ਸਾਬਕਾ ਮੁੱਖ ਸਕੱਤਰ ਸਰਵੇਸ਼ ਕੌਸ਼ਲ ਤੇ ਸਾਬਕਾ ਕੈਬਨਿਟ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਅੱਜ ਵਿਜੀਲੈਂਸ ਸਾਹਮਣੇ ਪੇਸ਼ ਨਹੀਂ ਹੋਏ। ਸ਼ਰਨਜੀਤ ਢਿੱਲੋਂ ਨੇ ਨਿੱਜੀ ਕਾਰਨਾਂ ਦੇ ਹਵਾਲਾ ਦਿੰਦੇ ਹੋਏ ਪੇਸ਼ੀ ਤੋਂ ਛੋਟ ਮੰਗੀ ਹੈ ਦੂਜੇ ਪਾਸੇ ਸਾਬਕਾ ਸਕੱਤਰ ਕੌਸ਼ਲ ਵਿਦੇਸ਼ ਵਿਚ ਹਨ, ਜਿਸ ਕਾਰਨ ਉਹ ਵਿਜੀਲੈਂਸ ਸਾਹਮਣੇ ਪੇਸ਼ ਨਹੀਂ ਹੋ ਸਕੇ।
ਦੱਸ ਦੇਈਏ ਕਿ 1200 ਕਰੋੜ ਰੁਪਏ ਦੇ ਇਸ ਘੁਟਾਲੇ ਤੋਂ 2017 ’ਚ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਪਰਦਾ ਉੱਠਿਆ ਸੀ। ਸਿੰਚਾਈ ਘੋਟਾਲੇ ਵਿਚ ਏਆਈਜੀ ਮਨਮੋਹਨ ਸ਼ਰਮਾ ਵੱਲੋਂ ਢਿੱਲੋਂ ਤੇ ਕੌਸ਼ਲ ਨੂੰ ਸੰਮਨ ਭੇਜੇ ਗਏ ਸਨ। ਉਨ੍ਹਾਂ ਦੇ ਵ੍ਹਟਸਐਪ ‘ਤੇ ਮੈਸੇਜ ਛੱਡਿਆ ਗਿਆ ਸੀ। ਇਸ ਤੋਂ ਪਹਿਲਾਂ ਇਸ ਮਾਮਲੇ ਵਿਚ ਆਈਏਐੱਸ ਅਧਿਕਾਰੀ ਕਾਹਨ ਸਿੰਘ ਪੰਨੂੰ ਤੋਂ ਵਿਜੀਲੈਂਸ ਪੁੱਛਗਿਛ ਕਰ ਚੁੱਕੀ ਹੈ।ਉਨ੍ਹਾਂ ਵੱਲੋਂ ਆਪਣਾ ਜਵਾਬ ਵਿਜੀਲੈਂਸ ਦੇ ਸਾਹਮਣੇ ਦਾਖਲ ਕਰ ਦਿੱਤਾ ਗਿਆ ਸੀ। 2017 ਵਿਚ ਗ੍ਰਿਫਤਾਰ ਘਪਲੇ ਦੇ ਮੁੱਖ ਦੋਸ਼ੀ ਠੇਕੇਦਾਰ ਗੁਰਿੰਦਰ ਸਿੰਘ ਨੇ ਕਿਹਾ ਸੀ ਕਿ ਸਿੰਚਾਈ ਘੋਟਾਲੇ ਵਿਚ ਤਿੰਨ ਸਾਬਕਾ ਆਈਏਐੱਸ ਅਧਿਕਾਰੀ, ਦੋ ਸਾਬਕਾ ਮੰਤਰੀ ਤੇ ਉਨ੍ਹਾਂ ਦੇ ਨਿੱਜੀ ਸਕੱਤਰ ਸ਼ਾਮਲ ਹਨ।
ਸਹੁੰ ਪੱਤਰ ਵਿਚ ਠੇਕੇਦਾਰ ਨੇ ਕਿਹਾ ਕਿ ਕੰਮ ਦਿਆਉਣ, ਬਿੱਲ ਪਾਸ ਕਰਨ ਤੇ ਟੈਂਡਰ ਦੇ ਨਿਯਮ ਤੇ ਸ਼ਰਤਾਂ ਨੂੰ ਉਸ ਮੁਤਾਬਕ ਬਣਾਉਣ ਲਈ ਉਕਤ ਮੰਤਰੀਆਂ, ਅਫਸਰਾਂ ਨੇ ਉਸਤੋਂ ਮੋਟੀ ਰਕਮ ਹਾਸਲ ਕੀਤੀ ਸੀ। ਇਨ੍ਹਾਂ ਬਿਆਨਾਂ ਦੇ ਆਧਾਰ ‘ਤੇ ਵਿਜੀਲੈਂਸ ਨੇ ਉਕਤ ਅਫਸਰਾਂ ਤੇ ਨੇਤਾਵਾਂ ਤੋਂ ਪੁੱਛਗਿਛ ਲਈ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਚਰਨਜੀਤ ਸਿੰਘ ਚੰਨੀ ਤੋਂ ਇਜਾਜ਼ਤ ਮੰਗੀ ਸੀ।
ਕਾਂਗਰਸ ਸਰਕਾਰ ਦੇ ਪੰਜ ਸਾਲਾਂ ਦੇ ਕਾਰਜਕਾਲ ਦੌਰਾਨ ਇਸ ਘੁਟਾਲੇ ਦੀ ਜਾਂਚ ਵੀ ਠੱਪ ਪਈ ਰਹੀ।2022 ’ਚ ਸੱਤਾ ਤਬਦੀਲੀ ਹੋਈ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ’ਤੇ ਇਕ ਵਾਰ ਫਿਰ ਵਿਜੀਲੈਂਸ ਨੇ ਇਸ ਘੁਟਾਲੇ ਦੀ ਜਾਂਚ ਤੇਜ਼ ਕਰ ਦਿੱਤੀ। ਵਿਜੀਲੈਂਸ ਸੂਤਰਾਂ ਦਾ ਕਹਿਣਾ ਹੈ ਕਿ ਸਾਬਕਾ ਸਿੰਚਾਈ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਤੇ ਸਾਬਕਾ ਮੁੱਖ ਸਕੱਤਰ ਸਰਵੇਸ਼ ਕੌਸ਼ਲ ਤੋਂ ਪੁੱਛਗਿੱਛ ਲਈ ਵੀ ਸਵਾਲਾਂ ਦੀ ਸੂਚੀ ਤਿਆਰ ਕਰ ਲਈ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: