ਗੁਜਰਾਤ ਦੇ ਵਡੋਦਰਾ ਸ਼ਹਿਰ ‘ਚ ਰਹਿਣ ਵਾਲੀ 24 ਸਾਲ ਦੀ ਸ਼ਮਾ ਬਿੰਦੂ ਇਨ੍ਹੀਂ ਦਿਨੀਂ ਚਰਚਾ ਵਿਚ ਹੈ। ਸ਼ਮਾ ਖੁਦ ਨਾਲ ਵਿਆਹ ਕਰਨ ਜਾ ਰਹੀ ਹੈ। ਉਨ੍ਹਾਂ ਦਾ ਇਸ ਵਿਆਹ ਵਿਚ ਰੀਤੀ-ਰਿਵਾਜ, ਰਾਊਂਡ ਤੋਂ ਲੈ ਕੇ ਪਰੰਪਰਾਗਤ ਰਸਮਾਂ ਤੱਕ ਸਭ ਕੁਝ ਹੋਵੇਗਾ, ਪਰ ਲਾੜਾ ਨਹੀਂ ਹੋਵੇਗਾ। ਇਸ ਨੂੰ ਗੁਜਰਾਤ ਦਾ ਪਹਿਲਾ ਸਵੈ-ਵਿਆਹ ਜਾਂ ਸਿੰਗਲ ਵਿਆਹ ਕਿਹਾ ਜਾ ਰਿਹਾ ਹੈ। ਹਾਲਾਂਕਿ ਉਨ੍ਹਾਂ ਦੇ ਇਸ ਫੈਸਲੇ ਦਾ ਵਿਰੋਧ ਵੀ ਸ਼ੁਰੂ ਹੋ ਗਿਆ ਹੈ।
ਸ਼ਹਿਰ ਦੀ ਸਾਬਕਾ ਡਿਪਟੀ ਮੇਅਰ ਸੁਨੀਤਾ ਸ਼ੁਕਲਾ ਨੇ ਕਿਹਾ ਕਿ ਉਨ੍ਹਾਂ ਦਾ ਵਿਆਹ ਸ਼ਹਿਰ ਦੇ ਕਿਸੇ ਵੀ ਮੰਦਰ ਵਿਚ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਨੇ ਮੰਦਰ ਦੇ ਟਰੱਸਟੀ ਨਾਲ ਗੱਲ ਕਰਕੇ ਵਿਆਹ ਰੋਕਣ ਨੂੰ ਕਿਹਾ ਹੈ।
ਸ਼ੁਕਲਾ ਨੇ ਸ਼ਮਾ ਨੂੰ ਸਾਫ ਸ਼ਬਦਾਂ ਵਿਚ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਸ਼ਹਿਰ ਦੇ ਕਿਸੇ ਵੀ ਮੰਦਰ ਵਿਚ ਵਿਆਹ ਹੋਇਆ ਤਾਂ ਉਸ ਦਾ ਸਖਤ ਵਿਰੋਧ ਕੀਤਾ ਜਾਵੇਗਾ। ਜੇਕਰ ਸ਼ਮਾ ਨੂੰ ਵਿਆਹ ਕਰਨਾ ਹੈ ਤਾਂ ਹੋਟਲ ਬੁੱਕ ਕਰੇ ਜਾਂ ਕਿਸੇ ਦੂਜੀ ਜਗ੍ਹਾ ਜਾ ਕੇ ਵਿਆਹ ਕਰੇ। ਵਿਵਾਦ ਵਧਣ ਕਾਰਨ ਸ਼ਮਹਾ ਦਾ ਵਿਆਹ ਕਰਾਉਣ ਜਾ ਰਹੇ ਪੰਡਿਤ ਨੇ ਵੀ ਵਿਆਹ ਕਰਾਉਣ ਤੋਂ ਮਨ੍ਹਾ ਕਰ ਦਿੱਤਾ ਹੈ।
ਦੂਜੇ ਪਾਸੇ ਸ਼ਮਾ ਦਾ ਆਤਮਵਿਆਹ ਨੂੰ ਲੈ ਕੇ ਕਹਿਣਾ ਹੈ ਕਿ ਮੈਂ ਕਦੇ ਵਿਆਹ ਨਹੀਂ ਕਰਨਾ ਚਾਹੁੰਦੀ ਸੀ ਪਰ ਮੈਂ ਦੁਲਹਨ ਬਣਨਾ ਚਾਹੁੰਦੀ ਸੀ। ਇਸ ਲਈ ਮੈਂ ਖੁਦ ਨਾਲ ਵਿਆਹ ਕਰਨ ਦਾ ਫੈਸਲਾ ਲਿਆ। ਸ਼ਾਇਦ ਆਪਣੇ ਦੇਸ਼ ਵਿਚ ਮੈਂ ਸੈਲਫ ਲਵ ਦਾ ਇੱਕ ਉਦਾਹਰਣ ਸੈੱਟ ਕਰਨ ਵਾਲੀ ਪਹਿਲੀ ਲੜਕੀ ਹਾਂ।
ਪ੍ਰਾਈਵੇਟ ਫਰਮ ਵਿਚ ਨੌਕਰੀ ਕਰਨ ਵਾਲੀ ਸ਼ਮਾ ਦਾ ਕਹਿਣਾ ਹੈ ਕਿ ਲੋਕ ਇਸ ਤਰ੍ਹਾਂ ਦੇ ਵਿਆਹ ਨੂੰ ਇਰੈਲੀਵੈਂਟ ਮੰਨ ਸਕਦੇ ਹਨ ਪਰ ਮੈਂ ਇਹ ਦੱਸਣਾ ਚਾਹੁੰਦੀ ਹਾਂ ਕਿ ਔਰਤਾਂ ਵੀ ਮਾਇਨੇ ਰੱਖਦੀਆਂ ਹਨ। ਲੋਕ ਉਸ ਇਨਸਾਨ ਨਾਲ ਵਿਆਹ ਕਰਦੇ ਹਨ ਜਿਸ ਨਾਲ ਉਹ ਪਿਆਰ ਕਰਦੇ ਹਨ। ਮੈਂ ਖੁਦ ਨਾਲ ਪਿਆਰ ਕਰਦੀ ਹਾਂ ਇਸ ਲਈ ਆਤਮ ਵਿਆਹ ਕਰ ਰਹੀ ਹਾਂ।
ਵੀਡੀਓ ਲਈ ਕਲਿੱਕ ਕਰੋ -: