ਬਟਾਲਾ ‘ਚ ਨਿੱਕੀ ਜਿਹੀ ਗੱਲ ‘ਤੇ ਦੋ ਸਕੇ ਭਰਾਵਾਂ ‘ਤੇ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਕੋਟ ਮਜਲਿਸ ‘ਚ ਰਾਹ ਨਾ ਮਿਲਣ ‘ਤੇ ਭੜਕੇ ਬਾਈਕ ਸਵਾਰ ਨੇ ਦੋਵੇਂ ਭਰਾਵਾਂ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਿਆ। ਫਿਲਹਾਲ ਪੁਲਿਸ ਥਾਣਾ ਕਿਲ੍ਹਾ ਲਾਲ ਸਿੰਘ ਮਾਮਲੇ ਦੀ ਜਾਂਚ ਕਰ ਰਹੀ ਹੈ। ਦੋਵੇਂ ਜ਼ਖਮੀ ਭਰਾਵਾਂ ਨੂੰ ਇਲਾਜ ਲਈ ਬਟਾਲਾ ਦੇ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।
ਥਾਣਾ ਕਿਲ੍ਹਾ ਲਾਲ ਸਿੰਘ ਅਧੀਨ ਪੈਂਦੇ ਪਿੰਡ ਕੋਟ ਮਜਲਿਸ ਦੇ ਰਹਿਣ ਵਾਲੇ ਕੰਵਰਜੀਤ ਸਿੰਘ ਅਤੇ ਅਮਰਜੀਤ ਸਿੰਘ ਨੇ ਸਿਵਲ ਹਸਪਤਾਲ ਵਿੱਚ ਇਲਾਜ ਦੌਰਾਨ ਦੱਸਿਆ ਕਿ ਸਵੇਰੇ ਅੱਠ ਵਜੇ ਦੇ ਕਰੀਬ ਉਹ ਆਪਣੇ ਘਰ ਦਾ ਨਵਾਂ ਸਾਮਾਨ ਲੈ ਕੇ ਆ ਰਹੇ ਸਨ। ਇਸੇ ਦੌਰਾਨ ਪਿੰਡ ਦੀ ਗਲੀ ਵਿੱਚ ਦੋ ਹੋਰ ਅਣਪਛਾਤੇ ਨੌਜਵਾਨ ਪਿੱਛੇ ਤੋਂ ਬਾਈਕ ’ਤੇ ਸਵਾਰ ਹੋ ਕੇ ਆਏ।
ਇਹ ਵੀ ਪੜ੍ਹੋ : ‘ਮੈਂ ਤੇਰਾ ਵੀਰਾ ਹਾਂ’- ਦੇਸ਼ ਦੀ ਵੰਡ ਵੇਲੇ ਵਿੱਛੜੀ ਭੈਣ ਨੂੰ 75 ਸਾਲਾਂ ਬਾਅਦ ਲੱਭਿਆ ਭਰਾ
ਸੜਕ ਤੰਗ ਹੋਣ ਕਾਰਨ ਉਹ ਬਾਈਕ ਨੂੰ ਸਾਈਡ ਨਹੀਂ ਦੇ ਸਕਿਆ। ਇਸ ਤੋਂ ਗੁੱਸੇ ਵਿੱਚ ਆਏ ਨੌਜਵਾਨ ਨੇ ਅੱਗੇ ਆ ਕੇ ਰਸਤਾ ਰੋਕ ਲਿਆ ਅਤੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਕੰਵਰਜੀਤ ਨੇ ਵਿਰੋਧ ਕੀਤਾ ਤਾਂ ਨੌਜਵਾਨਾਂ ਨੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸੇ ਦੌਰਾਨ ਪਿੱਛੇ ਰੇਹੜੀ ਵਾਲੇ ’ਤੇ ਸਾਮਾਨ ਲੈ ਕੇ ਵਾਪਸ ਆ ਰਿਹਾ ਅਮਰਜੀਤ ਵੀ ਉਥੇ ਪਹੁੰਚ ਗਿਆ ਅਤੇ ਹੱਥੋਪਾਈ ਹੋ ਗਈ। ਰੌਲਾ ਸੁਣ ਕੇ ਜਦੋਂ ਪਿੰਡ ਦੇ ਲੋਕ ਇਕੱਠੇ ਹੋਣ ਲੱਗੇ ਤਾਂ ਬਾਈਕ ਸਵਾਰ ਇੱਕ ਨੌਜਵਾਨ ਨੇ ਪਿਸਤੌਲ ਨਾਲ ਦੋ ਗੋਲੀਆਂ ਚਲਾ ਦਿੱਤੀਆਂ।
ਜਦੋਂ ਪਿੰਡ ਦੇ ਲੋਕਾਂ ਨੇ ਹਮਲਾਵਰਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਹ ਇੱਕ ਵਾਰ ਫਿਰ ਹਵਾ ਵਿੱਚ ਗੋਲੀਆਂ ਚਲਾ ਕੇ ਫ਼ਰਾਰ ਹੋ ਗਏ। ਗੋਲੀ ਲੱਗਣ ਕਾਰਨ ਦੋਵੇਂ ਭਰਾ ਜਖਮੀ ਹੋ ਗਏ ਅਤੇ ਉਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਪੁਲਿਸ ਥਾਣਾ ਕਿਲ੍ਹਾ ਲਾਲ ਸਿੰਘ ਦੇ ਇੰਚਾਰਜ ਸੁਖਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਜ਼ਖਮੀਆਂ ਦੇ ਬਿਆਨ ਲੈਣ ਲਈ ਸਿਵਲ ਹਸਪਤਾਲ ਭੇਜ ਦਿੱਤੀ ਗਈ ਹੈ। ਇਸ ਦੇ ਨਾਲ ਹੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: