ਸੂਬੇ ਵਿਚ ਨਸ਼ੇ ਨਾਲ ਨੌਜਵਾਨਾਂ ਦੀ ਮੌਤ ਦਾ ਸਿਲਸਿਲਾ ਜਾਰੀ ਹੈ। ਬਠਿੰਡਾ ਤੇ ਹੁਸ਼ਿਆਰਪੁਰ ਵਿਚ ਦੋ ਦਿਨ ਵਿਚ ਨਸ਼ੇ ਨਾਲ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ। ਬਠਿੰਡਾ ਵਿਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਪਿੰਡ ਮਹਾਰਾਜ ਵਿਚ ਨਸ਼ੇ ਨਾਲ 23 ਸਾਲਾ ਨੌਜਵਾਨ ਧਰਮਪ੍ਰੀਤ ਸਿੰਘ ਦੀ ਮੌਤ ਹੋਈ। ਰਾਮਪੁਰਾ ਸਿਟੀ ਥਾਣੇ ਦੀ ਪੁਲਿਸ ਨੇ ਇਸ ਮਾਮਲੇ ਵਿਚ ਪਿੰਡ ਮਹਾਰਾਜ ਦੇ ਹੀ ਬਲਵੀਰ ਸਿੰਘ ਨਾਂ ਦੇ ਨੌਜਵਾਨ ਖਿਲਾਫ ਕੇਸ ਦਰਜ ਕਰ ਲਿਆ ਹੈ। ਪੁਲਿਸ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਕੋਸ਼ਿਸ਼ ਕਰ ਰਹੀ ਹੈ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਪਿੰਡ ਮਹਾਰਾਜ ਦੇ ਰਹਿਣ ਵਾਲੇ ਬਲਵਿੰਦਰ ਸਿੰਘ ਨੇ ਦੱਸਿਆ ਕਿ ਬਲਵੀਰ ਸਿੰਘ ਨੇ ਬੀਤੀ 4 ਅਗਸਤ ਨੂੰ ਉਨ੍ਹਾਂ ਦੇ ਬੇਟੇ ਧਰਮਪ੍ਰੀਤ ਸਿੰਘ ਨੂੰ ਨਸ਼ਾ ਦਿੱਤਾ ਸੀ ਜਿਸ ਨਾਲ ਉਸ ਦੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਬਠਿੰਡਾ ਜ਼ਿਲ੍ਹੇ ਵਿਚ ਪੰਜ ਮਹੀਨੇ ਵਿਚ ਨਸ਼ੇ ਨਾਲ ਲਗਭਗ 30 ਨੌਜਵਾਨਾਂ ਦੀ ਜਾਨ ਜਾ ਚੁੱਕੀ ਹੈ।
ਹੁਸ਼ਿਆਰਪੁਰ ਸਥਿਤ ਮੇਹਟੀਆਣਾ ਥਾਣੇ ਦੇ ਪਿੰਡ ਖਨੌੜਾ ਵਿਚ ਦੇਰ ਰਾਤ ਨਸ਼ੇ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 26 ਸਾਲਾ ਲਖਵਿੰਦਰ ਸਿੰਘ ਪੁੱਤਰ ਅਮਰਜੀਤ ਸਿੰਘ ਵਜੋਂ ਹੋਈ ਹੈ। ਮਹੇਟੀਆਣਾ ਥਾਣਾ ਦੇ ਏਐੱਸਆੀ ਸੁਰਿੰਦਰ ਪਾਲ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੇ ਮੋਰਚੀ ਵਿਚ ਪਹੁੰਚਾ ਦਿੱਤੀ। ਲਖਵਿੰਦਰ ਦੇ ਪਿਤਾ ਅਮਰਜੀਤ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ ਉਨ੍ਹਾਂ ਦਾ ਪੁੱਤ ਉਨ੍ਹਾਂ ਨਾਲ ਹੀ ਸੌਂ ਰਿਹਾ ਸੀ। ਅਚਾਨਕ ਉਹ ਦਰਦ ਨਾਲ ਤੜਫਣ ਲੱਗਾ। ਲਖਵਿੰਦਰ ਨੂੰ ਤੁਰੰਤ ਪਿੰਡ ਦੇ ਹੀ ਇਕ ਡਾਕਟਰ ਕੋਲ ਲੈ ਗਏ। ਉਸ ਦੀ ਹਾਲਤ ਗੰਭੀਰ ਦੇਖਦੇ ਹੋਏ ਡਾਕਟਰ ਨੇ ਉੁਨ੍ਹਾਂ ਨੂੰ ਸਿਵਲ ਹਸਪਤਾਲ ਲਿਜਾਣ ਲਈ ਕਿਹਾ ਜਿਥੇ ਡਾਕਟਰਾਂ ਨੇ ਉਸ ਦਾ ਇਲਾਜ ਸ਼ੁਰੂ ਕੀਤਾ। ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਲਖਵਿੰਦਰ ਲੰਮੇ ਸਮੇਂ ਤੋਂ ਨਸ਼ੇ ਦਾ ਆਦੀ ਸੀ। ਉਹ ਚਾਰ ਮਹੀਨੇ ਤੋਂ ਸਰਕਾਰੀ ਹਸਪਤਾਲ ਹੁਸ਼ਿਆਰਪੁਰ ਤੋਂ ਨਸ਼ਾ ਛੁਡਾਉਣ ਦੀ ਦਵਾਈ ਲੈ ਰਿਹਾ ਸੀ। ਮੇਹਟੀਆਣਾ ਥਾਣੇ ਦੀ ਪੁਲਿਸ ਨੇ ਲਖਵਿੰਦਰ ਦੇ ਪਿਤਾ ਅਮਰਜੀਤ ਦੇ ਬਿਆਨ ‘ਤੇ ਕੇਸ ਦਰਜ ਕਰਕੇ ਪੋਸਟਮਾਰਟਮ ਕਰਾਉਣ ਦੇ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ।
ਵੀਡੀਓ ਲਈ ਕਲਿੱਕ ਕਰੋ -: