ਕੈਨੇਡਾ ਦੇ ਇਮੀਗ੍ਰੇਸ਼ਨ ਮਨਿਸਟਰ ਸੀਨ ਫ੍ਰੇਜਰ ਨੇ ਕਿਹਾ ਕਿ ਲਗਭਗ 700 ਭਾਰਤੀ ਵਿਦਿਆਰਥੀਆਂ ਨੂੰ ਦੇਸ਼ ਵਾਪਸ ਭੇਜਣ ਦੇ ਮਾਮਲੇ ਵਿਚ ਨਵਾਂ ਪ੍ਰੋਸੈਸ ਸ਼ੁਰੂ ਕੀਤਾ ਗਿਆ ਹੈ। ਕੈਨੇਡਾ ਸਰਕਾਰ ਵਿਦਿਆਰਥੀਆਂ ਦਾ ਨੁਕਸਾਨ ਨਹੀਂ ਹੋਣ ਦੇਣਾ ਚਾਹੁੰਦੀ ਕਿਉਂਕਿ ਉਹ ਇਸ ਸਮੇਂ ਮਾਨਸਿਕ ਦਬਾਅ ਨਾਲ ਜੂਝ ਰਹੇ ਹਨ।
ਮਾਰਚ ਵਿਚ ਕੈਨੇਡਾ ਦੀ ਮਨਿਸਟਰੀ ਆਫ ਇਮੀਗ੍ਰੇਸ਼ਨ ਨੇ ਲਗਭਗ 700 ਭਾਰਤੀ ਵਿਦਿਆਰਥੀਆਂ ਦੇ ਦਾਖਲੇ ਤੇ ਕੁਝ ਹੋਰ ਡਾਕੂਮੈਂਟਸ ਜਾਅਲੀ ਪਾਏ ਸਨ। ਇਸ ਦੇ ਬਾਅਦ ਉੁਨ੍ਹਾਂ ਨੂੰ ਡਿਪੋਰਟ ਕਰਨ ਲਈ ਲੈਟਰ ਵੀ ਜਾਰੀ ਕੀਤੇ ਗਏ ਸਨ ਪਰ ਇਸ ਪ੍ਰੋਸੈਸ ‘ਤੇ ਰੋਕ ਲਗਾ ਦਿੱਤੀ ਗਈ। ਭਾਰਤ ਸਰਕਾਰ ਨੇ ਕੈਨੇਡਾ ਦੇ ਸਾਹਮਣੇ ਇਹ ਮੁੱਦਾ ਚੁੱਕਿਆ ਸੀ।
ਸੰਸਦ ਵਿਚ ਭਾਰਤੀ ਵਿਦਿਆਰਥੀਆਂ ਨਾਲ ਜੁੜੇ ਇਸ ਮਾਮਲੇ ‘ਤੇ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਫ੍ਰੇਜਰ ਨੇ ਕਿਹਾ ਕਿ ਫੇਕ ਐਡਮਿਸ਼ਨ ਲੈਟਰ ਦੇ ਬੇਸ ‘ਤੇ ਇਨ੍ਹਾਂ ਨੂੰ ਵੀਜ਼ਾ ਮਿਲਿਆ ਸੀ। ਅਸੀਂ ਚਾਹੁੰਦੇ ਹਾਂ ਕਿ ਵਿਦਿਆਰਥੀਆਂ ਨੂੰ ਇਕ ਹੋਰ ਮੌਕਾ ਦਿੱਤਾ ਜਾਵੇ ਜਿਸ ਨਾਲ ਉਹ ਸਾਬਤ ਕਰ ਸਕਣ ਕਿ ਉਨ੍ਹਾਂ ਨਾਲ ਧੋਖਾ ਹੋਇਆ ਹੈ। ਜੇਕਰ ਕਿਸੇ ਨੇ ਹਕੀਕਤ ਵਿਚ ਖੁਦ ਜਾਲਸਾਜ਼ੀ ਕੀਤੀ ਹੈ ਤਾਂ ਉਸ ਨੂੰ ਡਿਪੋਰਟ ਕੀਤਾ ਜਾਵੇਗਾ।
700 ਵਿਚੋਂ ਜ਼ਿਆਦਾਤਰ ਵਿਦਿਆਰਥੀ ਪੰਜਾਬ ਨਾਲ ਸਬੰਧਤ ਹਨ। ਮਾਰਚ ਵਿਚ ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਇਨ੍ਹਾਂ ਨੇ ਕੈਨੇਡਾ ਵਿਚ ਸਥਾਈ ਰੈਜ਼ੀਡੈਂਸ ਲਈ ਅਪਲਾਈ ਕੀਤਾ। ਸਾਰੇ ਵਿਦਿਆਰਥੀਆਂ ਦੇ ਡਾਕੂਟਮੈਂਟਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ ਤਾਂ ਇਹ ਖੁਲਾਸਾ ਹੋਇਆ।
ਵਿਦੇਸ਼ ਮੰਤਰੀ ਜੈਸ਼ੰਕਰ ਕੈਨੇਡਾ ਦੇ ਵਿਦੇਸ਼ ਮੰਤਰੀ ਨਾਲ ਇਸ ਬਾਰੇ ਦੋ ਵਾਰ ਗੱਲਬਾਤ ਕਰ ਚੁੱਕੇ ਹਨ। ਉਨ੍ਹਾਂ ਕਿਹਾ ਸੀ ਕਿ ਕੈਨੇਡਾਈ ਕਹਿੰਦੇ ਹਨ ਕਿ ਉਹ ਉਸ ਕਾਲਜ ਵਿਚ ਨਹੀਂ ਪੜ੍ਹੇ, ਜਿਸ ਵਿਚ ਉਨ੍ਹਾਂ ਨੂੰ ਹੋਣਾ ਚਾਹੀਦਾ ਸੀ ਤੇ ਜਦੋਂ ਉਨ੍ਹਾਂ ਨੇ ਵਰਕ ਪਰਮਿਟ ਲਈ ਅਪਲਾਈ ਕੀਤਾ ਤਾਂ ਉਹ ਮੁਸ਼ਕਲ ਵਿਚ ਪੈ ਗਏ।
ਜੈਸ਼ੰਕਰ ਨੇ ਅੱਗੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਗੁੰਮਰਾਹ ਕਰਨ ਵਾਲੇ ਲੋਕ ਹਨ ਤਾਂ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਨੇਕ ਨੀਅਤ ਨਾਲ ਪੜ੍ਹਾਈ ਕਰਨ ਵਾਲੇ ਵਿਦਿਆਰਥੀ ਨੂੰ ਸਜ਼ਾ ਦੇਣਾ ਗਲਤ ਹੈ। ਮੈਨੂੰ ਲੱਗਦਾ ਹੈ ਕਿ ਕੈਨੇਡਾ ਵੀ ਇਹ ਮੰਨਦਾ ਹੈ ਕਿ ਜੇਕਰ ਕਿਸੇ ਵਿਦਿਆਰਥੀ ਨੇ ਗਲਤੀ ਨਹੀਂ ਕੀਤੀ ਤਾਂ ਉਸ ਨੂੰ ਸਜ਼ਾ ਦੇਣਾ ਗਲਤ ਹੋਵੇਗਾ।
ਵਿਦਿਆਰਥੀਆਂ ਦਾ ਦੋਸ਼ ਹੈ ਕਿ ਜਿਹੜੇ ਏਜੰਟਾਂ ਜ਼ਰੀਏ ਉਹ ਕੈਨੇਡਾ ਆਏ ਸਨ, ਉਨ੍ਹਾਂ ਨੇ ਧੋਖਾ ਦਿੱਤਾ ਹੈ। ਇਹ ਏਜੰਟ ਪਹਿਲਾਂ ਪੈਸੇ ਲੈ ਲੈਂਦੇ ਹਨ ਤੇ ਫਿਰ ਵਿਦਿਆਰਥੀਆਂ ਨੂੰ ਜਾਅਲੀ ਦਸਤਾਵੇਜ਼ ਦਿੰਦੇ ਹਨ। ਇਸ ਦੇ ਬਾਅਦ ਯੂਨੀਵਰਸਿਟੀ ਵਿਚ ਸੀਟ ਫੁੱਲ ਹੋਣ ਦਾ ਬਹਾਨਾ ਕਰਕੇ ਦੂਜੀ ਯੂਨੀਵਰਸਿਟੀ ਵਿਚ ਦਾਖਲਾ ਦਿਵਾਉਂਦੇ ਹਨ। ਡਿਗਰੀ ਪੂਰੀ ਹੋਣ ਦੇ ਬਾਅਦ ਕਈ ਵਿਦਿਆਰਥੀ ਜਦੋਂ ਨਾਗਰਿਕਤਾ ਲਈ ਅਪਲਾਈ ਕਰਦੇ ਹਨ ਤਾਂ ਪਤਾ ਲੱਗਦਾ ਹੈ ਕਿ ਉਨ੍ਹਾਂ ਦੇ ਦਸਤਾਵੇਜ਼ ਨਕਲੀ ਹਨ। ਕੈਨੇਡਾਈ ਸਰਕਾਰ ਨੇ ਜਦੋਂ ਵਿਦਿਆਰਥੀਆਂ ਨੂੰ ਡਿਪੋਰਟ ਕਰਨ ਦਾ ਆਰਡਰ ਦਿੱਤਾ ਤਾਂ ਲਗਭਗ 700 ਵਿਦਿਆਰਥੀ ਇਮੀਗ੍ਰੇਸ਼ਨ ਹੈੱਡਕੁਆਰਟਰ ਦੇ ਬਾਹਰ ਤੇ ਮਿਸਿਸਾਗਾ ਏਅਰਪੋਰਟ ਕੋਲ ਧਰਨੇ ‘ਤੇ ਬੈਠ ਗਏ।
ਕੈਨੇਡਾ ਦੀ ਸੰਸਦ ਵਿਚ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਨੇਤਾ ਜਗਮੀਤ ਸਿੰਘ ਨੇ ਪੀਐੱਮ ਜਸਟਿਨ ਟਰੂਡੋ ਤੋਂ ਜਵਾਬ ਮੰਗਿਆ। ਟਰੂਡੋ ਨੇ ਕਿਹਾ ਕਿ ਅਸੀਂ ਦੋਸ਼ੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਸਜ਼ਾ ਦੇਣਾ ਚਾਹੁੰਦੇ ਹਾਂ। ਕਿਸੇ ਵੀ ਪੀੜਤ ਖਿਲਾਫ ਕਾਰਵਾਈ ਨਹੀਂ ਹੋਵੇਗੀ। ਅਸੀਂ ਉਨ੍ਹਾਂ ਦਾ ਪੱਖ ਤੇ ਉਸ ਨਾਲ ਜੁੜੇ ਸਬੂਤ ਪੇਸ਼ ਕਰਨ ਦਾ ਪੂਰਾ ਮੌਕਾ ਦੇਵਾਂਗੇ। ਇੰਟਰਨੈਸ਼ਨਲ ਵਿਦਿਆਰਥੀ ਸਾਡੇ ਦੇਸ਼ ਦੀ ਪੂੰਜੀ ਹਨ। ਉਹ ਕੈਨੇਡਾ ਦੇ ਵਿਕਾਸ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ।
ਵੀਡੀਓ ਲਈ ਕਲਿੱਕ ਕਰੋ -: