ਤੁਰਕਮੇਨਿਸਤਾਨ ਦੇ ਰਾਸ਼ਟਰਪਤੀ ਗੁਰਬਾਂਗੁਲੀ ਬਰਦੀਮੁਹਾਮੇਦੋਵ ਨੇ ਦੁਨੀਆ ਭਰ ਵਿੱਚ ਮਸ਼ਹੂਰ ‘ਨਰਕ ਦਾ ਦਰਵਾਜ਼ਾ’ ਬੰਦ ਕਰਨ ਦੀ ਗੱਲ ਕਹੀ ਹੈ। ਇਸ ਸਥਾਨ ਨੂੰ ਦੇਖਣ ਲਈ ਸੈਲਾਨੀ ਦੂਰੋਂ-ਦੂਰੋਂ ਆਉਂਦੇ ਹਨ।
ਸੋਵੀਅਤ ਸੰਘ ਦਾ ਹਿੱਸਾ ਰਹੇ ਮੱਧ ਏਸ਼ੀਆਈ ਦੇਸ਼ ਤੁਰਕਮੇਨਿਸਤਾਨ ਦੇ ਉੱਤਰ ਵਿੱਚ ਇੱਕ ਵੱਡਾ ਜਿਹਾ ਟੋਇਆ ਮੌਜੂਦ ਹੈ, ਜਿਸ ਨੂੰ ‘ਨਰਕ ਦਾ ਦਰਵਾਜ਼ਾ’ ਕਿਹਾ ਜਾਂਦਾ ਹੈ। ਤੁਰਕਮੇਨਿਸਤਾਨ ਦੇ ਰਾਸ਼ਟਰਪਤੀ ਗੁਰਬਾਂਗੁਲੀ ਬਰਦੀਮੁਹਾਮੇਦੋਵ ਨੇ ਕਿਹਾ ਹੈ ਕਿ ਉਹ ਇਸਨੂੰ ਬੰਦ ਕਰਨ ਦੀ ਯੋਜਨਾ ਬਣਾ ਰਹੇ ਹਨ।
ਰਾਸ਼ਟਰਪਤੀ ਜੋ ਕਿ ਪੇਸ਼ੇ ਤੋਂ ਦੰਦਾਂ ਦੇ ਡਾਕਟਰ ਹਨ, ਨੇ ਆਪਣੇ ਮੰਤਰੀਆਂ ਨੂੰ ਦੁਨੀਆ ਭਰ ਦੇ ਮਾਹਿਰਾਂ ਨੂੰ ਲੱਭਣ ਦਾ ਹੁਕਮ ਦਿੱਤਾ ਹੈ ਜੋ ਅੱਧੀ ਸਦੀ ਤੋਂ ਬਲਦੀ ਅੱਗ ਵਾਲੇ ਇਸ ਵਿਸ਼ਾਲ ਟੋਏ ਨੂੰ ਬੰਦ ਕਰ ਸਕਣ। ਇਹ ਟੋਆ ਇੱਥੇ ਪਹਿਲਾਂ ਨਹੀਂ ਸੀ, ਸਗੋਂ ਸਾਲ 1971 ਤੋਂ ਹੈ। ਇਸ ਦਾ ਕਾਰਨ ਸੋਵੀਅਤ ਸੰਘ ਨੂੰ ਮੰਨਿਆ ਜਾ ਰਿਹਾ ਹੈ। ਯਾਨੀ ਕਿ ਬਲਦੀ ਅੱਗ ਨੂੰ 51 ਸਾਲ ਹੋ ਚੁੱਕੇ ਹਨ।
ਦੂਜੇ ਵਿਸ਼ਵ ਯੁੱਧ ਤੋਂ ਬਾਅਦ ਉਸ ਦੀ ਆਰਥਿਕ ਹਾਲਤ ਚੰਗੀ ਨਹੀਂ ਸੀ। ਫਿਰ ਸੋਵੀਅਤ ਯੂਨੀਅਨ ਦੇ ਭੂ-ਵਿਗਿਆਨੀ ਕੱਚੇ ਤੇਲ ਦੇ ਭੰਡਾਰਾਂ ਦੀ ਭਾਲ ਕਰਨ ਲਈ ਕਾਰਾਕੁਮ ਮਾਰੂਥਲ ਵਿਚ ਆਏ। ਉਹ ਇਸ ਵਿੱਚ ਸਫਲ ਵੀ ਹੋਏ ਅਤੇ ਇੱਥੇ ਉਨ੍ਹਾਂ ਨੂੰ ਥਾਂ-ਥਾਂ ਕੁਦਰਤੀ ਗੈਸ ਦੇ ਭੰਡਾਰ ਮਿਲੇ। ਇਸ ਖੋਜ ਦੇ ਦੌਰਾਨ ਜ਼ਮੀਨ ਧਸ ਗਈ ਅਤੇ ਤਿੰਨ ਵੱਡੇ ਟੋਏ ਬਣ ਗਏ।
ਇਨ੍ਹਾਂ ਤੋਂ ਮੀਥੇਨ ਗੈਸ ਲੀਕ ਹੋਣ ਦਾ ਖ਼ਤਰਾ ਸੀ, ਜੋ ਕਿ ਵਾਯੂਮੰਡਲ ਵਿੱਚ ਘੁਲ ਸਕਦੀ ਸੀ। ਇਸ ਨੂੰ ਰੋਕਣ ਲਈ ਇਹ ਸੋਚ ਕੇ ਇੱਕ ਟੋਏ ਨੂੰ ਅੱਗ ਲਗਾ ਦਿੱਤੀ ਕਿ ਗੈਸ ਖਤਮ ਹੋਣ ‘ਤੇ ਇਹ ਅੱਗ ਆਪਣੇ ਆਪ ਬੁਝ ਜਾਵੇਗੀ। ਪਰ ਅਜਿਹਾ ਨਹੀਂ ਹੋ ਸਕਿਆ। ਹਾਲਾਂਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਇਹ ਕਹਾਣੀ ਕਿੰਨੀ ਸੱਚੀ ਹੈ।
ਇਸ ਭਿਆਨਕ 230 ਫੁੱਟ ਚੌੜੇ ਟੋਏ ਵਿੱਚ ਅੱਗ ਅਜੇ ਵੀ ਬਲ ਰਹੀ ਹੈ, ਜੋ ਕਿ ਮੀਲਾਂ ਦੂਰ ਤੋਂ ਦੇਖੀ ਜਾ ਸਕਦੀ ਹੈ। ‘ਨਰਕ ਦੇ ਦਰਵਾਜ਼ੇ’ ਤੋਂ ਇਲਾਵਾ ਇਸ ਨੂੰ ‘ਨਰਕ ਦਾ ਮੂੰਹ’ ਵੀ ਕਿਹਾ ਜਾਂਦਾ ਹੈ ਅਤੇ ਇਹ ਦੇਸ਼ ਦੀ ਰਾਜਧਾਨੀ ਅਸ਼ਗਾਬਤ ਤੋਂ ਲਗਭਗ 160 ਮੀਲ ਉੱਤਰ ਵੱਲ ਸਥਿਤ ਹੈ।
ਮਨੁੱਖੀ ਅਧਿਕਾਰਾਂ ਦੀ ਉਲੰਘਣਾ ਅਤੇ ਵਿਰੋਧੀਆਂ ਨੂੰ ਕੁਚਲਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਬਰਦੀਮੁਹਮੇਦੋਵ ਨੇ ਅਧਿਕਾਰੀਆਂ ਨੂੰ ਲਗਾਤਾਰ ਅੱਗ ਕਾਰਨ ਵਾਤਾਵਰਣ ਨੂੰ ਹੋਣ ਵਾਲੇ ਨੁਕਸਾਨ ਨੂੰ ਰੋਕਣ ਦਾ ਹੁਕਮ ਦਿੱਤਾ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਦਹਾਕਿਆਂ ਤੋਂ ਬਲ ਰਹੀ ਅੱਗ ਸਥਾਨਕ ਲੋਕਾਂ ਦੀ ਸਿਹਤ ‘ਤੇ ਮਾੜਾ ਅਸਰ ਪਾ ਰਹੀ ਹੈ।
ਨਰਕ ਦਾ ਇਹ ਦਰਵਾਜ਼ਾ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣਿਆ ਰਿਹਾ ਹੈ। ਇਸ ਨੂੰ ਦੇਖਣ ਲਈ ਦੁਨੀਆ ਭਰ ਤੋਂ ਲੋਕ ਆਉਂਦੇ ਹਨ। ਹਾਲਾਂਕਿ ਇਸ ਨੂੰ ਬੰਦ ਕਰਨ ‘ਚ ਸਫਲਤਾ ਮਿਲਦੀ ਹੈ ਜਾਂ ਨਹੀਂ, ਇਹ ਸਮਾਂ ਆਉਣ ‘ਤੇ ਹੀ ਪਤਾ ਲੱਗੇਗਾ।
ਦੱਸ ਦੇਈਏ ਕਿ ਉੱਪਰ ਦੱਸੀ ਗਈ ਕਹਾਣੀ ਤੋਂ ਇਲਾਵਾ ਤੁਰਕਮੇਨਿਸਤਾਨ ਦੇ ਭੂ-ਵਿਗਿਆਨੀ ਵੀ ਮੰਨਦੇ ਹਨ ਕਿ ਇਹ ਵਿਸ਼ਾਲ ਟੋਆ 1960 ਦੇ ਦਹਾਕੇ ਤੋਂ ਉੱਥੇ ਸੀ ਪਰ ਅੱਗ 1980 ਦੇ ਦਹਾਕੇ ਵਿੱਚ ਸ਼ੁਰੂ ਹੋਈ ਸੀ।