ਅੰਮ੍ਰਿਤਸਰ ਦੇ ਸਰਕੂਲਰ ਰੋਡ ‘ਤੇ ਇੱਕ ਨਿੱਜੀ ਹਸਪਤਾਲ ਵਿਚ ਇਲਾਜ ਦੌਰਾਨ ਔਰਤ ਦੀ ਮੌਤ ਤੋਂ ਬਾਅਦ, ਪਰਿਵਾਰਕ ਮੈਂਬਰਾਂ ਨੇ ਲਾਪਰਵਾਹੀ ਦਾ ਦੋਸ਼ ਲਗਾਉਂਦੇ ਹੋਏ ਜ਼ਬਰਦਸਤ ਵਿਰੋਧ ਕੀਤਾ। ਦੇਰ ਰਾਤ ਵਾਪਰੀ ਇਸ ਘਟਨਾ ਵਿੱਚ ਪੁਲਿਸ ਨੇ ਪਹੁੰਚ ਕੇ ਮਾਮਲੇ ਨੂੰ ਸ਼ਾਂਤ ਕੀਤਾ। ਉਨ੍ਹਾਂ ਉਚਿਤ ਕਾਰਵਾਈ ਦਾ ਭਰੋਸਾ ਵੀ ਦਿੱਤਾ। ਫਿਲਹਾਲ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਔਰਤ ਦੀ ਲਾਸ਼ ਦਾ ਪੋਸਟਮਾਰਟਮ ਐਤਵਾਰ ਨੂੰ ਕੀਤਾ ਜਾਵੇਗਾ।
ਇਹ ਘਟਨਾ ਸ਼ਨੀਵਾਰ ਰਾਤ ਨੂੰ ਮੈਡੀਕਲ ਕਾਲਜ ਦੇ ਨੇੜੇ ਸਥਿਤ ਇੱਕ ਨਿੱਜੀ ਹਸਪਤਾਲ ਵਿੱਚ ਵਾਪਰੀ। ਮ੍ਰਿਤਕ ਦੀ ਪਛਾਣ 60 ਸਾਲਾ ਰਾਜ ਕੌਰ ਵਜੋਂ ਹੋਈ ਹੈ, ਜੋ ਕਿ ਬਾਬਾ ਦੀਪ ਸਿੰਘ ਕਾਲੋਨੀ, ਫਤਿਹਗੜ੍ਹ ਚੂੜੀਆਂ ਰੋਡ ਦੀ ਰਹਿਣ ਵਾਲੀ ਹੈ। ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦੋਸ਼ ਲਾਇਆ ਹੈ ਕਿ ਹਸਪਤਾਲ ਪ੍ਰਸ਼ਾਸਨ ਨੇ ਗਲਤ ਟੀਕਾ ਲਗਾਇਆ, ਜਿਸ ਤੋਂ ਬਾਅਦ ਔਰਤ ਦੀ ਮੌਤ ਹੋ ਗਈ। ਰਿਸ਼ਤੇਦਾਰਾਂ ਨੇ ਦੱਸਿਆ ਕਿ ਰਾਜ ਕੌਰ ਡੇਂਗੂ ਤੋਂ ਪੀੜਤ ਸੀ। ਇਸ ਤੋਂ ਪਹਿਲਾਂ ਰਾਜ ਕੌਰ ਨੂੰ ਰਣਜੀਤ ਐਵੇਨਿਊ ਸਥਿਤ ਪਾਰਵਤੀ ਦੇਵੀ ਹਸਪਤਾਲ ਲਿਜਾਇਆ ਗਿਆ। ਪਰ ਬਿਸਤਰੇ ਨਾ ਹੋਣ ਕਾਰਨ ਉਸ ਨੂੰ ਸਰਕੂਲਰ ਰੋਡ ਹਸਪਤਾਲ ਰੈਫਰ ਕਰ ਦਿੱਤਾ ਗਿਆ।
ਦੇਖੋ ਵੀਡੀਓ : Sabudana Omelette Recipe | ਨਰਾਤਿਆਂ ਦੀ ਸਪੈਸ਼ਲ ਰੈਸਿਪੀ
ਉਹ ਸ਼ਨੀਵਾਰ ਸ਼ਾਮ 5 ਵਜੇ ਰਾਜ ਕੌਰ ਨੂੰ ਇਸ ਹਸਪਤਾਲ ਵਿੱਚ ਲੈ ਕੇ ਆਏ। ਇਥੇ ਮੌਜੂਦ ਨਰਸ ਨੇ ਉਸ ਨੂੰ ਟੀਕਾ ਲਗਾਇਆ। ਮ੍ਰਿਤਕ ਦੇ ਰਿਸ਼ਤੇਦਾਰ ਰਾਜਵਿੰਦਰ ਨੇ ਦੱਸਿਆ ਕਿ ਟੀਕਾ ਲਗਵਾਉਂਦੇ ਸਮੇਂ ਵੀ ਰਾਜ ਕੌਰ ਬੇਚੈਨ ਮਹਿਸੂਸ ਕਰ ਰਹੀ ਸੀ। ਪਰ ਨਰਸ ਨੇ ਮੋਬਾਈਲ ਕੰਨਾਂ ‘ਤੇ ਲਗਾਇਆ ਹੋਇਆ ਸੀ ਅਤੇ ਰਾਜ ਕੌਰ ਨੂੰ ਕਹਿਣ ਦੇ ਬਾਵਜੂਦ ਵੀ ਉਸਦੀ ਇੱਕ ਨਾ ਸੁਣੀ। ਜਿਸ ਤੋਂ ਬਾਅਦ ਉਸਦੀ ਸਿਹਤ ਵਿਗੜਨੀ ਸ਼ੁਰੂ ਹੋ ਗਈ ਅਤੇ ਉਸਨੂੰ ਆਈਸੀਯੂ ਵਿੱਚ ਲਿਜਾਇਆ ਗਿਆ। ਸਰੀਰ ਨੀਲਾ ਹੋਣਾ ਸ਼ੁਰੂ ਹੋ ਗਿਆ ਅਤੇ ਦੇਰ ਰਾਤ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਮਜੀਠਾ ਰੋਡ ਥਾਣੇ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮ੍ਰਿਤਕ ਦੇ ਪਰਿਵਾਰ ਨੂੰ ਸ਼ਾਂਤ ਕੀਤਾ ਅਤੇ ਉਨ੍ਹਾਂ ਨੂੰ ਇਨਸਾਫ਼ ਦਾ ਵਾਅਦਾ ਕੀਤਾ। ਫਿਲਹਾਲ ਲਾਸ਼ ਨੂੰ ਕਬਜ਼ੇ ‘ਚ ਲੈ ਲਿਆ ਗਿਆ ਹੈ। ਐਤਵਾਰ ਨੂੰ ਲਾਸ਼ ਦਾ ਪੋਸਟ ਮਾਰਟਮ ਕਰਨ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਮੋਰਿੰਡਾ ਪਹੁੰਚੇ CM ਚੰਨੀ ਨੇ ਘੇਰੀ ਪਿਛਲੀ ਸਰਕਾਰ, ਖੇਤ ਮਜ਼ਦੂਰਾਂ ਲਈ ਵੀ ਕੀਤਾ ਵੱਡਾ ਐਲਾਨ