ਚੰਡੀਗੜ੍ਹ : ਸੰਗਰੂਰ ਦੀਆਂ ਜ਼ਿਮਨੀ ਚੋਣਾਂ ਨੂੰ ਇੱਕ ਮਹੀਨੇ ਤੋਂ ਵੀ ਘੱਟ ਸਮਾਂ ਬਾਕੀ ਹੈ। ਇਹ ਚੋਣਾਂ 23 ਜੂਨ ਨੂੰ ਹੋਣ ਜਾ ਰਹੀਆਂ ਹਨ। ਸਾਰੀਆਂ ਪਾਰਟੀਆਂ ਇਸ ਦੀਆਂ ਤਿਆਰੀਆਂ ਵਿੱਚ ਜੁਟੀਆਂ ਹੋਈਆਂ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਪੰਥ ਤੇ ਪੰਜਾਬ ਵਿਰੋਧੀ ਦਿੱਲੀ ਆਧਾਰਿਤ ਤਾਕਤਾਂ ਨੂੰ ਅਗਲੇ ਮਹੀਨੇ ਹੋਣ ਵਾਲੀ ਸੰਸਦੀ ਜ਼ਿਮਨੀ ਚੋਣ ਵਿਚ ਮਾਤ ਦੇਣ ਲਈ ਸਾਰੀਆਂ ਪੰਥਕ ਤੇ ਪੰਜਾਬ ਪੱਖੀ ਸਿਆਸੀ ਪਾਰਟੀਆਂ ਵਿਚ ਸਹਿਮਤੀ ਬਣਾਉਣ ਲਈ 5 ਮੈਂਬਰੀ ਤਾਲਮੇਲ ਕਮੇਟੀ ਗਠਿਤ ਕੀਤੀ ਹੈ।
ਇਸ ਤੋਂ ਪਹਿਲਾਂ ਪਾਰਟੀ ਦੀ ਫੈਸਲਾ ਲੈਣ ਵਾਲੀ ਸਰਵ ਉਚ ਕੋਰ ਕਮੇਟੀ ਨੇ ਜ਼ਿਮਨੀ ਚੋਣ ਦੇ ਮਾਮਲੇ ਵਿਚ ਸਾਰੇ ਫੈਸਲੇ ਲੈਣ ਦੇ ਅਧਿਕਾਰ ਸੁਖਬੀਰ ਬਾਦਲ ਨੂੰ ਸੌਂਪੇ ਸਨ।
ਮੀਟਿੰਗ ਦੇ ਵੇਰਵੇ ਸਾਂਝੇ ਕਰਦਿਆਂ ਸ. ਬਾਦਲ ਦੇ ਪ੍ਰਮੁੱਖ ਸਲਾਹਕਾਰ ਹਰਚਰਨ ਬੈਂਸ ਨੇ ਮੀਡੀਆ ਨੂੰ ਦੱਸਿਆ ਕਿ ਇਹ ਤਾਲਮੇਲ ਕਮੇਟੀ ਪੰਥ ਤੇ ਪੰਜਾਬਰ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਤੇ ਸੰਗਠਨਾਂ ਨਾਲ ਤਾਲਮੇਲ ਕਾਇਮ ਕਰੇਗੀ ਤਾਂ ਜੋ ਸਾਂਝਾ ਉਮੀਦਵਾਰ ਖੜ੍ਹਾ ਕੀਤਾ ਜਾ ਸਕੇ ਤੇ ਚੋਣ ਵਾਸਤੇ ਸਾਂਝੀ ਰਣਨੀਤੀ ਉਲੀਕੀ ਜਾ ਸਕੇ।
ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਲਈ ਇਹ ਚੋਣ ਪੰਜਾਬ ਬਨਾਮ ਦਿੱਲੀ ਦਾ ਮੁਕਾਬਲਾ ਹੈ ਤੇ ਪੰਜਾਬ ਵਿਰੋਧੀ ਤੇ ਪੰਥ ਵਿਰੋਧੀ ਤਾਕਤਾਂ ਜੋ ਪੰਥ ਤੇ ਪੰਜਾਬ ਦੀਆਂ ਵਿਰੋਧੀ ਤਾਕਤਾਂ ਦੇ ਆਸ਼ੀਰਵਾਦ ਨਾਲ ਬਾਹਰੋਂ ਚੱਲ ਰਹੀਆਂ, ਨੂੰ ਮਾਤ ਪਾਉਣ ਤੇ ਭਜਾਉਣ ਦਾ ਸੁਨਹਿਰੀ ਮੌਕਾ ਹੈ। ਉਹਨਾਂ ਕਿਹਾ ਕਿ ਇਹਨਾਂ ਤਾਕਤਾਂ ਨੇ ਨਾ ਸਿਰਫ ਝੂਠੇ ਪ੍ਰਾਪੇਗੰਡੇ ਨਾਲ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਇਆ ਤੇ ਧੋਖਾ ਦਿੱਤਾ ਹੈ ਬਲਕਿ ਇਹ ਖਾਲਸਾ ਪੰਥ ਤੇ ਇਸਦੀ ਵਿਰਾਸਤ ਨੂੰ ਅੰਦਰੋਂ ਤੋੜ ਕੇ ਪੰਜਾਬੀ ਤੇ ਪੰਥਕ ਪਛਾਣ ਨੁੰ ਕਮਜ਼ੋਰ ਕਰਨਾ ਚਾਹੁੰਦੀਆਂ ਹਨ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਬਣਾਈ ਪੰਜ ਮੈਂਬਰੀ ਕਮੇਟੀ ਵਿਚ ਸਰਦਾਰ ਬਲਵਿੰਦਰ ਸਿੰਘ ਭੂੰਦੜ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਜਥੇਦਾਰ ਸਿਕੰਦਰ ਸਿੰਘ ਮਲੂਕਾ, ਜਥੇਦਾਰ ਇਕਬਾਲ ਸਿੰਘ ਝੂੰਦਾ ਤੇ ਜਥੇਦਾਰ ਵਿਰਸਾ ਸਿੰਘ ਵਲਟੋਹਾ ਨੂੰ ਸ਼ਾਮਲ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਇਸ ਤੋਂ ਪਹਿਲਾਂ ਕੋਰ ਕਮੇਟੀ ਨੇ ਵਿਛੜੇ ਘਾਗ ਅਕਾਲੀ ਆਗੂ ਜਥੇਦਾਰ ਤੋਤਾ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਤੇ ਉਹਨਾਂ ਵੱਲੋਂ ਪੰਜਾਬ, ਪੰਥ ਤੇ ਪਾਰਟੀ ਲਈ ਦਿੱਤੀਆਂ ਵਿਲੱਖਣ ਸੇਵਾਵਾਂ ਤੇ ਸ਼ਹਾਦਤਾਂ ਦਾ ਸ਼ਲਾਘਾ ਕੀਤੀ। ਇਸ ਮੌਕੇ ਦੋ ਮਿੰਟ ਦਾ ਮੌਨ ਵੀ ਰੱਖਿਆ ਗਿਆ ਤੇ ਵਿਛੜੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਵੀ ਕੀਤੀ ਗਈ।