ਲੁਧਿਆਣਾ ਦੇ ਕਸਬਾ ਜਗਰਾਓਂ ਸਥਿਤ ਡੱਲਾ ਨਹਿਰ ਵਿਚ ਡਿਗੀ ਜ਼ੈੱਨ ਕਾਰ ਤੋਂ ਦੋ ਨੌਜਵਾਨਾਂ ਇਕਬਾਲ ਤੇ ਮਨਜਿੰਦਰ ਨੂੰ ਲੋਕਾਂ ਨੇ ਬਚਾ ਲਿਆ ਜਦੋਂ ਕਿ ਕਾਰ ਦੇ ਅੱਗੇ ਵਾਲੀ ਸੀਟ ‘ਤੇ ਬੈਠੇ ਦਿਲਪ੍ਰੀਤ ਤੇ ਸਤਨਾਮ ਪਾਣੀ ਵਿਚ ਰੁੜ੍ਹ ਗਏ। ਦੋਸਤਾਂ ਦੀਆਂ ਅੱਖਾਂ ਦੇ ਸਾਹਮਣੇ ਦਿਲਪ੍ਰੀਤ ਤੇ ਸਤਨਾਮ ਇਹ ਕਹਿੰਦੇ ਹੋਏ ਰੁੜ੍ਹ ਗਏ ਯਾਰੋਂ ਬਚਾ ਲਓ, ਯਾਰੋਂ ਬਚਾ ਲਓ।
ਦੇਰ ਸ਼ਾਮ ਦਿਲਪ੍ਰੀਤ ਦੀ ਲਾਸ਼ ਡੱਲਾ ਨਹਿਰ ਤੋਂ ਲਗਭਗ 11 ਕਿਲੋਮੀਟਰ ਦੂਰ ਮੋਗਾ ਦੇ ਪਿੰਡ ਦੋਧਰ ਵਿਚ ਮਿਲੀ। ਦਿਲਪ੍ਰੀਤ ਆਪਣੇ ਜਨਮ ਦਿਨ ਦੀ ਪਾਰਟੀ ਕਰਕੇ ਤਿੰਨਾਂ ਦੋਸਤਾਂ ਨਾਲ ਵਾਪਸ ਘਰ ਆ ਰਿਹਾ ਸੀ। ਬਰਥਡੇ ਵਾਲੀ ਰਾਤ ਦੀ ਉਸ ਦਾ ਕਾਲ ਬਣ ਗਈ। ਦਿਲਪ੍ਰੀਤ ਨੇ ਆਈਟੀਆਈ ਦਾ ਕੋਰਸ ਕੀਤਾ ਸੀ। ਹੁਣ ਉਹ ਆਈਲੈਟਸ ਕਰਕੇ ਆਪਣੇ ਭਰਾ ਕੋਲ ਕੈਨੇਡਾ ਜਾਣ ਦੀ ਤਿਆਰੀ ਵਿਚ ਸੀ। ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਦਿਲਪ੍ਰੀਤ ਨਾਲ ਪਾਣੀ ਵਿਚ ਰੁੜ੍ਹੇ ਉਸ ਦੇ ਦੋਸਤ ਸਤਨਾਮ ਦਾ ਕੁਝ ਪਤਾ ਨਹੀਂ ਲੱਗਾ।
ਸਤਨਾਮ ਦਾ ਤਿੰਨ ਸਾਲ ਪਹਿਲਾਂ ਵਿਆਹ ਹੋਇਆ ਹੈ। ਉਸ ਦੇ ਦੋ ਬੇਟੇ ਹਨ। ਵੱਡੇ ਮੁੰਡੇ ਦੀ ਉਮਰ ਡੇਢ ਸਾਲ ਤੇ ਛੋਟੇ ਮੁੰਡੇ ਦੀ 7 ਮਹੀਨੇ ਹੈ। ਅਜੇ ਤੱਕ ਸਤਨਾਮ ਲਾਪਤਾ ਹੈ। ਉਸ ਦਾ ਕੁਝ ਪਤਾ ਨਹੀਂ ਲੱਗ ਰਿਹਾ। ਗੋਤਾਖੋਰ ਸਤਨਾਮ ਦੀ ਭਾਲ ਨਹਿਰ ਵਿਚ ਕਰ ਰਹੇ ਹਨ। ਸਤਨਾਮ ਪਿੰਡ ਵਿਚ ਪਲੰਬਰ ਦਾ ਕੰਮ ਕਰਦਾ ਸੀ।
ਨਹਿਰ ਵਿਚ ਰੁੜ੍ਹ ਰਹੇ ਇਕਬਾਲ ਤੇ ਮਨਜਿੰਦਰ ਸਿੰਘ ਨੂੰ ਗੋਤਾਖੋਰ ਬੰਟੀ ਕਾਲੂ ਤੇ ਮੋਟੀ ਨੇ ਰਾਤ ਨੂੰ ਬਚਾ ਲਿਆ। ਬਚਾਏ ਗਏ ਨੌਜਵਾਨਾਂ ਮਨਜਿੰਦਰ ਤੇ ਇਕਬਾਲ ਨੇ ਕਿਹਾ ਕਿ ਪਾਣੀ ਦੇ ਤੇਜ਼ ਵਹਾਅ ਵਿਚ ਉਹ ਲਗਭਗ 1 ਘੰਟਾ ਕਾਰ ਦੀ ਛੱਤ ‘ਤੇ ਹੀ ਬੈਠੇ ਰਹੇ। ਮਨਜਿੰਦਰ ਹਾਦਸੇ ਵਿਚ ਜ਼ਖਮੀ ਹੋ ਗਿਆ ਪਰ ਇਕਬਾਲ ਸਹੀ ਸਲਾਮਤ ਹੈ। ਉਨ੍ਹਾਂ ਦੱਸਿਆ ਕਿ ਦਿਲਪ੍ਰੀਤ ਦਾ ਜਨਮਦਿਨ ਸੀ ਤੇ ਉਹ ਚਾਰੋਂ ਦੋਸਤ ਪਾਰਟੀ ਕਰਨ ਲਈ ਲਗਭਗ 7.30 ਵਜੇ ਨਿਕਲੇ।
ਪਾਰਟੀ ਤੋਂ ਪਹਿਲਾਂ ਉਹ ਨੇੜੇ ਪਿੰਡ ਵਿਚ ਗੁਰਦੁਆਰਾ ਸਾਹਿਬ ਦੇ ਨਗਰ ਕੀਰਤਨ ਵਿਚ ਪਹੁੰਚੇ। ਉਥੋਂ ਢਾਬੇ ‘ਤੇ ਪਾਰਟੀ ਕਰਨ ਚਲੇ ਗਏ। ਦਿਲਪ੍ਰੀਤ ਗੱਡੀ ਚਲਾਉਣ ਦੀ ਜ਼ਿੱਦ ਕਰਨ ਲੱਗਾ ਤੇ ਡਰਾਈਵਰ ਸੀਟ ‘ਤੇ ਬੈਠ ਗਿਆ। ਕੁਝ ਦੇਰ ਬਾਅਦ ਦੇਖਿਆ ਡੱਲੇ ਕੋਲ ਸੜਕ ਖਤਮ ਹੋ ਗਈ ਤੇ ਕਾਰ ਨਹਿਰ ਵਿਚ ਜਾ ਡਿੱਗੀ। ਕਾਰ ਦੀ ਹੈਂਡ ਬ੍ਰੇਕ ਵੀ ਖਿੱਚੀ ਗਈ ਪਰ ਕਾਰ ਰੁਕੀ ਨਹੀਂ। ਕਾਰ ਡਿਗਣ ਦੇ ਬਾਅਦ ਸਾਰੇ ਦੋਸਤਾਂ ਨੇ ਜੋਰ ਨਾਲ ਆਵਾਜ਼ਾਂ ਸੁਣਾਈਆਂ।
ਇਕਬਾਲ ਨੇ ਦੱਸਿਆ ਕਿ ਕਾਰ ਦੀਆਂ ਖਿੜਕੀਆਂ ਖੋਲ੍ਹ ਕੇ ਉਹ ਦੋਵੇਂ ਕਾਰ ਦੀ ਛੱਤ ‘ਤੇ ਚੜ੍ਹ ਗਏ। ਦਿਲਪ੍ਰੀਤ ਤੇ ਸਤਨਾਮ ਨੇ ਵੀ ਖਿੜਕੀਆਂ ਖੋਲ੍ਹੀਆਂ ਪਰ ਵਹਾਅ ਇੰਨਾ ਤੇਜ਼ ਸੀ ਕਿ ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਹੀ ਦਿਲਪ੍ਰੀਤ ਤੇ ਸਤਨਾਮ ਯਾਰ ਬਚਾ ਲਓ, ਕਹਿੰਦੇ ਹੋਏ ਵਹਿ ਗਏ। ਮਨਜਿੰਦਰ ਨੇ ਕਿਹਾ ਕਿ ਉਨ੍ਹਾਂ ਦੇ ਦਿਮਾਗ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ।
ਇਕਬਾਲ ਨੇ ਦੱਸਿਆ ਕਿ ਮਨਜਿੰਦਰ ਦੀ ਕੋਟ ਦੀ ਜੇਬ ਵਿਚ ਮੋਬਾਈਲ ਪਿਆ ਸੀ ਜੋ ਭਿੱਜਿਆ ਨਹੀਂ ਸੀ। ਮਨਜਿੰਦਰ ਨੇ ਪਿੰਡ ਡੱਲੇ ਵਿਚ ਰਹਿੰਦੇ ਆਪਣੇ ਇਕ ਦੋਸਤ ਨੂੰ ਤੁਰੰਤ ਫੋਨ ‘ਤੇ ਸਾਰਾ ਕੁਝ ਦੱਸਿਆ। ਉਸ ਦੇ ਦੋਸਤ ਨੇ ਗੁਰਦੁਆਰਾ ਸਾਹਿਬ ਵਿਚ ਅਨਾਊਂਸਮੈਂਟ ਕਰਵਾਈ ਤੇ ਪਿੰਡ ਲੱਖਾ ਵਿਚ ਫੋਨ ਕਰਕੇ ਮੌਕੇ ਦੇ ਹਾਲਾਤ ਦੱਸੇ। ਗੋਤਾਖੋਰਾਂ ਦੇ ਆਉਣ ਤੋਂ ਪਹਿਲਾਂ ਲਗਭਗ 1 ਘੰਟਾ ਉਹ ਲੋਕ ਸ੍ਰੀ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਰਹੇ। ਉਹ ਜ਼ਿੰਦਗੀ ਤੇ ਮੌਤ ਦੇ 1 ਘੰਟੇ ਨੂੰ ਕਦੇ ਨਹੀਂ ਭੁੱਲ ਸਕਦੇ।
ਵੀਡੀਓ ਲਈ ਕਲਿੱਕ ਕਰੋ -: