ਸੰਗਰੂਰ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ ਜਿੱਤਣ ਲਈ ਕਾਂਗਰਸ ਐਕਸ਼ਨ ਵਿੱਚ ਆ ਗਈ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਾਬਕਾ ਵਿਧਾਇਕ ਹਰਚੰਦ ਕੌਰ ਨੂੰ ਪਾਰਟੀ ‘ਚੋਂ ਕੱਢ ਦਿੱਤਾ ਹੈ। ਉਨ੍ਹਾਂ ‘ਤੇ ਪਾਰਟੀ ਵਿਰੋਧੀ ਗਤੀਵਿਧੀਆਂ ਦਾ ਦੋਸ਼ ਸੀ।
ਇਸ ਦੇ ਨਾਲ ਹੀ ਸੰਗਰੂਰ ਸੀਟ ਜਿੱਤਣ ਲਈ ਕਾਂਗਰਸ ਨੇ 50 ਆਗੂਆਂ ਦੀ ਫੌਜ ਮੈਦਾਨ ਵਿੱਚ ਉਤਾਰ ਦਿੱਤੀ ਹੈ, ਜਿਸ ਵਿੱਚ ਸਾਬਕਾ ਮੰਤਰੀਆਂ ਅਤੇ ਵਿਧਾਇਕਾਂ ਨੂੰ ਸੀਟ ਜਿੱਤਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਕਾਂਗਰਸ ਨੇ ਇੱਥੋਂ ਦਲਵੀਰ ਗੋਲਡੀ ਨੂੰ ਟਿਕਟ ਦਿੱਤੀ ਹੈ। ਉਹ ਪਿਛਲੀਆਂ ਵਿਧਾਨ ਸਭਾ ਚੋਣਾਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਹਾਰ ਗਏ ਸਨ।
ਹਰਚੰਦ ਕੌਰ ਦੋ ਵਾਰ ਕਾਂਗਰਸ ਤੋਂ ਵਿਧਾਇਕ ਰਹਿ ਚੁੱਕੀ ਹੈ। ਇਸੇ ਸਾਲ ਹੋਈਆਂ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਨੇ ਉਨ੍ਹਾਂ ਨੂੰ ਮਹਿਲ ਕਲਾਂ ਰਿਜ਼ਰਵ ਸੀਟ ਤੋਂ ਟਿਕਟ ਦਿੱਤੀ ਸੀ। ਹਾਲਾਂਕਿ ਉਹ ਆਮ ਆਦਮੀ ਪਾਰਟੀ ਦੇ ਕੁਲਵੰਤ ਸਿੰਘ ਪੰਡੋਰੀ ਤੋਂ ਹਾਰ ਗਏ ਸਨ। ਮਹਿਲ ਕਲਾਂ ਵੀ ਸੰਗਰੂਰ ਲੋਕ ਸਭਾ ਸੀਟ ਅਧੀਨ ਆਉਂਦਾ ਹੈ।
ਸੰਗਰੂਰ ਲੋਕ ਸਭਾ ਸੀਟ ‘ਤੇ ਕਾਂਗਰਸ ਨੇ ਵਿਧਾਨ ਸਭਾ ਹਲਕੇ ਦੇ ਹਿਸਾਬ ਨਾਲ ਆਗੂਆਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਹਨ। ਇਨ੍ਹਾਂ ਵਿੱਚ CM ਭਗਵੰਤ ਮਾਨ ਦੀ ਸੀਟ ਧੂਰੀ ਦੀ ਕਮਾਨ ਵਿਧਾਇਕ ਸੁਖਜਿੰਦਰ ਰੰਧਾਵਾ ਨੂੰ ਦਿੱਤੀ ਗਈ ਹੈ। ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਸਿੱਖਿਆ ਮੰਤਰੀ ਮੀਤ ਹੇਅਰ ਦੀ ਸੀਟ ‘ਤੇ ਤਾਇਨਾਤ ਕੀਤਾ ਗਿਆ ਹੈ।
ਲਹਿਰਾ ਵਿੱਚ ਸਾਬਕਾ CM ਰਾਜਿੰਦਰ ਕੌਰ ਭੱਠਲ ਅਤੇ ਪਰਗਟ ਸਿੰਘ ਮੋਰਚਾ ਸੰਭਾਲਣਗੇ। ਇਸ ਤੋਂ ਇਲਾਵਾ ਵਿੱਤ ਮੰਤਰੀ ਹਰਪਾਲ ਚੀਮਾ ਦੀ ਦਿੜ੍ਹਬਾ ਸੀਟ ਤੋਂ ਵਿਧਾਇਕ ਰਾਜ ਕੁਮਾਰ ਚੱਬੇਵਾਲ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਉਪ ਨੇਤਾ ਸੁਖਪਾਲ ਖਹਿਰਾ ਹੋਣਗੇ। ਸੁਨਾਮ ਤੋਂ ਮਦਨਲਾਲ ਜਲਾਲਪੁਰ ਅਤੇ ਹੈਰੀ ਮਾਨ, ਮਾਲੇਰਕੋਟਲਾ ਤੋਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਸੰਗਰੂਰ ਤੋਂ ਤ੍ਰਿਪਤ ਰਜਿੰਦਰ ਬਾਜਵਾ ਅਤੇ ਵਿਜੇਇੰਦਰ ਸਿੰਗਲਾ ਅਤੇ ਮਹਿਲ ਕਲਾਂ ਤੋਂ ਕੁਸ਼ਲਦੀਪ ਢਿੱਲੋਂ ਦੇਖਣਗੇ।
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਨੌਜਵਾਨਾਂ ਦਾ ‘ਆਪ’ ਸਰਕਾਰ ਤੋਂ ਕੁਝ ਮੋਹ ਭੰਗ ਹੋ ਗਿਆ ਹੈ। ਕਾਂਗਰਸ ਇਸ ਦਾ ਫਾਇਦਾ ਉਠਾਉਣ ਦੀ ਤਿਆਰੀ ਕਰ ਰਹੀ ਹੈ। ਹਾਲਾਂਕਿ, ਅਚਾਨਕ ਹੀ ਕਾਂਗਰਸ ਦੇ ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੌਤ ਅਤੇ ਸੰਗਤ ਸਿੰਘ ਗਿਲਜੀਆਂ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਫਸ ਗਏ ਹਨ। ਧਰਮਸੌਤ ਨੂੰ ਪੁਲਿਸ ਨੇ ਗ੍ਰਿਫਤਾਰ ਵੀ ਕਰ ਲਿਆ।
ਵੀਡੀਓ ਲਈ ਕਲਿੱਕ ਕਰੋ -: