ਪੰਜਾਬ ਵਿੱਚ ਨਸ਼ਿਆਂ ਦੀ ਸਪਲਾਈ ਵਿੱਚ ਮਹਿਲਾ ਸਮੱਗਲਰਾਂ ਦੀ ਭੂਮਿਕਾ ਦਿਨੋਂ ਦਿਨ ਵੱਧਦੀ ਜਾ ਰਹੀ ਹੈ। ਤਾਜ਼ਾ ਮਾਮਲਾ ਫ਼ਰੀਦਕੋਟ ਤੋਂ ਸਾਹਮਣੇ ਆਇਆ ਹੈ। ਫ਼ਰੀਦਕੋਟ ਸਥਿਤ ਜੈਤੋ ਐਂਟੀ ਨਾਰਕੋਟਿਕਸ ਸੈੱਲ ਨੇ ਇੱਕ ਮਹਿਲਾ ਨਸ਼ਾ ਤਸਕਰ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਮੁਲਜ਼ਮ ਦੇ ਕਬਜ਼ੇ ’ਚੋਂ ਪਾਬੰਦੀਸ਼ੁਦਾ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਪੁਲਿਸ ਨੇ ਮੁਲਜ਼ਮ ਔਰਤ ਖ਼ਿਲਾਫ਼ NDPS ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।
ਐਂਟੀ ਨਾਰਕੋਟਿਕਸ ਸੈੱਲ ਜੈਤੋ ਦੇ ਇੰਚਾਰਜ ਚਰਨਜੀਤ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਲਗਾਤਾਰ ਗਸ਼ਤ ‘ਤੇ ਸਨ। ਇਸੇ ਦੌਰਾਨ ਅੱਜ ਸਵੇਰੇ 11.30 ਵਜੇ ਪਿੰਡ ਕੋਠੇ ਹਜ਼ੂਰਾ ਸਿੰਘ ਤੋਂ ਅੱਧਾ ਕਿਲੋਮੀਟਰ ਪਿੱਛੇ ਨੈਸ਼ਨਲ ਹਾਈਵੇਅ 54 ’ਤੇ ਇੱਕ ਔਰਤ ਹੱਥ ਵਿੱਚ ਪਲਾਸਟਿਕ ਦਾ ਲਿਫ਼ਾਫ਼ਾ ਫੜੀ ਸੜਕ ਦੇ ਕਿਨਾਰੇ ਪੈਦਲ ਜਾ ਰਹੀ ਸੀ। ਸ਼ੱਕ ਦੇ ਅਧਾਰ ‘ਤੇ ਜਦੋਂ ਔਰਤ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਹ ਘਬਰਾ ਗਈ। ਉਸ ਦੇ ਹੱਥ ਵਿੱਚ ਫੜੇ ਲਿਫ਼ਾਫ਼ੇ ਵਿੱਚੋਂ 680 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ।
ਇਹ ਵੀ ਪੜ੍ਹੋ : 1983 World Cup ਦੀ ਜਿੱਤ ਨੂੰ 40 ਸਾਲ ਪੂਰੇ, ਭਾਰਤੀ ਕ੍ਰਿਕਟ ਟੀਮ ਨੇ ਵੈਸਟਇੰਡੀਜ਼ ਨੂੰ ਦਿੱਤੀ ਸੀ ਮਾਤ
ਮੁਲਜ਼ਮ ਔਰਤ ਦੀ ਪਛਾਣ ਬੱਗੀ ਪਤਨੀ ਗੁਰਪ੍ਰੀਤ ਸਿੰਘ ਵਾਸੀ ਪਿੰਡ ਢਿੱਲਵਾਂ ਕਲਾਂ ਵਜੋਂ ਹੋਈ ਹੈ। ਪੁਲਿਸ ਨੇ ਉਕਤ ਔਰਤ ਖਿਲਾਫ ਥਾਣਾ ਕੋਟਕਪੂਰਾ ‘ਚ NDPS ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ। ਔਰਤ ਤੋਂ ਪੁੱਛਗਿੱਛ ਲਈ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ, ਤਾਂ ਜੋ ਪਤਾ ਲੱਗ ਸਕੇ ਕਿ ਪਾਬੰਦੀਸ਼ੁਦਾ ਨਸ਼ਾ ਕਿੱਥੋਂ ਲਿਆਇਆ ਜਾ ਰਿਹਾ ਸੀ ਅਤੇ ਅੱਗੇ ਕਿੱਥੇ ਸਪਲਾਈ ਕਰਨਾ ਸੀ।
ਵੀਡੀਓ ਲਈ ਕਲਿੱਕ ਕਰੋ -: