ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅਗਨੀਪਥ ਯੋਜਨਾ ਨੂੰ ਦੇਸ਼ ਤੇ ਫੌਜ ਲਈ ਮੋਦੀ ਸਰਕਾਰ ਦਾ ਨਵਾਂ ਧੋਖਾ ਕਰਾਰ ਦਿੱਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਯੋਜਨਾ ਨੂੰ ਵਾਪਸ ਲੈਣਾ ਪਵੇਗਾ।
ਰਾਹੁਲ ਗਾਂਧੀ ਨੇ ਕਿਹਾ ਕਿ ਜੋ ਸਾਡੇ ਨੌਜਵਾਨ ਫੌਜ ਵਿਚ ਭਰਤੀ ਹੋਣ ਲਈ ਰੋਜ਼ ਸਵੇਰੇ ਦੌੜਦੇ ਹਨ, ਉਨ੍ਹਾਂ ਨੂੰ ਮੈ ਕਹਿ ਰਿਹਾ ਹਾਂ ਕਿ ਪ੍ਰਧਾਨ ਮੰਤਰੀ ਨੇ ਦੇਸ਼ ਦੀ ਰੀੜ੍ਹ ਦੀ ਹੱਡੀ ਨੂੰ ਤੋੜ ਦਿੱਤਾ ਤੇ ਇਹ ਦੇਸ਼ ਹੁਣ ਰੋਜ਼ਗਾਰ ਨਹੀਂ ਦੇ ਸਕੇਗਾ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਨੂੰ 2-3 ਉਦਯੋਗਪਤੀਆਂ ਦੇ ਹਵਾਲੇ ਕਰ ਦਿੱਤਾ ਹੈ। ਅਗਨੀਪਥ ਸਕੀਮ ਦਾ ਜ਼ਿਕਰ ਕਰਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ ਦੇਸ਼ ਭਗਤੀ ਤੇ ਫੌਜ ਵਿਚ ਜਾਣ ਦਾ ਆਖਰੀ ਰਸਤਾ ਸੀ, ਉਸ ਨੂੰ ਵੀ ਇਨ੍ਹਾਂ ਲੋਕਾਂ ਨੇ ਬੰਦ ਕਰ ਦਿੱਤਾ। ‘ਵਨ ਰੈਂਕ, ਵਨ ਪੈਨਸ਼ਨ’ ਦੀ ਗੱਲ ਕਰਦੇ ਹਨ, ਹੁਣ ‘ਨੋ ਰੈਂਕ, ਨੋ ਪੈਨਸ਼ਨ’ ਹੋ ਗਿਆ ਹੈ।
ਉਨ੍ਹਾਂ ਕਿਹਾ ਕਿ ਇਸ ਯੋਜਨਾ ਤਹਿਤ ਭਰਤੀ ਹੋਣ ਵਾਲੇ ਨੌਜਵਾਨ ਜਦੋਂ ਚਾਰ ਸਾਲ ਦੀ ਸੇਵਾ ਦੇ ਬਾਅਦ ਫੌਜ ਤੋਂ ਬਾਹਰ ਨਿਕਲਣਗੇ ਤਾਂ ਉਨ੍ਹਾਂ ਨੂੰ ਰੋਜ਼ਗਾਰ ਨਹੀਂ ਮਿਲ ਸਕੇਗਾ। ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਅੱਜ ਚੀਨ ਦੀ ਫੌਜ ਹਿੰਦੋਸਤਾਨ ਦੀ ਧਰਤੀ ‘ਤੇ ਬੈਠੀ ਹੋਈ ਹੈ। ਇਕ ਹਜ਼ਾਰ ਵਰਗ ਕਿਲੋਮੀਟਰ ਦਾ ਖੇਤਰ ਚੀਨ ਦੀ ਫੌਜ ਨੇ ਸਾਡੇ ਤੋਂ ਖੋਹਿਆ ਹੈ। ਅਜਿਹੇ ਵਿਚ ਫੌਜ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ ਪਰ ਸਰਕਾਰ ਫੌਜ ਨੂੰ ਕਮਜ਼ੋਰ ਕਰ ਰਹੀ ਹੈ। ਜਦੋਂ ਯੁੱਧ ਹੋਵੇਗਾ ਉਦੋਂ ਇਸ ਦਾ ਨਤੀਜਾ ਸਾਹਮਣੇ ਆਏਗਾ। ਦੇਸ਼ ਦਾ ਨੁਕਸਾਨ ਹੋਵੇਗਾ। ਇਹ ਲੋਕ ਆਪਣੇ ਆਪ ਨੂੰ ਰਾਸ਼ਟਰਵਾਦੀ ਕਹਿੰਦੇ ਹਨ।
ਰਾਹੁਲ ਗਾਂਧੀ ਨੇ ਕਿਹਾ ਕਿ ਨੌਜਵਾਨਾਂ ਦੇ ਭਵਿੱਖ ਦੀ ਰੱਖਿਆ ਕਰਨਾ ਸਾਡਾ ਫਰਜ਼ ਹੈ। ਖੇਤੀ ਕਾਨੂੰਨਾਂ ਬਾਰੇ ਮੈਂ ਕਿਹਾ ਸੀ ਕਿ ਮੋਦੀ ਜੀ ਨੂੰ ਤਿੰਨੋਂ ਕਾਨੂੰਨ ਵਾਪਸ ਲੈਣੇ ਪੈਣਗੇ। ਕਾਂਗਰਸ ਹੁਣ ਕਹਿ ਰਹੀ ਹੈ ਕਿ ਮੋਦੀ ਜੀ ਨੂੰ ਅਗਨੀਪਥ ਯੋਜਨਾ ਵਾਪਸ ਲੈਣੀ ਪਵੇਗੀ। ਹਿੰਦੋਸਤਾਨ ਦਾ ਹਰ ਨੌਜਵਾਨ ਇਸ ਮੁੱਦੇ ‘ਤੇ ਸਾਡੇ ਨਾਲ ਖੜ੍ਹਾ ਹੈ। ਹਰ ਨੌਜਵਾਨ ਜਾਣਦਾ ਹੈ ਕਿ ਸੱਚੀ ਦੇਸ਼ ਭਗਤੀ ਫੌਜ ਨੂੰ ਮਜ਼ਬੂਤ ਕਰਨ ਵਿਚ ਹੁੰਦੀ ਹੈ। ਮੋਦੀ ਸਰਕਾਰ ਨੇ ਦੇਸ਼ ਤੇ ਫੌਜ ਨਾਲ ਨਵਾਂ ਧੋਖਾ ਕੀਤਾ ਹੈ। ਇਸ ਯੋਜਨਾ ਨੂੰ ਅਸੀਂ ਰੱਦ ਕਰਵਾਵਾਂਗੇ।
ਵੀਡੀਓ ਲਈ ਕਲਿੱਕ ਕਰੋ -: