ਉੱਤਰ ਪ੍ਰਦੇਸ਼ ਸਣੇ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਰਾਰੀ ਹਾਰ ਤੋਂ ਬਾਅਦ ਕਾਂਗਰਸ ਹਾਈਕਮਾਨ ਦੀ ਐਤਵਾਰ ਨੂੰ ਸ਼ਾਮ ਚਾਰ ਵਜੇ ਬੈਠਕ ਹੋਵੇਗੀ। ਸੀ.ਡਬਲਿਊ.ਸੀ. ਦੀ ਇਹ ਮੀਟਿੰਗ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਪ੍ਰਧਾਨਗੀ ਹੇਠ ਹੋਵੇਗੀ।
ਪੰਜ ਰਾਜਾਂ ਵਿੱਚ ਕਾਂਗਰਸ ਦੀ ਕਰਾਰੀ ਹਾਰ ਨੂੰ ਵੇਖਦੇ ਹੋਏ ਇਹ ਬੈਠਕ ਬਹੁਤ ਹੀ ਅਹਿਮ ਮੰਨੀ ਜਾ ਰਹੀ ਹੈ। ਸੂਤਰਾਂ ਮੁਤਾਬਕ ਸੰਗਠਨਾਤਮਕ ਚੋਣਾਂ ਸਤੰਬਰ ਵਿਚ ਹੋਣੀਆਂ ਹਨ ਪਰ ਲੀਡਰਸ਼ਿਪ ਨੂੰ ਲੈ ਕੇ ਉਠਦੇ ਸਵਾਲਾਂ ਦੇ ਵਿਚਾਲੇ ਮੰਨਿਆ ਜਾ ਰਿਹਾ ਹੈ ਕਿ ਇਸ ਨੂੰ ਸਮੇਂ ਤੋਂ ਪਹਿਲਾਂ ਕਰਵਾਇਆ ਜਾ ਸਕਦਾ ਹੈ। ਇਹ ਬੈਠਕ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਕਾਂਗਰਸ ਦੇ ਅਸੰਤੁਸ਼ਟ ਧੜੇ ਜੀ-23 ਦੇ ਕੁਝ ਨੇਤਾਵਾਂ ਨੇ ਸ਼ੁੱਕਰਵਾਰ ਰਾਤ ਨੂੰ ਬੈਠਕ ਕੀਤੀ ਸੀ।
ਕਾਂਗਰਸ ਦੇ ਸੀਨੀਅਰ ਨੇਤਾ ਗੁਲਾਮ ਨਬੀ ਆਜ਼ਾਦ ਦੇ ਘਰ ਹੋਈ ਇਸ ਬੈਠਕ ਵਿੱਚ ਮਨੀਸ਼ ਤਿਵਾਰੀ ਤੇ ਹੋਰ ਨੇਤਾ ਸ਼ਾਮਲ ਹੋਏ ਸਨ। ਉੱਤਰ ਪ੍ਰਦੇਸ਼, ਪੰਜਾਬ, ਗੋਆ ਤੇ ਮਣੀਪੁਰ ਵਿੱਚ ਕਾਂਗਰਸ ਕੋਈ ਖਾਸ ਕਮਾਲ ਨਹੀਂ ਕਰ ਸਕੀ ਹੈ। ਦੂਜੇ ਪਾਸੇ ਪੰਜਾਬ ਵਿੱਚ ਉਸ ਨੇ ਮਾੜੇ ਪ੍ਰਦਰਸ਼ਨ ਨਾਲ ਸੱਤਾ ਗੁਆ ਦਿੱਤੀ ਹੈ।
ਉੱਤਰ ਪ੍ਰਦੇਸ਼ ਵਿੱਚ ਪ੍ਰਿਯੰਕਾ ਗਾਂਧੀ ਨੇ ਚੋਣ ਪ੍ਰਚਾਰ ਦੀ ਕਮਾਨ ਸੰਭਾਲੀ ਸੀ ਪਰ ਕਾਂਗਰਸ ਸਿਰਫ ਦੋ ਸੀਟਾਂ ਹੀ ਜਿੱਤ ਸਕੀ। ਰਾਹੁਲ ਗਾਂਧੀ ਨੇ ਪੂਰੇ ਯੂਪੀ ਚੋਣਾਂ ਵਿੱਚ ਬਹੁਤ ਘੱਟ ਪ੍ਰਚਾਰ ਕੀਤਾ। ਉਨ੍ਹਾਂ ਨੂੰ ਰਾਜ ਵਿੱਚ ਸਿਰਫ 2.4 ਫੀਸਦੀ ਵੋਟਾਂ ਮਿਲੀਆਂ। ਯੂਪੀ ਦੀਆਂ 380 ਸੀਟਾਂ ‘ਤੇ ਕਾਂਗਰਸੀ ਉਮੀਦਵਾਰਾਂ ਦੀ ਜਮ਼ਾਨਤ ਤੱਕ ਜ਼ਬਤ ਹੋ ਗਈ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਕਾਂਗਰਸ ਦੀ ਹਾਰ ਤੋਂ ਬਾਅਦ ਕੇਰਲ ਦੇ ਸਾਂਸਦ ਸ਼ਸ਼ੀ ਥਰੂਰ ਸਣੇ ਕਈ ਨੇਤਾ ਪਹਿਲਾਂ ਹੀ ਚੋਟੀ ਪੱਧਰ ‘ਤੇ ਬਦਲਾਅ ਦੀ ਮੰਗ ਕਰ ਚੁੱਕੇ ਹਨ। ਹਾਲਾਂਕਿ ਕਰਨਾਟਕ ਦੇ ਸੀਨੀਅਰ ਨੇਤਾ ਮੱਲਿਕਾਰਜੁਨ ਖੜਗੇ ਤੇ ਡੀਕੇ ਸ਼ਿਵਕੁਮਾਰ ਨੇ ਗਾਂਧੀ ਪਰਿਵਾਰ ਪ੍ਰਤੀ ਭਰੋਸਾ ਜਤਾਇਆ ਹੈ। ਹਾਰ ਤੋਂ ਬਾਅਦ ਯੂਪੀ ਕਾਂਗਰਸ ਵਿੱਚ ਵੀ ਕਈ ਨੇਤਾਵਾਂ ਨੇ ਪਾਰਟੀ ਛੱਡਣ ਦਾ ਐਲਾਨ ਕੀਤਾ ਹੈ। ਦੂਜੇ ਪਾਸੇ ਯੂਪੀ ਕਾਂਗਰਸ ਦੇ ਇਲੈਕਟ੍ਰਾਨਿਕ ਮੀਡੀਆ ਕੋਆਰਡੀਨੇਟਰ ਜੀਸ਼ਾਨ ਹੈਦਰ ਨੂੰ ਪਾਰਟੀ ਨੇ ਲੀਡਰਸ਼ੀਪ ਪ੍ਰਤੀ ਇਤਰਾਜ਼ਯੋਗ ਬਿਆਨ ਨੂੰ ਲੈ ਕੇ ਪਾਰਟੀ ਤੋਂ ਕੱਢ ਦਿੱਤਾ ਹੈ।