ਦੇਹਰਾਦੂਨ (ਉੱਤਰਾਖੰਡ) : ਪੰਜਾਬ ਕਾਂਗਰਸ ਵਿੱਚ ਚੱਲ ਰਹੇ ਘਮਾਸਾਨ ਦੇ ਬਾਵਜੂਦ, ਪੰਜਾਬ ਮਾਮਲਿਆਂ ਦੇ ਸਾਬਕਾ ਇੰਚਾਰਜ ਹਰੀਸ਼ ਰਾਵਤ ਨੇ ਮੰਗਲਵਾਰ ਨੂੰ ਦਾਅਵਾ ਕੀਤਾ ਕਿ ਪਾਰਟੀ ਵਿੱਚ ਸਭ ਕੁਝ ਠੀਕ ਹੈ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਹੀ ਸਰਕਾਰ ਬਣਾਏਗੀ।
ਰਾਵਤ ਨੇ ਕਿਹਾ ਕਿ ਚੰਨੀ ਤੇ ਸਿੱਧੂ ਦੀ ਅਗਵਾਈ ਵਿਚ ਕਾਂਗਰਸ ਇਕਜੁੱਟ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਭਾਜਪਾ ਦਾ ਕੋਈ ਵਜ਼ੂਦ ਨਹੀਂ ਹੈ ਤੇ ਆਮ ਆਦਮੀ ਪਾਰਟੀ ਵੀ ਬਿਖਰੀ ਪਈ ਹੈ। ਇਸ ਲਈ ਪੰਜਾਬ ਵਿਚ ਸਿਰਫ ਕਾਂਗਰਸ ਦੀ ਹੀ ਸਰਕਾਰ ਬਣ ਸਕਦੀ ਹੈ। ਉਨ੍ਹਾਂ ਨਵ-ਨਿਯੁਕਤ ਪੰਜਾਬ ਤੇ ਚੰਡੀਗੜ੍ਹ ਇੰਚਾਰਜ ਹਰੀਸ਼ ਚੌਧਰੀ ਦੀ ਅਗਵਾਈ ‘ਤੇ ਭਰੋਸਾ ਪ੍ਰਗਟਾਇਆ ਤੇ ਕਿਹਾ ਕਿ ਉਹ ਪਾਰਟੀ ਨੂੰ ਸੂਬੇ ਵਿਚ ਜਿੱਤ ਵੱਲ ਲੈ ਕੇ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਸਭ ਕੁਝ ਠੀਕ ਚੱਲ ਰਿਹਾ ਹੈ ਤੇ ਅਸੀਂ ਚੁਣੌਤੀਆਂ ਨੂੰ ਪਾਰ ਕਰ ਰਹੇ ਹਾਂ।
ਵੀਡੀਓ ਲਈ ਕਲਿੱਕ ਕਰੋ -:
Atta Burfi Recipe | ਦੁੱਧ ਅਤੇ ਖੋਏ ਤੋਂ ਬਿਨਾਂ ਆਟਾ ਬਰਫੀ | Wheat Flour Burfi | Diwali Special Desserts
ਹਰੀਸ਼ ਰਾਵਤ ਦੀ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਤਖਤਾ ਪਲਟ ਵਿੱਚ ਅਹਿਮ ਭੂਮਿਕਾ ਮੰਨੀ ਜਾਂਦੀ ਹੈ। ਜਦੋਂ ਸਿੱਧੂ ਕੈਪਟਨ ਤੋਂ ਨਾਰਾਜ਼ ਹੋ ਕੇ ਘਰ ਬੈਠ ਗਏ ਸਨ ਤਾਂ ਰਾਵਤ ਹੀ ਉਨ੍ਹਾਂ ਨੂੰ ਮਨਾ ਕੇ ਲੈ ਆਏ। ਫਿਰ ਸੁਲਹ ਕਰਕੇ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਇਆ। ਇਸ ਤੋਂ ਬਾਅਦ ਪੰਜਾਬ ਦੀ ਰਿਪੋਰਟ ਹਾਈਕਮਾਂਡ ਨੂੰ ਦੇ ਕੇ ਅਮਰਿੰਦਰ ਨੂੰ ਘੇਰ ਲਿਆ।
ਹਰੀਸ਼ ਰਾਵਤ ਅਹੁਦਾ ਛੱਡਣ ਤੋਂ ਬਾਅਦ ਵੀ ਕੈਪਟਨ ‘ਤੇ ਨਿਸ਼ਾਨਾ ਸਾਧਣ ਤੋਂ ਬਾਜ਼ ਨਹੀਂ ਆ ਰਹੇ। ਅੱਜ ਫਿਰ ਤੋਂ ਉਨ੍ਹਾਂ ਨੇ ਕੈਪਟਨ ਅਮਰਿੰਦਰ ‘ਤੇ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕੈਪਟਨ ਨੂੰ ਨਿਰਾਸ਼ਾ ਹੀ ਮਿਲੀ ਹੈ ਕਿਉਂਕਿ ਇਹ ਤਾਂ ਤੈਅ ਹੈ ਕਿ ਪੰਜਾਬ ਵਿਚ ਕਾਂਗਰਸ ਦੀ ਹੀ ਸਰਕਾਰ ਬਣੇਗੀ।
ਗੌਰਤਲਬ ਹੈ ਕਿ ਬੀਤੇ ਦਿਨੀਂ ਚੰਨੀ ਵੱਲੋਂ ਸਸਤੀ ਬਿਜਲੀ ਦੇ ਐਲਾਨ ਤੋਂ ਬਾਅਦ ਸਿੱਧੂ ਨੇ ਫਿਰ ਤੋਂ ਆਪਣੀ ਹੀ ਸਰਕਾਰ ‘ਤੇ ਹਮਲਾ ਬੋਲਿਆ ਤੇ ਕਿਹਾ ਕਿ ਪੌਣ ਪੰਜ ਸਾਲ ਸਰਕਾਰ ਨੇ ਕੁਝ ਨਹੀਂ ਕੀਤਾ ਤੇ ਹੁਣ ਬਾਕੀ 2 ਮਹੀਨਿਆਂ ਵਿਚ ਲੋਕਾਂ ਨੂੰ ਲੌਲੀਪੌਪ ਦਿੱਤੇ ਜਾ ਰਹੇ ਹਨ। ਚੰਨੀ ਖਿਲਾਫ ਬਿਆਨਬਾਜ਼ੀ ਤੋਂ ਇੱਕ ਦਿਨ ਬਾਅਦ ਅੱਜ ਸਿੱਧੂ ਚੰਨੀ ਨਾਲ ਕੇਦਾਰਨਾਥ ਵਿਖੇ ਫੋਟੋਆਂ ਖਿਚਵਾਉਂਦੇ ਨਜ਼ਰ ਆਏ। ਪੰਜਾਬ ਕਾਂਗਰਸ ਦਾ ਇਹ ਸੰਯੁਕਤ ਚਿਹਰਾ ਜੋ ਉਤਰਾਖੰਡ ਵਿਚ ਨਜ਼ਰ ਆ ਰਿਹਾ ਹੈ, ਉਹ ਪੰਜਾਬ ਵਿਚ ਕਿਉਂ ਨਹੀਂ?