ਬੀਤੇ ਦਿਨੀਂ ਸ੍ਰੀ ਦਰਬਾਰ ਸਾਹਿਬ ਵਿਖੇ ਬੇਅਦਬੀ ਦੀ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ। ਵੱਖ-ਵੱਖ ਸ਼ਖਸੀਅਤਾਂ ਵੱਲੋਂ ਇਸ ‘ਤੇ ਆਪਣੀ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ। ਸ੍ਰੀ ਦਰਬਾਰ ਸਾਹਿਬ ਵਿਚ ਵਾਪਰੀ ਘਟਨਾ ‘ਤੇ ਰਣਜੀਤ ਸਿੰਘ ਢੱਡਰੀਆਂ ਵਾਲੇ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ।
ਉਨ੍ਹਾਂ ਕਿਹਾ ਕਿ 7 ਸਾਲ ਤੋਂ ਬੇਅਦਬੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਜਦੋਂ ਚੋਣਾਂ ਨੇੜੇ ਹੁੰਦੀਆਂ ਹਨ ਤਾਂ ਹੀ ਅਜਿਹੀਆਂ ਘਟਨਾਵਾਂ ਕਿਉਂ ਵਾਪਰਦੀਆਂ ਹਨ? ਉਨ੍ਹਾਂ ਕਿਹਾ ਕਿ ਸਿਆਸਤ ਬਹੁਤ ਹੀ ਭੈੜੀ ਤੇ ਗੰਦੀ ਚੀਜ਼ ਹੈ। ਸਿਆਸਤਦਾਨ ਬੰਦਿਆਂ ਨੂੰ ਵਰਤਦੇ ਹਨ। ਉਹ ਪੈਸੇ ਸੁੱਟਦੇ ਹਨ ਤੇ ਕਿਤੇ ਨਾ ਕਿਤੇ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਵੀ ਵਰਤ ਜਾਂਦੇ ਹਨ।
ਦੇਖੋ ਵੀਡੀਓ : ਬੇਅਦਬੀ ਮਾਮਲੇ ‘ਚ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਵੱਡਾ ਬਿਆਨ
ਢੱਡਰੀਆਂ ਵਾਲੇ ਨੇ ਕਿਹਾ ਕਿ ਬੇਅਦਬੀ ਕਰਨ ਵਾਲਾ ਬੰਦਾ ਮਰ ਗਿਆ, ਸਬੂਤ ਵੀ ਮਿਟ ਗਿਆ। ਉਨ੍ਹਾਂ ਕਿਹਾ ਕਿ ਜੇ ਵਿਅਕਤੀ ਬਚ ਜਾਂਦਾ ਤਾਂ ਬੇਅਦਬੀ ਕਰਵਾਉਣ ਵਾਲੇ ਦਾ ਨਾਂ ਸਾਹਮਣੇ ਆ ਸਕਦਾ ਸੀ ਪਰ ਗੁਸਾਏ ਲੋਕਾਂ ਨੇ ਉਸ ਨੂੰ ਮਾਰ ਦਿੱਤਾ। ਹੁਣ ਕਿਹੜੀ ਸਿਆਸੀ ਪਾਰਟੀ ਹੈ ਜੋ ਪੰਜਾਬ ਨੂੰ ਅੱਗ ਲਗਾਉਣੀ ਚਾਹੁੰਦਾ ਹੈ ਪਰ ਬੰਦਾ ਮਰਨ ਨਾਲ ਸਾਰਾ ਸੱਚ ਵੀ ਉਸ ਦੇ ਨਾਲ ਹੀ ਖਤਮ ਹੋ ਗਿਆ। ਉਨ੍ਹਾਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਵਿਖੇ ਜਿੰਨੀ ਸੁਰੱਖਿਆ ਹੈ, ਓਨੀ ਹੋਰ ਕਿਤੇ ਵੀ ਨਹੀਂ ਤੇ ਉਥੇ ਅਜਿਹੀ ਘਟਨਾ ਦਾ ਵਾਪਰਨਾ ਹੈਰਾਨੀਜਨਕ ਹੈ। ਉਨ੍ਹਾਂ ਕਿਹਾ ਕਿ ਘਟਨਾ ਦੀ ਜੜ੍ਹ ਤੱਕ ਜਾਣਾ ਜ਼ਰੂਰੀ ਹੈ। ਬੰਦੇ ਨੂੰ ਪੁਲਿਸ ਨੂੰ ਫੜਾਓ ਜਾਂ ਖੁਦ ਪੁੱਛੋ। ਟਾਰਚਰ ਕਰਕੇ ਪੁੱਛੋ ਕਿ ਕਿਸ ਨੇ ਤੈਨੂੰ ਘੱਲਿਆ ਹੈ?
ਉਨ੍ਹਾਂ ਕਿਹਾ ਕਿ ਕੌਣ ਹੈ ਜੋ ਵਾਰ-ਵਾਰ ਬੰਦੇ ਭੇਜਣਾ ਵੀ ਚਾਹੁੰਦਾ ਹੈ ਤੇ ਮਰਵਾਉਣਾ ਵੀ ਚਾਹੁੰਦਾ ਹੈ। ਸ਼ਾਇਦ ਉਹ ਦੁਨੀਆ ਦੀਆਂ ਨਜ਼ਰਾਂ ਵਿਚ ਇਹ ਸਾਬਤ ਕਰਨਾ ਚਾਹੁੰਦੇ ਹਨ ਕਿ ਸਿੱਖ ਕੌਮ ਜਰਾਈਮ ਪੇਸ਼ਾ ਹਨ। ਇਹ ਸਿੱਖ ਕੌਮ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਤਾਂ ਨਹੀਂ? ਗਰਮ ਖਿਆਲੀ ਉਤੇ ਮੋਹਰ ਤਾਂ ਨਹੀਂ ਲਾ ਰਹੇ। ਜਾਣ ਬੁਝਕੇ ਜ਼ਾਲਮ ਬਣਾਉਣਾ ਤਾਂ ਨਹੀਂ ਚਾਹੁੰਦੇ।
ਵੀਡੀਓ ਲਈ ਕਲਿੱਕ ਕਰੋ -:
Congress Person open CM Channi’s ” ਪੋਲ”, “CM Channi Spent crores of rupees for advertisement”
ਸਰਕਾਰਾਂ ‘ਤੇ ਹਮਲਾ ਬੋਲਦਿਆਂ ਢੱਡਰੀਆਂ ਵਾਲੇ ਨੇ ਕਿਹਾ ਕਿ ਕਿਤੇ ਸਿਆਸਤਦਾਨ ਕਾਲਾ ਦੌਰ ਤਾਂ ਨਹੀਂ ਲਿਆਉਣਾ ਚਾਹੁੰਦੇ। ਪੰਜਾਬ ਦੀ ਜਵਾਨੀ ਦਾ ਘਾਣ ਤਾਂ ਨਹੀਂ ਕਰਨਾ ਚਾਹੁੰਦੇ? ਕਿਉਂਕਿ ਪੰਜਾਬ ਦੀ ਜਵਾਨੀ ਕੈਨੇਡਾ ਤੇ ਆਸਟ੍ਰੇਲੀਆ ਜਾ ਰਹੀ ਹੈ। ਕਿਤੇ ਪੰਜਾਬ ਦੀ ਜਵਾਨੀ ਉਨ੍ਹਾਂ ਨੂੰ ਰੜਕਣ ਤਾਂ ਨਹੀਂ ਲੱਗ ਰਹੀ। ਦੁਨੀਆ ਵਿਚ ਦੱਸਣਾ ਚਾਹੁੰਦੇ ਹਨ ਕਿ ਇਹ ਤਾਂ ਬੰਦਾ ਮਾਰ ਦਿੰਦੇ ਹਨ। ਜੋ ਵੀ ਸਾਰਾ ਕੁਝ ਹੋ ਰਿਹਾ ਹੈ, ਉਹ ਰਾਜਨੀਤੀ ਹੈ।
ਉਨ੍ਹਾਂ ਕਿਹਾ ਕਿ ਜਿਸ ਵਿਅਕਤੀ ਨੇ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਬੇਅਦਬੀ ਕੀਤੀ ਸੀ, ਉਹ ਸਿਰਸੇ ਵਾਲੇ ਦਾ ਕੱਟੜ ਚੇਲਾ ਸੀ। ਉਹ ਬਾਬੇ ਦਾ ਜਨਮ ਦਿਨ ਮਨਾਉਂਦਾ ਸੀ, ਕੇਕ ਕੱਟਦਾ ਸੀ। ਸਿਰਸੇ ਵਾਲੇ ਬਾਬੇ ਦੀ ਫੋਟੋ ਲਗਾਈ ਹੋਈ ਸੀ। ਜਿਹੜੇ ਬੰਦੇ ਨੇ ਉਸ ਦਾ ਬ੍ਰੇਨ ਵਾਸ਼ ਕੀਤਾ, ਉਸ ਦੀ ਪਛਾਣ ਬਹੁਤ ਜ਼ਰੂਰੀ ਹੈ। ਬੇਅਦਬੀ ਉਤੇ ਰਾਜਨੀਤੀ ਦੀਆਂ ਰੋਟੀਆਂ ਸੇਕੀਆਂ ਜਾ ਰਹੀਆਂ ਹਨ। ਇਸ ਲਈ ਜ਼ਜ਼ਬਾਤੀ ਹੋ ਕੇ ਵੋਟਾਂ ਪਾਉਣ ਨਾ ਜਾਓ। ਬੋਤਲਾਂ ਪਿੱਛੇ ਨਾ ਵਿਕੋ, ਨਹੀਂ ਤਾਂ 5 ਸਾਲ ਫਿਰ ਨਰਕ ਭੋਗਣਾ ਪੈਂਦਾ ਹੈ। ਪੈਸਾ ਲੈ ਲਿਆ, ਵਿਧਾਇਕ ਬਣਾ ਦਿੱਤਾ। ਸਿਆਸੀ ਚਾਲਾਂ ਨੂੰ ਸਮਝੋ। ਅਰਾਜਕਤਾ ਫੈਲਾਉਣ ਵਾਸਤੇ ਸਿਆਸੀ ਪਾਰਟੀਆਂ ਬਹੁਤ ਕੁਝ ਕਰਦੀਆਂ ਹਨ, ਜੋ ਅਸੀਂ ਸੋਚ ਵੀ ਨਹੀਂ ਸਕਦੇ। ਧਰਮਾਂ, ਜਾਤਾਂ ਦੇ ਨਾਂ ਉਤੇ ਲੋਕਾਂ ਨੂੰ ਵੱਢਿਆ ਤੇ ਮਾਰਿਆ ਜਾਂਦਾ ਹੈ। ਸਿਆਸਤਦਾਨਾਂ ਨੂੰ ਸਿਰਫ ਕੁਰਸੀ ਹੀ ਪਿਆਰੀ ਹੈ।