ਪੰਜਾਬ ਵਿਚ ਲੁਧਿਆਣਾ ਪੁਲਿਸ ਨੇ ਮਚੂਅਲ ਫੰਡ ਵਿਚ ਪੈਸਾ ਲਗਾਉਣ ਵਾਲਿਆਂ ਦੇ ਜਾਅਲੀ ਡੈੱਥ ਸਰਟੀਫਿਕੇਟ ਬਣਵਾ ਕੇ ਉਨ੍ਹਾਂ ਦੇ 49 ਲੱਖ ਰੁਪਏ ਕਢਵਾ ਲੈਣ ਵਾਲੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਦੋਸ਼ੀ ਦਾ ਨਾਂ ਸੰਦੀਪ ਸਿੰਘ ਹੈ ਜੋ ਲੁਧਿਆਣਾ ਦੇ ਭਾਈ ਰਣਧੀਪ ਸਿੰਘ ਨਗਰ ਦਾ ਰਹਿਣ ਵਾਲਾ ਹੈ। ਸੰਦੀਪ ਖੁਦ ਲੁਧਿਆਣਾ ਵਿਚ HDFC ਮਚੂਅਲ ਫੰਡ ਦੀ ਫਿਰੋਜ਼ਗਾਂਧੀ ਮਾਰਕੀਟ ਬ੍ਰਾਂਚ ਵਿਚ ਕੰਮ ਕਰਦਾ ਹੈ।
ਲੁਧਿਆਣਾ ਵਿਚ ਐੱਚਡੀਐੱਫਸੀ ਬੈਂਕ ਦੇ ਸੀਨੀਅਰ ਅਧਿਕਾਰੀ ਸ਼ੀਸ਼ਪਾਲ ਸਿੰਘ ਨੇ ਪੁਲਿਸ ਵਿਚ ਸੰਦੀਪ ਸਿੰਘ ਖਿਲਾਫ ਸ਼ਿਕਾਇਤ ਦਰਜ ਕਰਾਈ। ਲੁਧਿਆਣਾ ਦੇ ਡਵੀਜ਼ਨ ਨੰਬਰ 5 ਥਾਣੇ ਵਿਚ ਉਸ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਲੁਧਿਆਣਾ ਸੀਆਈਏ-1 ਦੇ ਇੰਸਪੈਕਟਰ ਰਾਜੇਸ਼ ਸ਼ਰਮਾ ਨੇ ਮੰਗਲਵਾਰ ਨੂੰ ਛਾਪਾ ਮਾਰ ਕੇ ਸੰਦੀਪ ਸਿੰਘ ਨੂੰ ਗ੍ਰਿਫਤਾਰ ਕਰ ਲਿਆ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਮੁਤਾਬਕ ਸੰਦੀਪ ਸਿੰਘ ਮਚੂਅਲ ਫੰਡ ਵਿਚ ਪੈਸਾ ਲਗਾਉਣ ਵਾਲਿਆਂ ਦੇ ਫਰਜ਼ੀ ਡੈੱਥ ਸਰਟੀਫਿਕੇਟ ਬਣਵਾ ਕੇ ਉਨ੍ਹਾਂ ਦੇ ਪੈਸੇ ਕਢਵਾ ਲੈਂਦਾ ਸੀ। ਉਹ ਹੁਣ ਤੱਕ ਵੱਖ-ਵੱਖ ਲੋਕਾਂ ਦੇ ਖਾਤਿਆਂ ਤੋਂ 49 ਲੱਖ ਰੁਪਏ ਕਢਵਾ ਚੁੱਕਾ ਹੈ।ਹੁਣ ਤੱਕ 98 ਲੋਕਾਂ ਦੇ ਕੇਸ ਪੁਲਿਸ ਸਾਹਮਣੇ ਆ ਰਹੇ ਹਨ। ਪੁਲਿਸ ਦੋ ਹੋਰ ਦੋਸ਼ੀਆਂ ਦੀ ਭਾਲ ਵਿਚ ਹੈ।
ਮਚੂਅਲ ਫੰਡ ਕੰਪਨੀ ਦਾ ਮੁਲਾਜ਼ਮ ਹੋਣ ਕਾਰਨ ਸੰਦੀਪ ਸਿੰਘ ਨੂੰ ਸਾਰੇ ਅਜਿਹੇ ਖਾਤਿਆਂ ਦੀ ਜਾਣਕਾਰੀ ਹੁੰਦੀ ਸੀ ਜਿਨ੍ਹਾਂ ਵਿਚ ਜਾਂ ਤਾਂ ਲੰਬੇ ਸਮੇਂ ਤੋਂ ਟ੍ਰਾਂਜੈਕਸ਼ਨ ਨਹੀਂ ਹੋ ਰਿਹਾ ਸੀ ਜਾਂ ਜੋ ਲੰਬੇ ਸਮੇਂ ਤੋਂ ਆਪ੍ਰੇਟਿਵ ਨਹੀਂ ਸਨ। ਸੰਦੀਪ ਨੂੰ ਲਗਭਗ ਸਾਰੇ ਕਲਾਈਂਟਸ ਦੀ ਵੀ ਜਾਣਕਾਰੀ ਹੁੰਦੀ ਸੀ। ਇਸ ਲਈ ਉਹ ਗਲਤ ਤਰੀਕੇ ਨਾਲ ਲੋਕਾਂ ਦੇ ਫਰਜ਼ੀ ਡੈੱਥ ਸਰਟੀਫਿਕੇਟ ਬਣਵਾ ਕੇ ਉਨ੍ਹਾਂ ਦੇ ਅਕਾਊਂਟਸ ਵਿਚ ਪਈ ਰਕਮ ਕਢਵਾ ਲੈਂਦਾ ਸੀ। ਸੰਦੀਪ ਸਿੰਘ ਨੂੰ ਕੱਲ੍ਹ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ‘ਤੇ ਲਿਆ ਜਾਵੇਗਾ ਤਾਂ ਕਿ ਘਪਲੇ ਦੀ ਸਹੀ ਰਕਮ ਅਤੇ ਉਸ ਦੀ ਠੱਗੀ ਦਾ ਸ਼ਿਕਾਰ ਬਣੇ ਲੋਕਾਂ ਦੀ ਲਿਸਟ ਪਤਾ ਲੱਗ ਸਕੇ।
ਵੀਡੀਓ ਲਈ ਕਲਿੱਕ ਕਰੋ -: