ਮੋਗਾ ਜ਼ਿਲੇ ਦੇ ਪਿੰਡ ਤਲਵੰਡੀ ਮੱਲੀਆਂ ਦੇ ਰਹਿਣ ਵਾਲੇ ਅਮਰਜੀਤ ਸਿੰਘ ਨਾਲ ਉਸ ਦੀ ਨੂੰਹ ਵੱਲੋਂ ਧੋਖਾਧੜੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜ਼ਿਲ੍ਹਾ ਪੁਲਿਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ ਵਿੱਚ ਅਮਰਜੀਤ ਸਿੰਘ ਨੇ ਦੱਸਿਆ ਕਿ ਉਹ ਖੇਤੀਬਾੜੀ ਦਾ ਕੰਮ ਕਰਦਾ ਹੈ। ਲੜਕਾ ਵਿਦੇਸ਼ ਜਾਣਾ ਚਾਹੁੰਦਾ ਸੀ, ਜਿਸ ‘ਤੇ ਉਸ ਨੇ ਫਰੀਦਕੋਟ ਦੇ ਰਹਿਣ ਵਾਲੇ ਆਪਣੇ ਇਕ ਰਿਸ਼ਤੇਦਾਰ ਨਾਲ ਗੱਲ ਕੀਤੀ ਤਾਂ ਉਸ ਨੇ ਦੱਸਿਆ ਕਿ ਬੇਅੰਤ ਕੌਰ ਪੁੱਤਰੀ ਦਲਜੀਤ ਸਿੰਘ ਵਾਸੀ ਪਿੰਡ ਨਰਾਇਣਗੜ੍ਹ ਫਰੀਦਕੋਟ ਨੇ ਆਈਲੈਟਸ ਕੀਤੀ ਹੋਈ ਹੈ। ਉਸ ਦਾ ਪਰਿਵਾਰ ਉਸ ਨੂੰ ਕੈਨੇਡਾ ਭੇਜਣਾ ਚਾਹੁੰਦਾ ਹੈ ਪਰ ਉਨ੍ਹਾਂ ਨੂੰ ਖਰਚੇ ਲਈ ਮੁੰਡੇ ਦੀ ਲੋੜ ਹੈ, ਜਿਸ ‘ਤੇ ਦੋਵਾਂ ਧਿਰਾਂ ਵਿਚਾਲੇ ਗੱਲਬਾਤ ਹੋ ਗਈ ਅਤੇ ਮੁੰਡੇ ਵਾਲਿਆਂ ਨੇ ਲੜਕੀ ਨੂੰ ਸਟੱਡੀ ਬੇਸ ‘ਤੇ ਕੈਨੇਡਾ ਭੇਜਣ ਤੋਂ ਲੈ ਕੇ ਉਥੇ ਪੜ੍ਹਾਈ ਤੱਕ ਦਾ ਸਾਰਾ ਖਰਚਾ ਚੁੱਕਣ ਦੀ ਗੱਲ ਕਹੀ। ਇਸ ਤੋਂ ਬਾਅਦ ਉਨ੍ਹਾਂ ਨੇ 20 ਦਸੰਬਰ 2019 ਨੂੰ ਬੇਅੰਤ ਕੌਰ ਪੁੱਤਰੀ ਦਲਜੀਤ ਸਿੰਘ ਨਾਲ ਬੇਟੇ ਜਸਬੀਰ ਸਿੰਘ ਦਾ ਵਿਆਹ ਧਾਰਮਿਕ ਰੀਤੀ ਰਿਵਾਜਾਂ ਮੁਤਾਬਕ ਕਰ ਦਿੱਤਾ।
ਵਿਆਹ ਤੋਂ ਪਹਿਲਾਂ ਨੂੰਹ ਦੀ ਫਾਈਲ ਲਾਉਣ ਲਈ 1 ਅਕਤੂਬਰ 2019 ਨੂੰ ਦਲਜੀਤ ਸਿੰਘ ਦੇ ਖਾਤੇ ਵਿੱਚ 3 ਲੱਖ 80 ਹਜ਼ਾਰ ਰੁਪਏ ਜਮ੍ਹਾ ਕੀਤੇ ਅਤੇ ਬਾਅਦ ਵਿੱਚ ਹੌਲੀ-ਹੌਲੀ ਹੋਰ ਪੈਸਿਆਂ ਦਾ ਭੁਗਤਾਨ ਕਰਦੇ ਰਹੇ। ਜਦੋਂ ਬੇਅੰਤ ਕੌਰ ਦਾ ਵੀਜ਼ਾ ਆਇਆ ਤਾਂ ਉਨ੍ਹਾਂ ਨੇ ਉਸ ਤੋਂ ਬਾਅਦ ਵਿਆਹ ਕਰ ਲਿਆ। ਇਸ ਤਰ੍ਹਾਂ 15 ਲੱਖ ਖਰਚਾ ਹੋ ਗਿਆ। ਫਿਰ ਟਿਕਟ ਲੈ ਕੇ ਨੂੰਹ ਨੂੰ ਕੈਨੇਡਾ ਭੇਜ ਦਿੱਤਾ ਗਿਆ। ਉਸ ਨੇ ਭਰੋਸਾ ਦਿਵਾਇਆ ਸੀ ਕਿ ਉਹ ਕੈਨੇਡਾ ਜਾ ਕੇ ਪੀਆਰ ਲਈ ਅਪਲਾਈ ਕਰ ਦੇਵੇਗੀ।
ਇਸ ਤਰ੍ਹਾਂ ਵੱਖ-ਵੱਖ ਤਰੀਕਾਂ ‘ਤੇ ਨੂੰਹ ਦੇ ਖਾਤੇ ‘ਚ 18 ਹਜ਼ਾਰ 400 ਕੈਨੇਡੀਅਨ ਡਾਲਰ ਜਮ੍ਹਾ ਕਰਵਾਏ ਗਏ। ਬੇਅੰਤ ਕੌਰ ਨੇ ਉਨ੍ਹਾਂ ਦੇ ਬੇਟੇ ਜਸਵੀਰ ਸਿੰਘ ਨੂੰ ਕੈਨੇਡਾ ਬੁਲਾਉਣ ਲਈ ਫਾਈਲ ਪਾ ਦਿੱਤੀ ਅਤੇ ਇੰਟਰਵਿਊ ਤੋਂ ਬਾਅਦ ਉਹ ਭਾਰਤ ਵਾਪਸ ਆ ਗਈ। 8 ਜੂਨ 2022 ਨੂੰ ਉਹ ਲੜਕੇ ਜਸਵੀਰ ਸਿੰਘ ਨੂੰ ਆਪਣੇ ਨਾਲ ਕੈਨੇਡਾ ਲੈ ਗਈ। ਉਸ ਨੇ ਦੱਸਿਆ ਕਿ ਉਸ ਦਾ ਲੜਕਾ ਉਨ੍ਹਾਂ ਦੀ ਨੂੰਹ ਸਮੇਤ ਉਨ੍ਹਾਂ ਦੇ ਭਤੀਜੇ ਗੁਰਦੀਪ ਸਿੰਘ ਕੋਲ ਰਹਿਣ ਲੱਗਾ।
ਇਹ ਵੀ ਪੜ੍ਹੋ : ਲੁਧਿਆਣਾ : ਡਾਕਟਰ ‘ਡਕਾਰ’ ਗਿਆ ਸਰਕਾਰ ਦੇ ਲੱਖਾਂ ਰੁ. ਮਾਪਿਆਂ ਦੀ ਮੌਤ ਦੇ ਮਗਰੋਂ ਵੀ ਲੈਂਦਾ ਰਿਹਾ ਪੈਨਸ਼ਨ
ਕੁਝ ਸਮੇਂ ਬਾਅਦ ਉਨ੍ਹਾਂ ਦੀ ਨੂੰਹ ਬੇਅੰਤ ਕੌਰ ਵੱਖ ਰਹਿਣ ਲੱਗੀ ਅਤੇ ਲੜਾਈ-ਝਗੜਾ ਕਰਨ ਲੱਗੀ। ਇਸ ਤੋਂ ਬਾਅਦ ਪੀ.ਆਰ. ਦਰਜ ਕਰਵਾਈ ਪਰ ਬਲੈਕਮੇਲਿੰਗ ਸ਼ੁਰੂ ਕਰ ਦਿੱਤੀ। ਉਸਨੇ ਕਿਹਾ ਕਿ ਉਹ ਆਪਣੇ ਪਰਿਵਾਰਕ ਮੈਂਬਰਾਂ ਨਾਲ ਗੱਲ ਕਰੇਗੀ ਅਤੇ ਬਾਅਦ ਵਿੱਚ 40,000 ਕੈਨੇਡੀਅਨ ਡਾਲਰ ਦੀ ਮੰਗ ਕੀਤੀ। ਇਸ ’ਤੇ ਪਰਿਵਾਰਕ ਮੈਂਬਰਾਂ ਨੇ ਪੰਚਾਇਤ ਰਾਹੀਂ ਕੈਨੇਡਾ ਅਤੇ ਭਾਰਤ ਵਿੱਚ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ। ਪਰ ਕਿਸੇ ਨੇ ਨਾ ਸੁਣੀ ਅਤੇ ਪੀਆਰ ਫਾਈਲ ਵਾਪਸ ਲੈ ਲਈ।
ਸਹੁਰਿਆਂ ਨੇ ਦੱਸਿਆ ਕਿ ਨੂੰਹ ਨੇ ਪਰਿਵਾਰ ਨਾਲ ਮਿਲ ਕੇ 30 ਲੱਖ ਰੁਪਏ ਦੀ ਠੱਗੀ ਮਾਰ ਕੇ ਬੇਟੇ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਹੈ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਜ਼ਿਲ੍ਹਾ ਪੁਲਿਸ ਮੁਖੀ ਮੋਗਾ ਨੇ ਐਂਟੀ ਫਰਾਡ ਸੈੱਲ ਮੋਗਾ ਨੂੰ ਇਸ ਦੀ ਜਾਂਚ ਦੇ ਹੁਕਮ ਦਿੱਤੇ ਹਨ। ਜਾਂਚ ਅਧਿਕਾਰੀ ਨੇ ਦੋਵਾਂ ਧਿਰਾਂ ਨੂੰ ਆਪਣੇ ਬਿਆਨ ਦਰਜ ਕਰਵਾਉਣ ਲਈ ਬੁਲਾਇਆ। ਸ਼ਿਕਾਇਤਕਰਤਾ ਦੇ ਦੋਸ਼ ਸਹੀ ਪਾਏ ਜਾਣ ‘ਤੇ ਬੇਅੰਤ ਕੌਰ ਅਤੇ ਉਸ ਦੇ ਪਿਤਾ ਦਲਜੀਤ ਸਿੰਘ ਵਾਸੀ ਪਿੰਡ ਨਰਾਇਣਗੜ੍ਹ ਦੇ ਖਿਲਾਫ ਥਾਣਾ ਅਜੀਤਵਾਲ ਵਿਖੇ ਧੋਖਾਧੜੀ ਅਤੇ ਕਥਿਤ ਮਿਲੀਭੁਗਤ ਦਾ ਮਾਮਲਾ ਦਰਜ ਕੀਤਾ ਗਿਆ ਹੈ। ਐਸਐਚਓ ਸੁਖਮੰਦਰ ਸਿੰਘ ਮਾਮਲੇ ਦੀ ਅਗਲੇਰੀ ਜਾਂਚ ਕਰ ਰਹੇ ਹਨ, ਗ੍ਰਿਫ਼ਤਾਰੀ ਬਾਕੀ ਹੈ।
ਵੀਡੀਓ ਲਈ ਕਲਿੱਕ ਕਰੋ -: