ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਮੁਹਿੰਮ ਦੌਰਾਨ ਗ੍ਰਾਮ ਪੰਚਾਇਤ ਚੱਬੇਵਾਲ, ਜ਼ਿਲ੍ਹਾ ਹੁਸ਼ਿਆਰਪੁਰ ਦੇ ਸਾਬਕਾ ਸਰਪੰਚ ਸ਼ਿਵਰੰਜਨ ਸਿੰਘ ਨੂੰ ਜਾਅਲੀ ਰਸੀਦਾਂ ਰਾਹੀਂ 8,04,000 ਰੁਪਏ ਦਾ ਪੰਚਾਇਤੀ ਦੁਕਾਨਾਂ ਅਤੇ ਖੋਖਿਆਂ ਦਾ ਕਿਰਾਇਆ ਵਸੂਲਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਜੋ ਕਿ ਪੰਚਾਇਤ ਦੇ ਬੈਂਕ ਖਾਤੇ ਵਿੱਚ ਜਮ੍ਹਾ ਨਹੀਂ ਕਰਵਾਇਆ ਗਿਆ। ਜ਼ਿਲ੍ਹਾ ਪੁਲਿਸ ਵੱਲੋਂ ਦਰਜ ਕੀਤੇ ਗਏ ਇਸ ਗਬਨ ਦੇ ਕੇਸ ਵਿੱਚ ਉਹ ਤਿੰਨ ਮਹੀਨਿਆਂ ਤੋਂ ਵੱਧ ਸਮੇਂ ਤੋਂ ਭਗੌੜਾ ਸੀ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਹਰਮਿੰਦਰ ਸਿੰਘ ਵਾਸੀ ਪਿੰਡ ਚੱਬੇਵਾਲ ਜਿਲ੍ਹਾ ਹੁਸ਼ਿਆਰਪੁਰ ਵੱਲੋਂ ਮਿਤੀ 31.12.2018 ਨੂੰ ਸਰਪੰਚ ਦਾ ਅਹੁਦਾ ਸੰਭਾਲਣ ਤੇ ਦੇਖਿਆ ਗਿਆ ਕਿ ਗ੍ਰਾਮ ਪੰਚਾਇਤ ਚੱਬੇਵਾਲ ਦੀਆਂ ਦੁਕਾਨਾਂ ਅਤੇ ਖੋਖੇ ਆਦਿ ਦੇ ਬਹੁਤ ਸਾਰੇ ਕਿਰਾਏ ਦੁਕਾਨਦਾਰਾਂ ਵੱਲ ਬਕਾਇਆ ਸਨ। ਸਾਬਕਾ ਸਰਪੰਚ ਸ਼ਿਵਰੰਜਨ ਸਿੰਘ ਵੱਲੋਂ ਇਨ੍ਹਾਂ ਦੁਕਾਨਾਂ, ਖੋਖਿਆਂ ਦੇ ਕਿਰਾਏ ਦੀ ਵਸੂਲੀ ਸਮੇਂ ਪੰਚਾਇਤ ਦੇ ਰਿਕਾਰਡ ਦੀ ਅਸਲੀ ਰਸੀਦ ਨਹੀਂ ਦਿੱਤੀ ਗਈ ਸਗੋਂ ਜਾਅਲੀ ਰਸੀਦਾਂ ਦੇ ਦਿੱਤੀਆਂ ਅਤੇ ਪੰਚਾਇਤ ਦੇ ਰਿਕਾਰਡ ਵਿੱਚ ਵਸੂਲ ਕੀਤੇ ਕਿਰਾਏ ਦਾ ਕੋਈ ਰਿਕਾਰਡ ਨਹੀਂ ਰੱਖਿਆ ਗਿਆ।
ਇਸ ਦੇ ਬਾਅਦ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ, ਹੁਸਿ਼ਆਰਪੁਰ-2 ਵੱਲੋਂ ਇਸ ਘਪਲੇ ਦੀ ਪੜਤਾਲ ਕਰਨ ਮੌਕੇ ਪਾਇਆ ਗਿਆ ਕਿ ਉਕਤ ਦੋਸ਼ੀ ਸ਼ਿਵਰੰਜਨ ਸਿੰਘ ਸਾਬਕਾ ਸਰਪੰਚ ਵੱਲੋਂ ਦੁਕਾਨਦਾਰਾਂ ਅਤੇ ਖੋਖੇ ਵਾਲਿਆਂ ਤੋਂ ਕਿਰਾਏ ਦੇ 8,04,000 ਰੁਪਏ ਦੀ ਵਸੂਲੀ ਕਰਕੇ ਪੰਚਾਇਤ ਦੇ ਖਾਤੇ ਵਿੱਚ ਜਮ੍ਹਾਂ ਨਹੀਂ ਕਰਵਾਏ ਗਏ ਅਤੇ ਕਿਰਾਏ ਦੀਆਂ ਜਾਅਲੀ ਰਸੀਦਾਂ ਤਿਆਰ ਕਰਕੇ ਦੁਕਾਨਾਂਦਾਰਾਂ ਨੂੰ ਦਿੱਤੀਆਂ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਕਤ ਦੋਸ਼ੀ ਸ਼ਿਵਰੰਜਨ ਸਿੰਘ ਸਾਬਕਾ ਸਰਪੰਚ ਵਿਰੁੱਧ ਮੁਕੱਦਮਾ ਨੰਬਰ 125 ਮਿਤੀ 13.10.2022 ਨੂੰ ਆਈ.ਪੀ.ਸੀ. ਦੀ ਧਾਰਾ 409, 420, 465, 466, 467, 468, 471 ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13(1), 13(2) ਅਧੀਨ ਥਾਣਾ ਚੱਬੇਵਾਲ ਵਿਖੇ ਦਰਜ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਜ਼ਮਾਨਤ ‘ਤੇ ਬਾਹਰ ਆਏ ਸ਼ਖਸ ਨੇ ਪਤਨੀ-ਧੀ ਨੂੰ ਟ੍ਰੇਨ ਤੋਂ ਮਾਰਿਆ ਧੱਕਾ, ਬੱਚੀ ਦੀ ਮੌਤ, ਮੁਲਜ਼ਮ ਗ੍ਰਿਫਤਾਰ
ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਕੇਸ ਨੂੰ ਅਗਲੇਰੀ ਜਾਂਚ ਲਈ ਵਿਜੀਲੈਂਸ ਰੇਂਜ ਜਲੰਧਰ ਨੂੰ ਭੇਜ ਦਿੱਤਾ ਗਿਆ ਹੈ। ਇਸ ਸਬੰਧੀ ਵਿਜੀਲੈਂਸ ਬਿਊਰੋ ਨੇ ਉਕਤ ਮਾਮਲੇ ਵਿੱਚ ਭਗੌੜੇ ਸ਼ਿਵਰੰਜਨ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ਨੂੰ ਭਲਕੇ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
ਵੀਡੀਓ ਲਈ ਕਲਿੱਕ ਕਰੋ -: