ਪੰਜਾਬ ਦੇ ਫਰੀਦਕੋਟ ਵਿਚ ਦਿਲ ਦਹਿਲਾ ਦੇਣ ਵਾਲਾ ਹਾਦਸਾ ਵਾਪਰਿਆ। ਫਰੀਦਕੋਟ-ਕੋਟਕਪੂਰਾ ਰੋਡ ‘ਤੇ ਇੱਕ ਕਾਰ ‘ਚ ਅਚਾਨਕ ਅੱਗ ਲੱਗ ਗਈ। ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਕਾਰ ਨੂੰ ਚਲਾ ਰਹੇ ਆੜ੍ਹਤੀ ਨੂੰ ਬਾਹਰ ਨਿਕਲਣ ਦਾ ਮੌਕਾ ਵੀ ਨਹੀਂ ਮਿਲਿਆ ਤੇ ਉਹ ਕਾਰ ਵਿਚ ਜ਼ਿੰਦਾ ਹੀ ਸੜ ਗਿਆ।
ਹਾਲਾਂਕਿ ਅੱਗ ਦੀ ਘਟਨਾ ਦੇਖ ਕੇ ਲੋਕ ਉਥੇ ਹੀ ਰੁਕੇ। ਉਨ੍ਹਾਂ ਨੇ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਕੋਈ ਸਫਲਤਾ ਨਹੀਂ ਮਿਲੀ। ਲੋਕਾਂ ਨੇ ਗੱਡੀਆਂ ਵਿਚ ਰੱਖੇ ਆਪਣੇ ਛੋਟੇ ਸਿਲੰਡਰਾਂ ਤੋਂ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਬੁਝ ਨਹੀਂ ਰਹੀ ਸੀ। ਇਸ ਦੇ ਬਾਅਦ ਲੋਕਾਂ ਨੇ ਫਾਇਰ ਬ੍ਰਿਗੇਡ ਵਿਭਾਗ ਨੂੰ ਫੋਨ ਕਰਕੇ ਸੂਚਿਤ ਕੀਤਾ ਪਰ ਜਦੋਂ ਤੱਕ ਫਾਇਰ ਬ੍ਰਿਗੇਡ ਦੇ ਕਰਮਚਾਰੀ ਪਹੁੰਚੇ ਉਦੋਂ ਤਕ ਬਹੁਤ ਦੇਰ ਹੋ ਚੁੱਕੀ ਸੀ। ਕਾਰ ਤੇ ਚਾਲਕ ਸੜ ਕੇ ਸੁਆਹ ਹੋ ਚੁੱਕੇ ਸਨ।
ਫਾਇਰ ਬ੍ਰਿਗੇਡ ਦੇ ਅਧਿਕਾਰੀ ਮਨਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਸ਼ਾਹੀ ਹਵੇਲੀ ਦੇ ਨੇੜੇ ਗੱਡੀ ਨੂੰ ਅੱਗ ਲੱਗੀ ਹੈ। ਉਨ੍ਹਾਂ ਨੇ ਮੌਕੇ ‘ਤੇ ਪਹੁੰਚ ਕੇ ਅੱਗ ਬੁਝਾਈ ਤੇ ਗੱਡੀ ਦੀਆਂ ਖਿੜਕੀਆਂ ਖੋਲ੍ਹੀਆਂ ਪਰ ਕਾਰ ਸਵਾਰ ਉਦੋਂ ਤੱਕ ਸੜ ਚੁੱਕਾ ਸੀ। ਮ੍ਰਿਤਕ ਦੀ ਪਛਾਣ ਹਰਵਿੰਦਰ ਸਿੰਘ ਸੰਧੂ ਵਜੋਂ ਹੋਈ ਹੈ।
ਵੀਡੀਓ ਲਈ ਕਲਿੱਕ ਕਰੋ -:
“ਬਠਿੰਡੇ ਦੀ ਜੱਟੀ ਟੋਹਰ ਨਾਲ ਚਲਾਉਂਦੀ ਐ ਟੈਂਕਰ ਤੇ ਟਰਾਲੇ, ਦੇਖੋ ਸਫ਼ਲ ਲੇਡੀ ਟਰਾਂਸਪੋਰਟਰ ਕਿਵੇਂ ਪਹੁੰਚੀ ਅਰਸ਼ਾਂ ‘ਤੇ !”
ਹਰਵਿੰਦਰ ਸਿੰਘ ਦੇ ਚੇਚਰੇ ਭਰਾ ਸਵਰਨ ਸਿੰਘ ਨੇ ਦੱਸਿਆ ਕਿ ਉਸ ਨੂੰ ਪਤਾ ਲੱਗਾ ਕਿ ਸ਼ੂਗਰ ਮਿੱਲ ਕੋਲ ਇੱਕ ਗੱਡੀ ਸੜ ਰਹੀ ਹੈ। ਜਦੋਂ ਉਸ ਨੇ ਦੇਖਿਆ ਤਾਂ ਗੱਡੀ ਉਸ ਦੇ ਭਰਾ ਹਰਵਿੰਦਰ ਸਿੰਘ ਦੀ ਹੈ ਪਰ ਉਹ ਕੁਝ ਕਰ ਸਕਦਾ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ ਤੇ ਉਸ ਦੇ ਭਰਾ ਦੀ ਮੌਤ ਹੋ ਚੁੱਕੀ ਸੀ। ਸਵਰਨ ਸਿੰਘ ਨੇ ਦੱਸਿਆ ਕਿ ਹਰਵਿੰਦਰ ਸਿੰਘ ਦਾ ਇੱਕ ਲੜਕਾ ਹੈ ਜੋ ਨਿਊਜ਼ੀਲੈਂਡ ਵਿਚ ਰਹਿੰਦਾ ਹੈ। ਹਰਵਿੰਦਰ ਆਪਣੀ ਪਤਨੀ ਨਾਲ ਫਰੀਦਕੋਟ ਵਿਚ ਰਹਿੰਦਾ ਸੀ। ਉਸ ਦੀ ਕੋਟਕਪੂਰਾ ਵਿਚ ਹਰੀਨੋ ਰੇਲਵੇ ਫਾਟਕ ਕੋਲ ਖਾਲਸਾ ਟ੍ਰੇਡਿੰਗ ਕੰਪਨੀ ਦੇ ਨਾਂ ਤੋਂ ਆੜ੍ਹਤ ਦੀ ਦੁਕਾਨ ਹੈ।