ਪੁਲਿਸ ਦੀ ਕਸਟੱਡੀ ਤੋਂ ਫਰਾਰ ਹੋਇਆ ਸਿੱਧੂ ਮੂਸੇਵਾਲਾ ਕਤਲਕਾਂਡ ਵਿਚ ਦੋਸ਼ੀ ਦੀਪਕ ਟੀਨੂੰ ਦੱਖਣੀ ਅਫਰੀਕਾ ਪਹੁੰਚ ਗਿਆ ਹੈ। ਟੀਨੂੰ ਗੈਂਗਸਟਰ ਲਾਰੈਂਸ ਦਾ ਖਾਸ ਸਾਥੀ ਹੈ। ਟੀਨੂੰ ਪੁਲਿਸ ਕਸਟੱਡੀ ਤੋਂ ਭਜਣ ਦੇ ਬਾਅਦ ਰਾਜਸਥਾਨ ਪਹੁੰਚਿਆ ਤੇ ਉਥੋਂ ਮੁੰਬਈ ਹੁੰਦੇ ਹੋਏ ਮਾਰੀਸ਼ਸ ਪਹੁੰਚਿਆ ਜਿਥੋਂ ਉਹ ਦੱਖਣੀ ਅਫਰੀਕਾ ਲਈ ਰਵਾਨਾ ਹੋ ਗਿਆ।
ਫਰਜ਼ੀ ਪਾਸਪੋਰਟ ਜ਼ਰੀਏ ਟੀਨੂੰ ਦੱਖਣੀ ਅਫਰੀਕਾ ਵਿਚ ਦਾਖਲ ਹੋਇਆ ਹੈ। ਇਸ ਤੋਂ ਪਹਿਲਾਂ ਲਾਰੈਂਸ ਦਾ ਭਰਾ ਤੇ ਭਾਣਜਾ ਵੀ ਜਾਅਲੀ ਪਾਸਪੋਰਟ ਦੀ ਮਦਦ ਨਾਲ ਦੁਬਈ ਭੱਜ ਚੁੱਕੇ ਹਨ। ਟੀਨੂੰ ਦਾ ਲੁਧਿਆਣਾ ਵਿਚ ਵੱਡਾ ਨੈਟਵਰਕ ਹੈ। ਟੀਨੂੰ ਲੁਧਿਆਣਾ ਵਿਚ ਨਾਜਾਇਜ਼ ਵਸੂਲੀ ਤੇ ਡਰੱਗਸ ਦਾ ਕਾਰੋਬਾਰ ਕਰਦਾ ਰਿਹਾ ਹੈ। ਟੀਨੂੰ ਨੂੰ ਭਜਾਉਣ ਵਾਲੇ ਦੋਸ਼ੀ ਲੁਧਿਆਣਾ ਦੇ ਹੀ 3 ਵਿਅਕਤੀ ਪੁਲਿਸ ਨੇ ਗ੍ਰਿਫਤਾਰ ਕੀਤੇ ਹਨ।
ਦੱਸ ਦੇਈਏ ਕਿ ਟੀਨੂੰ ਆਪਣੀ ਗਰਲਫ੍ਰੈਂਡ ਨਾਲ ਮਿਲੇ ਬਿਨਾਂ ਹੀ ਅਫਰੀਕਾ ਚਲਾ ਗਿਆ ਹੈ। ਰਾਜਸਥਾਨ ਤੱਕ ਦੋਵੇਂ ਇਕੱਠੇ ਸਨ। ਉਥੋਂ ਵੱਖ ਹੁੰਦੇ ਸਮੇਂ ਟੀਨੂੰ ਨੇ ਗਰਲਫ੍ਰੈਂਡ ਨੂੰ ਕਿਹਾ ਸੀ ਕਿ ਉਹ ਉਸ ਨੂੰ ਮੁੰਬਈ ਵਿਚ ਮਿਲੇਗਾ ਪਰ ਉਸ ਨੇ ਜਤਿੰਦਰ ਕੌਰ ਨਾਲ ਧੋਖਾ ਕੀਤਾ। ਟੀਨੂੰ ਉਸ ਨੂੰ ਮਿਲਣ ਦੀ ਬਜਾਏ ਸਿੱਧਾ ਮਾਰੀਸ਼ਸ ਦੇ ਰਸਤੇ ਸਾਊਥ ਅਫਰੀਕਾ ਭੱਜ ਗਿਆ ਤੇ ਜਤਿੰਦਰ ਕੌਰ ਨੂੰ ਪੁਲਿਸ ਨੇ ਫੜ ਲਿਆ।
ਜ਼ਿਕਰਯੋਗ ਹੈ ਕਿ ਦੀਪਕ ਟੀਨੂੰ ਸੀਆਈਏ ਇੰਚਾਰਜ ਸਬ-ਇੰਸਪੈਕਟਰ ਪ੍ਰਿਤਪਾਲ ਸਿੰਘ ਦੇ ਸਰਕਾਰੀ ਘਰ ਤੋਂ ਫਰਾਰ ਹੋਇਆ। ਪ੍ਰਿਤਪਾਲ ਉਸ ਨੂੰ ਹਵਾਲਾਤ ਤੋਂ ਆਪਣੇ ਘਰ ਲੈ ਗਿਆ ਸੀ ਜਿਥੇ ਉਸ ਨੇ ਟੀਨੂੰ ਦੀ ਮੁਲਾਕਾਤ ਉਸ ਦੀ ਗਰਲਫ੍ਰੈਂਡ ਨਾਲ ਕਰਾਈ। ਇਸ ਦੌਰਾਨ ਪ੍ਰਿਤਪਾਲ ਇਕ ਕਮਰੇ ਵਿਚ ਸੌਂ ਗਿਆ। ਟੀਨੂੰ ਤੇ ਉਸ ਦੀ ਗਰਲਫ੍ਰੈਂਡ ਪਹਿਲਾਂ ਤੋਂ ਤੈਅ ਪਲਾਨਿੰਗ ਮੁਤਾਬਕ ਉਥੋਂ ਫਰਾਰ ਹੋ ਗਏ।
ਵੀਡੀਓ ਲਈ ਕਲਿੱਕ ਕਰੋ -: