ਭਾਰਤੀ ਏਜੰਸੀਆਂ ਨੇ ਵਿਦੇਸ਼ਾਂ ‘ਚ ਲੁਕੇ ਗੈਂਗਸਟਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਗੈਂਗਸਟਰਾਂ ‘ਤੇ ਸ਼ਿਕੰਜਾ ਕੱਸਣ ਲਈ ਗਠਿਤ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਲਾਰੈਂਸ ਗੈਂਗ ਦੇ ਗੈਂਗਸਟਰ ਦੀਪਕ ਬਾਕਸਰ ਨੂੰ ਮੈਕਸੀਕੋ ‘ਚ ਗ੍ਰਿਫਤਾਰ ਕੀਤਾ ਹੈ। ਜਬਰਨ ਵਸੂਲੀ ਅਤੇ ਕਤਲ ਦੇ ਮਾਮਲਿਆਂ ਵਿੱਚ ਲੋੜੀਂਦੇ ਅਪਰਾਧੀ ਦੀਪਕ ਬਾਕਸਰ ਨੂੰ ਮੈਕਸੀਕੋ ਵਿੱਚ FBI ਅਤੇ ਇੰਟਰਪੋਲ ਦੀ ਮਦਦ ਨਾਲ ਗ੍ਰਿਫ਼ਤਾਰ ਕੀਤਾ ਗਿਆ ਹੈ।
ਹਰਿਆਣਾ ਦੇ ਗਨੌਰ ਦਾ ਰਹਿਣ ਵਾਲਾ ਗੈਂਗਸਟਰ ਦੀਪਕ ਬਾਕਸਰ ਦਿੱਲੀ ਦੇ ਸਿਵਲ ਲਾਈਨਜ਼ ‘ਚ ਬਿਲਡਰ ਅਮਿਤ ਗੁਪਤਾ ਦੀ ਹੱਤਿਆ ਸਮੇਤ ਫਿਰੌਤੀ ਦੇ ਕਈ ਮਾਮਲਿਆਂ ‘ਚ ਭਗੌੜਾ ਸੀ। ਦਿੱਲੀ ਪੁਲਿਸ ਨੇ ਉਸ ‘ਤੇ 3 ਲੱਖ ਰੁਪਏ ਦਾ ਇਨਾਮ ਐਲਾਨ ਕੀਤਾ ਸੀ। ਗੈਂਗਸਟਰ ਜਤਿੰਦਰ ਗੋਗੀ ਨੂੰ ਦੀਪਕ ਬਾਕਸਰ ਨੇ ਸਤੰਬਰ 2021 ਵਿੱਚ ਰੋਹਿਣੀ ਕੋਰਟ ਵਿੱਚ ਸ਼ਰੇਆਮ ਗੋਲੀਆਂ ਚਲਾ ਕੇ ਮਾਰ ਦਿੱਤਾ ਸੀ। ਇਸ ਤੋਂ ਬਾਅਦ ਉਹ ਆਪਣੇ ਮਾਲਕ ਦੀ ਗੱਦੀ ‘ਤੇ ਬੈਠ ਕੇ ਗੋਗੀ ਗੈਂਗ ਦਾ ਮੁਖੀ ਬਣ ਗਿਆ।
ਬਠਿੰਡਾ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਅਤੇ ਵਿਦੇਸ਼ ਵਿੱਚ ਬੈਠੇ ਗੈਂਗਸਟਰ ਗੋਲਡੀ ਬਰਾੜ ਦਾ ਖਾਸ ਵਿਅਕਤੀ ਦੀਪਕ ਬਾਕਸਰ ਇਸ ਸਾਲ ਜਨਵਰੀ ਵਿਚ ਵਿਦੇਸ਼ ਭੱਜ ਗਿਆ ਸੀ। ਦੀਪਕ ਬਾਕਸਰ 29 ਜਨਵਰੀ 2023 ਨੂੰ ਜਾਅਲੀ ਪਾਸਪੋਰਟ ‘ਤੇ ਕੋਲਕਾਤਾ ਤੋਂ ਫਲਾਈਟ ਲੈ ਕੇ ਮੈਕਸੀਕੋ ਭੱਜ ਗਿਆ ਸੀ। ਦੀਪਕ ਨੇ ਲਾਰੈਂਸ ਅਤੇ ਗੋਲਡੀ ਬਰਾੜ ਦੀ ਮਦਦ ਨਾਲ ਰਵੀ ਪੁੱਤਰ ਮਨੋਜ ਦੀ ਮਾਂ ਸਰੋਜ ਵਾਸੀ ਮੁਰਾਦਾਬਾਦ, ਉੱਤਰ ਪ੍ਰਦੇਸ਼ ਦੇ ਪਤੇ ‘ਤੇ ਜਾਅਲੀ ਪਾਸਪੋਰਟ ਬਣਾਇਆ। ਇਸ ਤੋਂ ਬਾਅਦ ਦੀਪਕ ਬਾਕਸਰ ਕੋਲਕਾਤਾ ਤੋਂ ਫਲਾਈਟ ਲੈ ਕੇ ਮੈਕਸੀਕੋ ਪਹੁੰਚਿਆ।
ਇਹ ਵੀ ਪੜ੍ਹੋ : ਆਸਟ੍ਰੇਲੀਆ ‘ਚ Tiktok ‘ਤੇ ਲੱਗੀ ਪਾਬੰਦੀ, ਸਰਕਾਰੀ ਅਧਿਕਾਰੀ ਨਹੀਂ ਕਰ ਸਕਣਗੇ ਵਰਤੋਂ
ਦਿੱਲੀ ਪੁਲਿਸ ਦੇ ਅਧਿਕਾਰੀਆਂ ਨੇ ਜਾਣਕਰੀ ਦਿੰਦਿਆਂ ਦੱਸਿਆ ਕਿ ਜਦੋਂ ਪੁਲਿਸ ਨੂੰ ਦੀਪਕ ਦੇ ਮੈਕਸੀਕੋ ਵਿੱਚ ਹੋਣ ਬਾਰੇ ਪਤਾ ਲੱਗਾ ਤਾਂ ਉਹ ਐਫਬੀਆਈ ਦੀ ਮਦਦ ਨਾਲ ਉਸ ਨੂੰ ਫੜਨ ਵਿੱਚ ਜੁਟ ਗਈ। ਸਪੈਸ਼ਲ ਸੈੱਲ ਨੇ FBI ਦੀ ਮਦਦ ਨਾਲ ਉਸ ਨੂੰ ਮੈਕਸੀਕੋ ‘ਚ ਗ੍ਰਿਫ਼ਤਾਰ ਕਰ ਲਿਆ ਹੈ। ਇਹ ਪਹਿਲੀ ਵਾਰ ਹੈ ਜਦੋਂ ਦਿੱਲੀ ਪੁਲਿਸ FBI ਦੀ ਮਦਦ ਨਾਲ ਕਿਸੇ ਗੈਂਗਸਟਰ ਨੂੰ ਫੜਨ ਲਈ ਵਿਦੇਸ਼ ਗਈ ਹੈ। ਉਨ੍ਹਾਂ ਦੱਸਿਆ ਕਿ ਗੈਂਗਸਟਰ ਨੂੰ ਭਾਰਤ ਲਿਆਉਣ ਦੀ ਪ੍ਰਕਿਰਿਆ ਪੂਰੀ ਕਰ ਲਈ ਗਈ ਹੈ ਅਤੇ ਜਲਦ ਹੀ ਉਸਨੂੰ ਭਾਰਤ ਲਿਆਂਦਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: