ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕੱਲ੍ਹ ਪੰਜਾਬ ਦੇ ਦੌਰੇ ‘ਤੇ ਆਉਣਗੇ। ਇਸ ਦੌਰਾਨ ਉਹ ਸਾਬਕਾ ਮੰਤਰੀ ਜਥੇਦਾਰ ਸੇਵਾ ਸਿੰਘ ਸੇਖਵਾਂ ਨੂੰ ਉਨ੍ਹਾਂ ਦੇ ਪਿੰਡ ਸੇਖਵਾਂ, ਜ਼ਿਲ੍ਹਾ ਗੁਰਦਾਸਪੁਰ ਵਿਖੇ ਮਿਲਣਗੇ। ਇਹ ਜਾਣਕਾਰੀ ‘ਆਪ’ ਦੇ ਆਗੂ ਕੇ ਬੁਲਾਰੇ ਰਾਘਵ ਚੱਢਾ ਨੇ ਟਵੀਟ ਕਰਕੇ ਦਿੱਤੀ।
ਸੇਵਾ ਸਿੰਘ ਸੇਖਵਾਂ ਪੰਜਾਬ ਦੀ ਸਿਆਸਤ ਦੇ ਰੌਸ਼ਨ ਦਿਮਾਗ ਸੱਚੇ ਸੁੱਚੇ ਤੇ ਇਮਾਨਦਾਰ ਲੋਹ ਪੁਰਸ਼ ਮਹਾਨ ਨੇਤਾ ਜਥੇਦਾਰ ਉਜਾਗਰ ਸਿੰਘ ਸੇਖਵਾਂ ਦੇ ਹੋਣਹਾਰ ਸਪੁੱਤਰ ਸਾਬਕਾ ਕੈਬਨਿਟ ਹਨ। ਪਿਛਲੇ ਕੁਝ ਸਮੇਂ ਤੋਂ ਉਹ ਗੰਭੀਰ ਬਿਮਾਰੀ ਦਾ ਸਾਹਮਣਾ ਕਰ ਰਹੇ ਸਨ ਤੇ ਹੁਣ ਸਿਹਤਯਾਬ ਹੋ ਗਏ ਹਨ।
ਦੱਸਣਯੋਗ ਹੈ ਕਿ ਆਮ ਆਦਮੀ ਪਾਰਟੀ ਵਿੱਚ ਮੁੱਖ ਮੰਤਰੀ ਦਾ ਚਿਹਰਾ ਘੋਸ਼ਿਤ ਕਰਨ ਵਿੱਚ ਦੇਰੀ ਤੋਂ ਕਈ ਆਗੂ ਨਾਰਾਜ਼ ਹਨ। ਪੰਜਾਬ ਦੇ ਨਾਲ, ਉੱਤਰਾਖੰਡ ਵਿੱਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਵੀ ਹੋਣੀਆਂ ਹਨ। ‘ਆਪ’ ਮੁਖੀ ਅਰਵਿੰਦ ਕੇਜਰੀਵਾਲ ਨੇ ਉੱਤਰਾਖੰਡ ਜਾ ਕੇ ਅਜੈ ਕੋਠਿਆਲ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ। ਹਾਲਾਂਕਿ, ਪੰਜਾਬ ਵਿੱਚ ਲਗਾਤਾਰ ਦੇਰ ਹੋ ਰਹੀ ਹੈ।
ਅਗਸਤ ਦੇ ਪਹਿਲੇ ਹਫ਼ਤੇ ਦਿੱਲੀ ਵਿੱਚ ਕੇਜਰੀਵਾਲ ਨਾਲ ਪੰਜਾਬ ਦੇ ਸਾਰੇ ਸੰਸਦ ਮੈਂਬਰਾਂ, ਵਿਧਾਇਕਾਂ ਅਤੇ ਸੀਨੀਅਰ ਨੇਤਾਵਾਂ ਦੀ ਮੀਟਿੰਗ ਹੋਈ। ਜਿਸ ਵਿੱਚ ਸਾਰਿਆਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਸੀ ਕਿ ਪੰਜਾਬ ਵਿੱਚ ਮੁੱਖ ਮੰਤਰੀ ਦੇ ਚਿਹਰੇ ਨੂੰ ਜਲਦੀ ਤੋਂ ਜਲਦੀ ਘੋਸ਼ਿਤ ਕੀਤਾ ਜਾਣਾ ਚਾਹੀਦਾ ਹੈ। ਇਸ ਮੀਟਿੰਗ ਨੂੰ ਵੀ ਪੂਰਾ ਮਹੀਨਾ ਬੀਤਣ ਵਾਲਾ ਹੈ, ਪਰ ਅਜਿਹਾ ਨਹੀਂ ਹੋ ਸਕਿਆ। ਅਜਿਹੀ ਸਥਿਤੀ ਵਿੱਚ ਹੁਣ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਵਰਕਰਾਂ ਵਿੱਚ ਬੇਚੈਨੀ ਹੈ।
ਇਹ ਵੀ ਪੜ੍ਹੋ : ਕੈਪਟਨ ਵਿਰੋਧੀਆਂ ਨੂੰ ਵੱਡਾ ਝਟਕਾ : ਹਰੀਸ਼ ਰਾਵਤ ਦਾ ਬਿਆਨ- ਕੈਪਟਨ ਦੀ ਅਗਵਾਈ ‘ਚ ਹੀ ਲੜਾਂਗੇ 2022 ਦੀਆਂ ਚੋਣਾਂ
ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਅਰਵਿੰਦ ਕੇਜਰੀਵਾਲ ਦਾ ਇਹ ਦੌਰਾ ਸਿਰਫ ਜਥੇਦਾਰ ਸੇਵਾ ਸਿੰਘ ਸੇਖਵਾਂ ਨੂੰ ਮਿਲਣ ਤੱਕ ਹੀ ਸੀਮਤ ਹੈ ਜਾਂ ਫਿਰ ਇਸ ਸੰਬੰਧੀ ਵੀ ਕੋਈ ਫੈਸਲਾ ਲਿਆ ਜਾ ਸਕਦਾ ਹੈ।