ਆਬੂਧਾਬੀ ਵਿਚ ਹੋਏ ਡ੍ਰੋਨ ਹਮਲੇ ਦੌਰਾਨ ਜਾਨ ਗੁਆਉਣ ਵਾਲੇ ਭਾਰਤੀਆਂ ਦੀਆਂ ਮ੍ਰਿਤਕ ਦੇਹਾਂ ਅੱਜ ਅੰਮ੍ਰਿਤਸਰ ਏਅਰਪੋਰਟ ਉਤੇ ਪਹੁੰਚ ਗਈਆਂ। ਦੋਵਾਂ ਦੀ ਪਛਾਣ ਅੰਮ੍ਰਿਤਸਰ ਦੇ ਬਾਬਾ ਬਕਾਲਾ ਸਾਹਿਬ ਦੇ ਪਿੰਡ ਮਹਿਸਾਮਪੁਰ ਖੁਰਦ ਨਿਵਾਸੀ ਹਰਦੀਪ ਸਿੰਘ ਤੇ ਮੋਗਾ ਦੇ ਬਾਘਾਪੁਰਾਣਾ ਪਿੰਡ ਨਾਥੋਕੇ ਨਿਵਾਸੀ ਹਰਦੇਵ ਸਿੰਘ ਵਜੋਂ ਹੋਈ ਹੈ। ਦੋਵਾਂ ਦੀਆਂ ਮ੍ਰਿਤਕ ਦੇਹਾਂ ਨੂੰ ਪਰਿਵਾਰ ਨੂੰ ਸੌਂਪ ਦਿੱਤਾ ਗਿਆ ਹੈ।
ਆਬੂਧਾਬੀ ਦੇ ਏਅਰਪੋਰਟ ‘ਤੇ ਬੀਤੇ ਸੋਮਵਾਰ ਨੂੰ ਡ੍ਰੋਨ ਨਾਲ ਹਮਲਾ ਹੋਇਆ ਸੀ ਜਿਸ ਵਿਚ ਇੱਕ ਪਾਕਿਸਤਾਨੀ ਤੇ ਦੋ ਭਾਰਤੀਆਂ ਦੀ ਮੌਤ ਹੋ ਗਈ ਸੀ। ਇਹ ਵਿਸਫੋਟ ਪੈਟਰੋਲ ਟੈਂਕਰਾਂ ਉਤੇ ਕੀਤਾ ਗਿਆ ਸੀ ਜਿਸ ਵਿਚ ਮਰਨ ਵਾਲੇ ਤਿੰਨੋਂ ਨੌਜਵਾਨ ਚਲਾ ਰਹੇ ਸਨ। ਹਰਦੀਪ ਦੀ ਮ੍ਰਿਤਕ ਦੇਹ ਨੂੰ ਲੈਣ ਲਈ ਉਸ ਦਾ ਪਰਿਵਾਰ ਅੰਮ੍ਰਿਤਸਰ ਏਅਰਪੋਰਟ ‘ਤੇ ਪਹੁੰਚਿਆ ਜਦੋਂ ਕਿ ਹਰਦੇਵ ਸਿੰਘ ਦਾ ਭਰਾ ਸੁਖਦੇਵ ਸਿੰਘ ਮ੍ਰਿਤਕ ਦੇਹ ਨੂੰ ਖੁਦ ਲੈ ਕੇ ਅੰਮ੍ਰਿਤਸਰ ਏਅਰਪੋਰਟ ਪੁੱਜੇ। ਏਅਰਪੋਰਟ ‘ਤੇ ਦੋਵਾਂ ਦੀ ਮ੍ਰਿਤਕ ਦੇਹ ਨੂੰ ਸ਼ਰਧਾਂਜਲੀ ਦਿੱਤੀ ਗਈ।
ਮ੍ਰਿਤਕ ਹਰਦੇਵ ਦੇ ਭਰਾ ਸੁਖਦੇਵ ਨੇ ਦੱਸਿਆ ਕਿ ਉਹ 18 ਸਾਲ ਦਾ ਸੀ ਜਦੋਂ ਉਹ ਦੁਬਈ ਪੈਸੇ ਕਮਾਉਣ ਗਿਆ ਸੀ। ਸਾਰਾ ਕੁਝ ਠੀਕ-ਠਾਕ ਸੀ। ਇੰਨੇ ਸਾਲ ਕੋਈ ਪ੍ਰੇਸ਼ਾਨੀ ਨਹੀਂ ਹੋਈ ਪਰ ਅਚਾਨਕ ਇਸ ਹਾਦਸੇ ਨੇ ਉਨ੍ਹਾਂ ਦੇ ਭਰਾ ਦੀ ਜਾਨ ਲੈ ਲਈ। ਹਰਦੇਵ ਵਿਆਹਿਆ ਹੋਇਆ ਹੈ ਤੇ ਉਸ ਦਾ ਇੱਕ 4 ਸਾਲ ਦਾ ਬੱਚਾ ਹੈ।
ਦੂਜੇ ਪਾਸੇ ਮ੍ਰਿਤਕ ਹਰਦੀਪ ਦੇ ਭਰਾ ਰਾਜਬੀਰ ਨੇ ਦੱਸਿਆ ਕਿ ਉਸ ਦੀ ਉਮਰ 26 ਸਾਲ ਸੀ। 8 ਮਹੀਨੇ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਸੀ। ਵਿਆਹ ਤੋਂ ਬਾਅਦ ਹਰਦੀਪ ਦੀ ਪਤਨੀ ਕੈਨੇਡਾ ਚਲੀ ਗਈ ਅਤੇ ਉਹ ਖੁਦ ਯੂਏਈ ਚਲਾ ਗਿਆ। ਉਥੇ ਉਹ ਆਇਲ ਟੈਂਕਰ ਚਲਾਉਂਦਾ ਸੀ। ਹਰਦੀਪ ਦੀ ਮੌਤ ਦੀ ਖਬਰ ਤੋਂ ਬਾਅਦ ਪਿਤਾ ਬਲਵਿੰਦਰ ਤੇ ਮਾਤਾ ਚਰਨਜੀਤ ਕੌਰ ਘਰ ਉਤੇ ਇੱਕਲੇ ਰਹਿ ਗਏ ਹਨ।
ਵੀਡੀਓ ਲਈ ਕਲਿੱਕ ਕਰੋ -: