ਅਫਗਾਨਿਸਤਾਨ ਤੋਂ ਮੁਲੱਠੀ ਦੀ ਆੜ ਵਿਚ ਸਪਲਾਈ ਕੀਤੀ ਗਈ 700 ਕਰੋੜ ਰੁਪਏ ਦੀ ਹੈਰੋਇਨ ਕਸਟਮ ਵਿਭਾਗ ਨੇ ਅਟਾਰੀ ਬਾਰਡਰ ‘ਤੇ ਬਰਾਮਦ ਕੀਤੀ ਹੈ। ਬਰਾਮਦ 102 ਕਿਲੋ ਹੈਰੋਇਨ ਮੁਲੱਠੀ ਦੀਆਂ 340 ਬੋਰੀਆਂ ‘ਚ ਭਰ ਕੇ ਭੇਜੀ ਗਈ ਸੀ। ਕਸਟਮ ਟੀਮ ਨੂੰ ਇਸ ਹੈਰੋਇਨ ਦੀ ਜਾਂਚ ਕਰਨ ਵਿਚ ਹੀ 24 ਘੰਟੇ ਤੋਂ ਵੱਧ ਦਾ ਸਮਾਂ ਲੱਗਾ। ਸ਼ੁਰੂਆਤੀ ਜਾਂਚ ‘ਚ ਸਮਗਲਿੰਗ ਦੇ ਤਾਰ ਅੰਮ੍ਰਿਤਸਰ ਤੇ ਦਿੱਲੀ ਨੂਲ ਜੁੜ ਰਹੇ ਹਨ। ਫਿਲਹਾਲ ਵਿਭਾਗ ਨੇ ਸਾਰਾ ਮਾਲ ਬਰਾਮਦ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪਾਕਿਸਤਾਨ ਤੇ ਅਫਗਾਨਿਸਤਾਨ ਤੋਂ ਵਪਾਰ ਲਈ ਅਟਾਰੀ ਸਰਹੱਦ ‘ਤੇ ਇੰਟੀਗ੍ਰੇਟਿਡ ਚੈਕਪੋਸਟ ਬਣੀ ਹੋਈ ਹੈ। ਅਫਗਾਨਿਸਤਾਨ ਦੇ ਮਜਾਰ-ਏ-ਸ਼ਰੀਫ ਸ਼ਹਿਰ ਦੀ ਅਲੇਮ ਨਾਜਿਰ ਕੰਪਨੀ ਨੇ ਚੈੱਕਪੋਸਟ ‘ਤੇ 340 ਬੋਰੀਆਂ ‘ਚ ਮੁਲੱਠੀ ਦੀ ਸਪਲਾਈ ਭੇਜੀ ਸੀ। ਇਹ ਖੇਪ ਟਰਾਂਸਪੋਰਟ ਖੇਬਰ ਏਜੰਸੀ ਦੇ ਸ਼ਿਨਵਾਰੀ ਕੋਟਲਾ ਦੇ ਰਹਿਣ ਵਾਲੇ ਕਾਯੂਮ ਉਲਾਹ ਨੇ ਇਥੇ ਪਹੁੰਚਾਈ।
ਵੀਡੀਓ ਲਈ ਕਲਿੱਕ ਕਰੋ -:
“ਬਠਿੰਡੇ ਦੀ ਜੱਟੀ ਟੋਹਰ ਨਾਲ ਚਲਾਉਂਦੀ ਐ ਟੈਂਕਰ ਤੇ ਟਰਾਲੇ, ਦੇਖੋ ਸਫ਼ਲ ਲੇਡੀ ਟਰਾਂਸਪੋਰਟਰ ਕਿਵੇਂ ਪਹੁੰਚੀ ਅਰਸ਼ਾਂ ‘ਤੇ !”
ਟਰਾਂਸਪੋਰਟ ਦੀ ਗੱਡੀ 22 ਅਪ੍ਰੈਲ ਨੂੰ ਹੀ 340 ਬੋਰੀਆਂ ਨੂੰ ਉਤਾਰ ਕੇ ਵਾਪਸ ਚਲੀ ਗਈ ਸੀ। ਪੂਰੇ ਖੇਪ ਨੂੰ ਕਾਰਗੋ ਟਰਮੀਨਲ ਦੇ ਗੋਦਾਮ ਨੰਬਰ 2 ਵਿਚ ਰੱਖਿਆ ਗਿਆ ਸੀ। 23 ਅਪ੍ਰੈਲ ਨੂੰ ਜਾਂਚ ਦੌਰਾਨ ਕਸਟਮ ਨੇ ਇੱਕ ਬੋਰੀ ਨੂੰ ਖੋਲ੍ਹਿਆ ਤਾਂ ਉਸ ‘ਚੋਂ ਮੁਲੱਠੀ ਦੇ ਨਾਲ-ਨਾਲ ਹੈਰੋਇਨ ਦੀ ਖੇਪ ਮਿਲੀ।
ਕਸਟਮ ਅਧਿਕਾਰੀ ਰਾਹੁਲ ਨੇ ਦੱਸਿਆ ਕਿ ਖੇਪ ਦੀ ਜਾਂਚ ਐਕਸਰੇ ਮਸ਼ੀਨ ਨਾਲ ਕੀਤੀ ਜਾ ਰਹੀ ਸੀ। ਮੁਲੱਠੀ ਤੋਂ ਇਲਾਵਾ ਕੁਝ ਵੂਡਨ ਬਲਾਕ ਵੀ ਇਨ੍ਹਾਂ ਬੋਰੀਆਂ ਵਿਚ ਨਜ਼ਰ ਆਏ। ਇਸ ਤੋਂ ਬਾਅਦ ਬੋਰੀਆਂ ਖੋਲ੍ਹ ਕੇ ਜਾਂਚ ਸ਼ੁਰੂ ਕੀਤੀ ਗਈ ਤਾਂ ਉਸ ‘ਚ ਹੈਰੋਇਨ ਨੂੰ ਪਲਾਸਟਿਕ ਦੇ ਕੈਪਸੂਲ ਵਿਚ ਲੁਕਾਇਆ ਗਿਆ ਸੀ।
ਐਕਸਰੇ ਦੇ ਬਾਅਦ ਸਾਰੀਆਂ ਬੋਰੀਆਂ ਦੀ ਜਾਂਚ ਕੀਤੀ ਗਈ ਤੇ ਹੁਣ ਤੱਕ ਕੁੱਲ 485 ਵੂਡਨ ਬਲਾਕ ਬਰਾਮਦ ਹੋਏ ਹਨ। ਕਸਟਮ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਬਲਾਕਾਂ ‘ਚ 102 ਕਿਲੋਗ੍ਰਾਮ ਹੈਰੋਇਨ ਦੀ ਖੇਪ ਲੁਕਾਈ ਗਈ ਸੀ। ਫਿਲਹਾਲ ਖੇਪ ਨੂੰ ਜ਼ਬਤ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅਜੇ ਇਸ ਮਾਮਲੇ ‘ਚ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ। ਕੌਮਾਂਤਰੀ ਬਾਜ਼ਾਰ ‘ਚ ਇਸ ਦੀ ਕੀਮਤ 700 ਕਰੋੜ ਰੁਪਏ ਦੱਸੀ ਜਾ ਰਹੀ ਹੈ।