੇ ਰਿਟਾਇਰਡ ਜ਼ਿਲ੍ਹਾ ਜੱਜ ਬ੍ਰਿਜੇਸ਼ ਕੁਮਾਰ ਸੋਨੀ ਸ਼ਾਮਲ ਹੋਣਗੇ। ਕਮਿਸ਼ਨ ਦੋ ਮਹੀਨੇ ਦੇ ਅੰਦਰ ਆਪਣੀ ਰਿਪੋਰਟ ਪੇਸ਼ ਕਰੇਗਾ। ਦੂਜੇ ਪਾਸੇ ਪ੍ਰਯਾਗਰਾਜ ਵਿਚ ਅਤੀਕ ਅਹਿਮਦ ਤੇ ਉਸ ਦੇ ਭਰਾ ਅਸ਼ਰਫ ਦੀ ਹੱਤਿਆ ਦੇ ਬਾਅਦ ਤਣਾਅ ਵਿਚ ਪ੍ਰਸ਼ਾਸਨ ਨੇ ਸੁਰੱਖਿਆ ਦੇ ਲਿਹਾਜ਼ ਨਾਲ ਜ਼ਿਲ੍ਹੇ ਵਿਚ ਇੰਟਰਨੈੱਟ ਸੇਵਾਵਾਂ ‘ਤੇ ਰੋਕ ਨੂੰ ਦੋ ਦਿਨਾਂ ਲਈ ਹੋਰ ਵਧਾ ਦਿੱਤਾ ਹੈ।
ਇਹ ਵੀ ਪੜ੍ਹੋ : ਤਿਰੰਗੇ ਨਾਲ ਗੋਲਡਨ ਟੈਂਪਲ ‘ਚ ਮੱਥਾ ਟੇਕਣ ਆਈ ਲੜਕੀ ਨੂੰ ਰੋਕਿਆ, SGPC ਨੇ ਦਿੱਤੀ ਸਫਾਈ
ਦੱਸ ਦੇਈਏ ਕਿ ਉਮੇਸ਼ਪਾਲ ਹੱਤਿਆਕਾਂਡ ਵਿਚ ਮੁੱਖ ਦੋਸ਼ੀ ਬਣਾਏ ਗਏ ਅਤੀਕ ਅਹਿਮਦ ਨੂੰ ਗੁਜਰਾਤ ਦੇ ਸਾਬਰਮਤੀ ਤੋਂ ਪ੍ਰਯਾਗਰਾਜ ਲਿਆਂਦਾ ਗਿਆ ਸੀ। ਅਤੀਕ ਤੇ ਉਸ ਦੇ ਭਰਾ ਅਸ਼ਰਫ ਨੂੰ ਮੈਡੀਕਲ ਜਾਂਚ ਲਈ ਪ੍ਰਯਾਗਰਾਜ ਹਸਪਤਾਲ ਲਿਜਾਇਆ ਗਿਆ ਸੀ। ਮੈਡੀਕਲ ਕਾਲਜ ਦੇ ਸਾਹਮਣੇ ਪੁਲਿਸ ਤੇ ਮੀਡੀਆ ਦੀ ਮੌਜੂਦਗੀ ਵਿਚ ਅਤੀਕ ਤੇ ਅਸ਼ਰਫ ‘ਤੇ ਮੀਡੀਆ ਮੁਲਾਜ਼ਮਾਂ ਦੇ ਭੇਸ ਵਿਚ ਆਏ ਤਿੰਨ ਮੁਲਜ਼ਮਾਂ ਨੇ ਤਾਬੜਤੋੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਦੇ ਬਾਅਦ ਅਤੀਕ ਤੇ ਅਸ਼ਰਫ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਵੀਡੀਓ ਲਈ ਕਲਿੱਕ ਕਰੋ -: