ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ ਨੇ ਰੋਹਿਣੀ ਜੇਲ੍ਹ ਦੇ 82 ਅਧਿਕਾਰੀਆਂ ਤੇ ਕਰਮਚਾਰੀਆਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਹੈ। ਜੇਲ ਸਟਾਫ ‘ਤੇ ਦੋਸ਼ ਹੈ ਕਿ ਇਹ ਲੋਕ ਸੁਕੇਸ਼ ਚੰਦਰ ਸ਼ੇਖਰ ਤੋਂ ਹਰ ਮਹੀਨੇ ਕਰੀਬ ਡੇਢ ਕਰੋੜ ਰੁਪਏ ਰਿਸ਼ਵਤ ਲੈਂਦੇ ਸਨ। ਇਲਜ਼ਾਮ ਹੈ ਕਿ ਸੁਕੇਸ਼ ਜੇਲ੍ਹ ਵਿੱਚ ਮੋਬਾਈਲ ਫ਼ੋਨ ਵਰਤਣ ਸਮੇਤ ਵੱਖਰੀ ਬੈਰਕ ਅਤੇ ਹੋਰ ਸਹੂਲਤਾਂ ਦੇਣ ਦੇ ਨਾਂਅ ‘ਤੇ ਇਹ ਰਕਮ ਅਫ਼ਸਰਾਂ ਨੂੰ ਦਿੰਦਾ ਸੀ। ਇਸ ਮਾਮਲੇ ਵਿੱਚ 15 ਜੂਨ ਨੂੰ ਐਫਆਈਆਰ ਦਰਜ ਕੀਤੀ ਗਈ ਸੀ।
ਦੱਸ ਦੇਈਏ ਕਿ ਫੋਰਟਿਸ ਹੈਲਥਕੇਅਰ ਦੇ ਸਾਬਕਾ ਪ੍ਰਮੋਟਰ ਸ਼ਿਵਿੰਦਰ ਮੋਹਨ ਸਿੰਘ ਦੀ ਪਤਨੀ ਅਦਿਤੀ ਸਿੰਘ ਸਮੇਤ ਕੁਝ ਅਮੀਰ ਲੋਕਾਂ ਨੂੰ ਧੋਖਾ ਦੇਣ ਦਾ ਦੋਸ਼ੀ ਸੁਕੇਸ਼ ਚੰਦਰਸ਼ੇਖਰ ਰੋਹਿਣੀ ਦੀ ਜੇਲ ਨੰਬਰ 10 ਦੇ ਵਾਰਡ ਨੰਬਰ 3 ਦੀ ਬੈਰਕ ਨੰਬਰ 204 ‘ਚ ਬੰਦ ਹੈ। ਇਸ ਦੌਰਾਨ 7 ਜੇਲ ਕਰਮਚਾਰੀ ਪਹਿਲਾਂ ਹੀ ਉਸ ਦੀ ਕਿਸੇ ਨਾ ਕਿਸੇ ਤਰੀਕੇ ਨਾਲ ਮਦਦ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਕੀਤੇ ਗਏ ਸਨ।
ਇਸ ਤੋਂ ਪਹਿਲਾਂ ਸੁਕੇਸ਼ ਚੰਦਰਸ਼ੇਖਰ ਨੇ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਰਹਿੰਦਿਆਂ 200 ਕਰੋੜ ਦੀ ਠੱਗੀ ਮਾਰਨ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਸੀ। ਸੁਕੇਸ਼ ਨੇ ਗ੍ਰਹਿ ਮੰਤਰਾਲੇ ਦਾ ਅਧਿਕਾਰੀ ਬਣ ਕੇ ਜੇਲ੍ਹ ਤੋਂ ਠੱਗੀ ਮਾਰੀ ਸੀ। ਉਸ ਨੇ ਆਪਣੀ ਆਵਾਜ਼ ਬਦਲ ਕੇ ਲੋਕਾਂ ਨੂੰ ਆਪਣੇ ਜਾਲ ਵਿਚ ਫਸਾ ਲਿਆ ਸੀ। ਦੋਸ਼ ਹੈ ਕਿ ਸੁਕੇਸ਼ ਨੇ ਜੇਲ੍ਹ ਅਧਿਕਾਰੀਆਂ ਨੂੰ ਲੱਖਾਂ ਦੀ ਰਿਸ਼ਵਤ ਦੇ ਕੇ ਮੋਬਾਈਲ ਫ਼ੋਨ ਦੀ ਵਰਤੋਂ ਕੀਤੀ ਸੀ। ਜਾਂਚ ਤੋਂ ਬਾਅਦ ਕਈ ਜੇਲ੍ਹ ਅਧਿਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਹਾਲ ਹੀ ‘ਚ ਸੁਕੇਸ਼ ਚੰਦਰਸ਼ੇਖਰ ਜੇਲ੍ਹ ਦੀ ਸੁਰੱਖਿਆ ਵਿਵਸਥਾ ਦੀ ਉਲੰਘਣਾ ਕਰਦੇ ਫੜੇ ਗਏ ਹਨ। ਸੁਕੇਸ਼ ਜੇਲ੍ਹ ਦੇ ਬਾਹਰ ਸੰਦੇਸ਼ ਭੇਜਦਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਿਆ ਹੈ। ਮੁਲਜ਼ਮ ਤਿਹਾੜ ਜੇਲ੍ਹ ਦੇ ਨਰਸਿੰਗ ਸਟਾਫ਼ ਨੂੰ ਚਿੱਠੀ ਲਿਖ ਕੇ ਬਾਹਰ ਭੇਜ ਰਿਹਾ ਸੀ। ਜੇਲ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਸੁਕੇਸ਼ ਆਪਣਾ ਮੈਸੇਜ ਇਧਰੋਂ ਉਧਰ ਕਰਵਾਉਂਦਾ ਸੀ। ਮਾਮਲੇ ‘ਚ ਤਿਹਾੜ ਜੇਲ੍ਹ ਪ੍ਰਸ਼ਾਸਨ ਨੇ ਦੋਸ਼ੀ ਨਰਸਿੰਗ ਸਟਾਫ ਖਿਲਾਫ ਕਾਰਵਾਈ ਲਈ ਦਿੱਲੀ ਪੁਲਿਸ ਨੂੰ ਪੱਤਰ ਲਿਖਿਆ ਹੈ।
ਵੀਡੀਓ ਲਈ ਕਲਿੱਕ ਕਰੋ -: