ਡਾ. ਰਾਜ ਕੁਮਾਰ ਵੇਰਕਾ ਪੰਜਾਬ ਦੇ ਨਵਿਆਉਣਯੋਗ ਊਰਜਾ ਅਤੇ ਸਮਾਜਿਕ ਨਿਆਂ ਮੰਤਰੀ ਨੇ ਪਰਾਲੀ ਦੀ ਸਮੱਸਿਆ ਦੇ ਨਿਪਟਾਰੇ ਲਈ ਬਾਇਓਮਾਸ ਪ੍ਰਾਜੈਕਟ ਸਥਾਪਤ ਕਰਨ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ ਹੈ। ਡਾ. ਵੇਰਕਾ ਨੇ ਕਿਹਾ ਕਿ ਬਿਜਲੀ ਦੀ ਵਧ ਰਹੀ ਮੰਗ ਅਤੇ ਪਾਣੀ, ਕੋਲਾ ਆਦਿ ਵਰਗੇ ਕੁਦਰਤੀ ਵਸੀਲਿਆਂ ਦੀ ਪੈਦਾ ਹੋ ਰਹੀ ਕਮੀ ਨਾਲ ਨਜਿੱਠਣ ਲਈ ਨਵਿਆਉਣਯੋਗ ਊਰਜਾ ਨੂੰ ਵੱਧ ਤੋਂ ਵੱਧ ਵਰਤੋਂ ਵਿੱਚ ਲਿਆਏ ਜਾਣ ਦੀ ਜ਼ਰੂਰਤ ਹੈ।
ਉਨ੍ਹਾਂ ਕਿਹਾ ਕਿ ਬਿਜਲੀ ਦੀ ਲਗਾਤਾਰ ਵਧ ਰਹੀ ਮੰਗ ਅਤੇ ਪਰਾਲੀ ਦੀ ਸਮੱਸਿਆ ਨਾਲ ਨਿਪਟਣ ਲਈ ਪੰਜਾਬ ਸਰਕਾਰ ਨੇ ਸੌਰ ਊਰਜਾ ’ਤੇ ਵੱਧ ਤੋਂ ਵੱਧ ਧਿਆਨ ਕੇਂਦਰਤ ਕਰਨ ਲਈ ਕਈ ਕਦਮ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ ਸੂਬੇ ਵਿੱਚ ਨਵਿਆਉਣਯੋਗ ਊਰਜਾ ਦੇ 1700.77 ਮੈਗਾਵਾਟ ਦੀ ਸਮਰੱਥਾ ਦੇ ਪ੍ਰਾਜੈਕਟ ਲਾਏ ਜਾ ਚੁੱਕੇ ਹਨ ਅਤੇ 184.12 ਮੈਗਾਵਾਟ ਦੇ ਸਮਰੱਥਾ ਦੇ ਹੋਰ ਪ੍ਰਾਜੈਕਟ ਲਾਏ ਜਾ ਰਹੇ ਹਨ। ਜ਼ਮੀਨ ਸਤਹ (ਗਰਾਊਂਡ ਮੌਂਟਡ) ’ਤੇ 815.5 ਮੈਗਾਵਾਟ, ਛੱਤ (ਰੂਫ ਸੋਲਰ) ’ਤੇ 136.1 ਮੈਗਾਵਾਟ ਅਤੇ ਨਹਿਰਾਂ ’ਤੇ (ਕੈਨਾਲ ਟੋਪ) 20 ਮੈਗਾਵਾਟ ਸਮਰੱਥਾ ਦੇ ਸੌਰ ਊਰਜਾ ਪ੍ਰਾਜੈਕਟ ਹੁਣ ਤੱਕ ਕਾਰਜਸ਼ੀਲ ਹੋ ਗਏ ਹਨ।
ਵੀਡੀਓ ਲਈ ਕਲਿੱਕ ਕਰੋ -:
ਆਹ ਏ ਉਹ ਸਿੰਗਰ ਜਿਹਦੇ ਰੌਲੇ ਹਾਈਕੋਰਟ ਤੱਕ ਨੇ ਤੇ ਫੁਕਰਿਆਂ ਤੋਂ ਮੰਗਵਾਉਂਦਾ ਫਿਰਦੈ ਮਾਫੀਆਂ.!
ਡਾ. ਵੇਰਕਾ ਅਨੁਸਾਰ ਇਕੱਲੇ ਸੌਰ ਊਰਜਾ ਦੇ 729.17 ਮੈਗਾਵਾਟ ਦੇ ਪ੍ਰਾਜੈਕਟ ਸਥਾਪਿਤ ਹੋ ਚੁੱਕੇ ਹਨ ਅਤੇ 58.75 ਮੈਗਾਵਾਟ ਦੇ ਪ੍ਰਾਜੈਕਟ ਪ੍ਰਗਤੀ ਅਧੀਨ ਹਨ। ਨਵਿਆਉਣਯੋਗ ਊਰਜਾ ਦੇ ਪ੍ਰਾਜੈਕਟਾਂ ਵਿੱਚ ਬਾਇਓਮਾਸ ਕੋ-ਜਨਰੇਸ਼ਨ ਪਾਵਰ ਪ੍ਰਾਜੈਕਟ 458.07 ਮੈਗਾਵਾਟ ਅਤੇ ਬਾਇਓਮਾਸ ਪਾਵਰ ਪ੍ਰਾਜੈਕਟ 97.5 ਮੈਗਾਵਾਟ ਸ਼ਾਮਲ ਹਨ। 23 ਬਾਇਓ ਸੀ.ਐਨ. ਜੀ. ਪ੍ਰਾਜੈਕਟ ਉਸਾਰੀ ਅਧੀਨ ਹਨ। ਇਨ੍ਹਾਂ ਤੋਂ ਕੁੱਲ 260 ਟਨ ਕੰਪਰੈਸਡ ਬਾਇਓਗੈਸ (ਸੀ.ਬੀ.ਜੀ) ਪੈਦਾ ਹੋਵੇਗੀ। ਇਨ੍ਹਾਂ ਵਿੱਚ ਏਸ਼ੀਆ ਦਾ ਸਭ ਤੋ ਵੱਡਾ ਸੀ.ਬੀ.ਜੀ ਪ੍ਰਾਜੈਕਟ ਵੀ ਹੈ ਜਿਸ ਦੀ ਸਮਰੱਥਾ 33.23 ਟਨ ਸੀ.ਬੀ.ਜੀ ਪ੍ਰਤੀ ਦਿਨ ਹੈ। ਇਹ ਪ੍ਰਾਜੈਕਟ ਲਹਿਰਾਗਾਗਾ ਤਹਿਸੀਲ ਵਿੱਚ ਲਾਇਆ ਜਾ ਰਿਹਾ ਹੈ ਅਤੇ ਇਹ ਦਸੰਬਰ, 2021 ਵਿੱਚ ਚਾਲੂ ਹੋ ਜਾਵੇਗਾ। ਇਸ ਤੋਂ ਇਲਾਵਾ ਐਚ.ਪੀ.ਸੀ.ਐਲ. ਤੇਲ ਕੰਪਨੀ ਦੁਆਰਾ ਬਾਇਓ ਇਥਨੋਲ ਪ੍ਰਾਜੈਕਟ ਬਠਿੰਡਾ ਜ਼ਿਲ੍ਹੇ ਦੇ ਤਲਵੰਡੀ ਸਾਬੋ ਵਿਖੇ ਉਸਾਰੀ ਅਧੀਨ ਹੈ ਜੋ ਕਿ ਫਰਵਰੀ, 2023 ਤੱਕ ਸ਼ੁਰੂ ਹੋ ਜਾਵੇਗੀ ਅਤੇ ਇਸ ਵਿੱਚ ਰੋਜ਼ਾਨਾ 500 ਟਨ ਪਰਾਲੀ ਦੀ ਖਪਤ ਹੋਵੇਗੀ।
ਸੂਬੇ ਦੇ ਲੋਕਾਂ ਨੂੰ ਵੀ ਸੌਰ ਊਰਜਾ ਅਪਨਾਉਣ ਦੀ ਅਪੀਲ ਕਰਦੇ ਹੋਏ ਡਾ. ਵੇਰਕਾ ਨੇ ਉਨਾਂ ਨੂੰ ਘਰਾਂ ਵਿੱਚ ਸੌਰ ਊਰਜਾ ਪਲਾਂਟ ਲਾਉਣ ਲਈ ਸੁਝਾਅ ਦਿੱਤਾ। ਉਨ੍ਹਾਂ ਕਿਹਾ ਕਿ ਇਸ ਨਾਲ ਜਿੱਥੇ ਲੋਕਾਂ ਨੂੰ ਮਹਿੰਗੀ ਬਿਜਲੀ ਤੋਂ ਰਾਹਤ ਮਿਲੇਗੀ, ਨਾਲ ਹੀ ਕੋਲੇ ਵਰਗੇ ਸਰੋਤ ਦੀ ਵੀ ਬਚਤ ਹੋ ਸਕੇਗੀ।