ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਜ਼ਿਲ੍ਹਾ ਪਟਿਆਲਾ ਜ਼ਿਲ੍ਹੇ ਵਿਚ ਉਸ ਵੇਲੇ ਵੱਡਾ ਹੁਲਾਰਾ ਮਿਲਿਆ ਜਦੋਂ ਮਰਹੂਮ ਕਾਂਗਰਸੀ ਮੰਤਰੀ ਜਸਜੀਤ ਸਿੰਘ ਰੰਧਾਵਾ ਦੀ ਸਪੁੱਤਰੀ ਅਨੂ ਰੰਧਾਵਾ ਆਪਣੇ ਸਮਰਥਕਾਂ ਨਾਲ ਅਕਾਲੀ ਦਲ ਵਿਚ ਸ਼ਾਮਲ ਹੋ ਗਈ।
ਅਨੂ ਰੰਧਾਵਾ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਘਨੌਰ ਤੋਂ ਆਮ ਆਦਮੀ ਪਾਰਟੀ ਦੀ ਟਿਕਟ ’ਤੇ ਲੜੀਆਂ ਸਨ। ਅਨੂ ਰੰਧਾਵਾ ਨੂੰ ਪਾਰਟੀ ਵਿਚ ਸ਼ਾਮਲ ਹੋਣ ’ਤੇ ਜੀ ਆਇਆਂ ਕਹਿੰਦਿਆਂ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਨ੍ਹਾਂ ਦੇ ਆਉਣ ਨਾਲ ਪਾਰਟੀ ਸਿਰਫ ਘਨੌਰ ਵਿਚ ਹੀ ਨਹੀਂ ਬਲਕਿ ਸਮੁੱਚੇ ਜ਼ਿਲ੍ਹੇ ਵਿਚ ਮਜ਼ਬੂਤ ਹੋਵੇਗੀ। ਉਹਨਾਂ ਕਿਹਾ ਕਿ ਅਸੀਂ ਈਮਾਨਦਾਰ ਅਕਸ ਵਾਲੇ ਮਿਹਨਤੀ ਆਗੂ ਪਾਰਟੀ ਵਿਚ ਚਾਹੁੰਦੇ ਹਾਂ ਜਿਨ੍ਹਾਂ ਦਾ ਇਤਿਹਾਸ ਲੋਕ ਦਾ ਰਿਹਾ ਹੋਵੇ ਤਾਂ ਜੋ ਪੰਜਾਬੀਆਂ ਦੀਆਂ ਆਸਾਂ ਪੂਰੀਆਂ ਜਾ ਸਕਣ ਅਤੇ ਜੋ ਪੰਜਾਬ ਵਿਚੋਂ ਭ੍ਰਿਸ਼ਟ ਤੇ ਘੁਟਾਲਿਆਂ ਨਾਲ ਭਰਪੂਰ ਕਾਂਗਰਸ ਸਰਕਾਰ ਨੁੰ ਚਲਦਾ ਕਰਨਾ ਚਾਹੁੰਦੇ ਹਨ।
ਅਕਾਲੀ ਦਲ ਦੇ ਪ੍ਰਧਾਨ ਨੇ ਅਨੂ ਰੰਧਾਵਾ ਨੂੰ ਪਾਰਟੀ ਦਾ ਮੀਤ ਪ੍ਰਧਾਨ ਲਗਾਉਣ ਦਾ ਵੀ ਐਲਾਨ ਕੀਤਾ। ਉਨ੍ਹਾਂ ਦੇ ਭਰੋਸੇਯੋਗ ਸਾਥੀ ਕੁਲਦੀਪ ਸਿੰਘ ਔਲਕ ਸਾਬਕਾ ਕੌਂਸਲਰ ਨੂੰ ਪਾਰਟੀ ਦਾ ਜਥੇਬੰਦਕ ਸਕੱਤਰ ਨਿਯੁਕਤ ਕੀਤਾ ਗਿਆ ਹੈ।
ਇਸ ਮੌਕੇ ਅਨੂ ਰੰਧਾਵਾ ਨੇ ਕਿਹਾ ਕਿ ਉਹ ਆਪ ਦੀਆਂ ਪੰਜਾਬ ਵਿਰੋਧੀ ਨੀਤੀਆਂ ਤੋਂ ਔਖੇ ਹਨ ਤੇ ਇਸ ਲਈ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਸਿਰਫ ਅਕਾਲੀ ਦਲ ਵਿਚ ਹੀ ਸ਼ਾਮਲ ਹੋਣਾ ਸਹੀ ਹੈ ਕਿਉਂਕਿ ਇਹ ਇਕਲੌਤੀ ਪਾਰਟੀ ਹੈ ਜੋ ਪੰਜਾਬ ਪ੍ਰਤੀ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਕੋਲ ਲੋਕਾਂ ਵਿਚ ਜਾਣ ਵਾਸਤੇ ਕੋਈ ਚਿਹਰਾ ਨਹੀਂ ਹੈ ਤੇ ਉਹ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਵਿਚ ਨਾਕਾਮ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਘਨੌਰ ਦੇ ਲੋਕਾਂ ਲਈ ਇਨਸਾਫ ਲੈਣ ਵਾਸਤੇ ਲੜਨਗੇ ਕਿਉਂਕਿ ਉਹ ਰੇਤ, ਸ਼ਰਾਬ ਤੇ ਨਸ਼ਾ ਮਾਫੀਆ ਤੋਂ ਤੰਗ ਹਨ ਕਿਉਂਕਿ ਇਹ ਸਾਰੇ ਮਾਫੀਆ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ਵੱਲੋਂ ਚਲਾਏ ਜਾ ਰਹੇ ਹਨ।
ਇਹ ਵੀ ਪੜ੍ਹੋ : ਹਰੀਸ਼ ਰਾਵਤ ਦਾ ਪਸ਼ਚਾਤਾਪ- ਉਤਰਾਖੰਡ ਦੇ ਗੁਰਦੁਆਰਾ ਸਾਹਿਬ ‘ਚ ਜਾ ਕੇ ਕੀਤੀ ਸੇਵਾ
ਇਸ ਮੌਕੇ ਸੀਨੀਅਰ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਕਾਂਗਰਸੀਆਂ ਵੱਲੋਂ ਪਾਰਟੀਆਂ ਬਦਲਣ ਨੇ ਸਾਬਤ ਕਰ ਦਿੱਤਾ ਹੈ ਕਿ ਪਾਰਟੀ ਦਾ ਸੂਬੇ ਵਿਚ ਕੀ ਹਾਲ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਮੁੱਖ ਮੰਤਰੀ ਦੇ ਭਰੋਸੇਯੋਗ ਸਾਥੀ ਬਲਵਿੰਦਰ ਸਿੰਘ ਸੈਫਦੀਪੁਰ ਅਕਾਲੀ ਦਲ ਵਿਚ ਸ਼ਾਮਲ ਹੋਏ ਹਨ ਅਤੇ ਅੱਜ ਅਨੂ ਰੰਧਾਵਾ ਤੇ ਉਨ੍ਹਾਂ ਦੀ ਪੂਰੀ ਟੀਮ ਅਕਾਲੀ ਦਲ ਵਿਚ ਸ਼ਾਮਲ ਹੋ ਗਈ ਹੈ ਤਾਂ ਜੋ ਹਲਕੇ ਤੇ ਸੂਬੇ ਦੇ ਲੋਕਾਂ ਦੀ ਭਲਾਈ ਕੀਤੀ ਜਾ ਸਕੇ।