ਪੰਜਾਬ ਵਿਜੀਲੈਂਸ ਬਿਊਰੋ ਨੇ ਮਹੇਸ਼ ਬਾਂਸਲ ਅਸਟੇਟ ਅਫਸਰ, ਗਮਾਡਾ ਮੋਹਾਲੀ ਨੂੰ ਭ੍ਰਿਸ਼ਟਾਚਾਰ ਰੋਕਥਾਮ ਐਕਟ ਦੀ ਧਾਰਾ 13 (1) (ਏ) ਅਤੇ 13 (2) ਤੇ ਆਈ.ਪੀਸੀ ਦੀ ਧਾਰਾ 409, 420 12ਬੀ ਦੇ ਅਧੀਨ ਪੁਲਿਸ ਥਾਣਾ ਫਲਾਇੰਗ ਸਕਵੈਡ ਪੰਜਾਬ ਮੋਹਾਲੀ ਵਿਚ ਦਰਜ FIR ਨੰਬਰ 03, ਤਰੀਕ 17.1.2023 ਸਬੰਧੀ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਦੇ ਬੁਲਾਰੇ ਨੇ ਦੱਸਿਆ ਕਿ ਉਪਰੋਕਤ ਕੇਸ ਉਮੇਸ਼ ਗੋਇਲ, ਸੈਕਟਰ-80, ਐੱਸਏਐੱਸ ਨਗਰ ਦੀ ਸ਼ਿਕਾਇਤ ‘ਤੇ ਮਹੇਸ਼ ਬਾਂਸਲ, ਸੁਨਹਿਰਾ ਸਿੰਘ ਵਾਸੀ ਸੋਨੀਪਤ, ਹਰਿਆਣਾ ਡਾ. ਪਰਮਿੰਦਰਜੀਤ ਸਿੰਘ, ਦਲਜੀਤ ਸਿੰਘ, ਸੀਨੀਅਰ ਸਹਾਇਕ ਤੇ ਰਿਕਾਰਡ ਕੀਪਰ ਗੁਰਦੀਪ ਸਿੰਘ ਖਿਲਾਫ ਉਕਤ ਮਾਮਲਾ ਦਰਜ ਕੀਤਾ ਗਿਆ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਉਪਰੋਕਤ ਸ਼ਿਕਾਇਤ ਦੀ ਜਾਂਚ ਦੇ ਬਾਅਦ ਇਹ ਗੱਲ ਸਾਹਮਣੇ ਆਈ ਸੀ ਕਿ ਗਮਾਡਾ ਵੱਲੋਂ ਮੋਹਾਲੀ ਵਿਚ 500 ਵਰਗ ਦਾ ਇਕ ਪਲਾਟ 2016 ਵਿਚ ਸੁਨਹਿਰਾ ਸਿੰਘ ਦੇ ਨਾਂ ‘ਤੇ ਅਲਾਟ ਕੀਤਾ ਗਿਆ ਸੀ। ਇਸ ਤੋਂ ਬਾਅਦ ਸੁਨਹਿਰਾ ਸਿੰਘ ਨੇ ਸ਼ਿਕਾਇਤਕਰਤਾ ਉਮੇਸ਼ ਗੋਇਲ ਨਾਲ 29.5.2017 ਨੂੰ ਇਸ ਪਲਾਟ ਦੀ ਵਿਕਰੀ ਲਈ ਸਮਝੌਤਾ ਲਿਖਿਆ ਪਰ ਇਸ ਖਰੀਦ/ਵਿਕਰੀ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਪਹਿਲਾਂ ਹੀ ਅਲਾਟੀ ਨੇ ਇਹ ਪਲਾਟ ਡਾ. ਪਰਮਿੰਦਰਜੀਤ ਸਿੰਘ ਤੇ ਹੋਰਨਾਂ ਦੇ ਨਾਂ ‘ਤੇ ਤਬਦੀਲ ਕਰ ਦਿੱਤਾ।
ਇਹ ਵੀ ਪੜ੍ਹੋ : ਟੀਮ ਇੰਡੀਆ ਨੇ ਨਿਊਜ਼ੀਲੈਂਡ ਨੂੰ 90 ਦੌੜਾਂ ਤੋਂ ਹਰਾਇਆ, ਵਨਡੇ ਰੈਂਕਿੰਗ ‘ਚ ਟੌਪ ‘ਤੇ ਪਹੁੰਚੀ
ਸ਼ਿਕਾਇਤਕਰਤਾ ਨੇ ਉਕਤ ਪਲਾਟ ਕਿਸੇ ਵੀ ਪੱਖ ਨੂੰ ਤਬਦੀਲ ਨਾ ਕਰਨ ਸੰਬੰਧੀ ਉਕਤ ਅਸਟੇਟ ਅਫਸਰ ਗਮਾਡਾ ਕੋਲ ਦੋ ਪੱਤਰ ਦਾਇਰ ਕੀਤੇ ਪਰ ਕਥਿਤ ਮੁਲਾਜ਼ਮ ਹਮੇਸ਼ ਬਾਂਸਲ, ਈਓ ਗਮਾਡਾ ਨੇ ਸ਼ਿਕਾਇਤਕਰਤਾ ਉਮੇਸ਼ ਗੋਇਲ ਨੂੰ ਸੁਣਵਾਈ ਦਾ ਕੋਈ ਮੌਕਾ ਨਾ ਦੇ ਕੇ ਪਰਮਿੰਦਰਜੀਤ ਸਿੰਘ ਤੇ ਹੋਰਨਾਂ ਨਾਲ ਮਿਲੀਭੁਗਤ ਕਰਕੇ ਉਕਤ ਪਲਾਟ ਪਰਮਿੰਦਰਜੀਤ ਦੇ ਨਾਂ ‘ਤੇ ਟਰਾਂਸਫਰ ਕਰਵਾ ਦਿੱਤਾ ਤੇ ਦਫਤਰ ਨਾਲ ਸਬੰਧਤ ਫਾਈਲ ਨੂੰ ਨਸ਼ਟ ਕਰ ਦਿੱਤਾ। ਬੁਲਾਰੇ ਨੇ ਦੱਸਿਆ ਕਿ ਇਸ ਕੇਸ ਵਿਚ ਮੁਲਜ਼ਮ ਮਹੇਸ਼ ਬਾਂਸਲ ਈਓ, ਗਮਾਡਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਬਾਕੀ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
ਵੀਡੀਓ ਲਈ ਕਲਿੱਕ ਕਰੋ -: