ਪਿਛਲੇ ਦਿਨੀਂ ਭਾਜਪਾ ਵਿੱਚ ਸ਼ਾਮਲ ਹੋਣ ਵਾਲੇ ਗੁਰਦੀਪ ਗੋਸ਼ਾ ਨੂੰ ਹੁਣ ਯੂਰਪ ਦੇ ਨੰਬਰ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ। ਉਸ ਨੂੰ ਭਾਜਪਾ ਦੇ ਹੱਕ ਵਿੱਚ ਪ੍ਰਚਾਰ ਕਰਨ ਤੋਂ ਮਨ੍ਹਾ ਕੀਤਾ ਜਾ ਰਿਹਾ ਹੈ। ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।
ਇੱਥੋਂ ਤੱਕ ਕਿ ਧਮਕੀ ਦੇਣ ਵਾਲੇ ਬੰਦੇ ਨੇ ਫੋਨ ਪੁਲਿਸ ਕਮਿਸ਼ਨਰ ਕੋਲ ਲਿਜਾ ਕੇ ਉਨ੍ਹਾਂ ਨੂੰ ਰਿਕਾਰਡਿੰਗ ਸੁਣਾਉਣ ਦੀ ਗੱਲ ਤੱਕ ਕਹਿ ਦਿੱਤੀ, ਜਿਸ ਤੋਂ ਸਾਫ਼ ਪਤਾ ਚੱਲਦਾ ਹੈ ਕਿ ਉਹ ਕਿੰਨਾ ਬੇਖ਼ੌਫ ਹੋ ਕੇ ਧਮਕੀਆਂ ਦੇ ਰਿਹਾ ਹੈ ਕਿ ਉਸ ਨੂੰ ਪੁਲਿਸ ਦਾ ਵੀ ਕੋਈ ਡਰ ਨਹੀਂ। ਇਸ ਮਾਮਲੇ ਸਬੰਧੀ ਗੋਸ਼ਾ ਨੇ ਪੁਲਿਸ ਕਮਿਸ਼ਨਰ ਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ ਅਤੇ ਕਾਰਵਾਈ ਕਰਨ ਦੀ ਮੰਗ ਕੀਤੀ।
ਗੋਸ਼ਾ ਨੇ ਦੱਸਿਆ ਕਿ 11 ਜਨਵਰੀ ਨੂੰ ਉਹ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ ਤੇ 13 ਫਰਵਰੀ ਨੂੰ ਦੁਪਹਿਰ ਵੇਲੇ ਉਸ ਦੇ ਫ਼ੋਨ ‘ਤੇ ਪਹਿਲਾਂ ਫ਼ੋਨ ਆਇਆ ਪਰ ਉਹ ਕਿਸੇ ਕਾਰਨ ਫ਼ੋਨ ਨਹੀਂ ਚੁੱਕ ਸਕੇ। 4:10 ਵਜੇ ਉਸ ਨੂੰ ਉਸੇ ਨੰਬਰ ਤੋਂ ਦੁਬਾਰਾ ਕਾਲ ਆਈ। ਜਿਵੇਂ ਹੀ ਉਸ ਨੇ ਫੋਨ ਚੁੱਕਿਆ ਤਾਂ ਫੋਨ ਕਰਨ ਵਾਲੇ ਨੇ ਆਪਣਾ ਨਾਂ ਮਨਦੀਪ ਸਿੰਘ ਦੱਸਿਆ ਅਤੇ ਕਿਹਾ ਕਿ ਉਹ ਯੂਰਪ ਤੋਂ ਬੋਲ ਰਿਹਾ ਹੈ।
ਉਸ ਨੇ ਸਾਫ਼ ਕਿਹਾ ਕਿ ਜੇ ਉਸ ਨੇ ਭਾਜਪਾ ਦੇ ਹੱਕ ਵਿੱਚ ਪ੍ਰਚਾਰ ਕੀਤਾ ਤਾਂ ਉਸ ਨੂੰ ਮਾਰ ਦਿੱਤਾ ਜਾਵੇਗਾ ਅਤੇ ਉਸ ਦੇ ਸਮਰਥਕਾਂ ਨੂੰ ਮਾਰ ਦਿੱਤਾ ਜਾਵੇਗਾ। ਉਸ ਨੂੰ ਵ੍ਹਾਟਸਐਪ ਅਤੇ ਪ੍ਰਾਈਵੇਟ ਨੰਬਰ ਤੋਂ ਕਾਲਾਂ ਆ ਰਹੀਆਂ ਹਨ। ਉਸ ਨੇ ਮਾਮਲੇ ਦੀ ਜਾਂਚ ਕਰਕੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਗੋਸ਼ਾ ਨੇ ਇਸ ਬਾਰੇ ਡੇਲੀ ਪੋਸਟ ਨਾਲ ਗੱਲ ਕਰਦੇ ਹੋਏ ਕਿਹਾ ਕਿ ਮੈਂ ਇਨ੍ਹਾਂ ਧਮਕੀਆਂ ਤੋਂ ਡਰਦਾ ਨਹੀਂ। ਮੈਂ ਪਹਿਲਾਂ ਵੀ ਸਿੱਖ ਕੌਮ ਵਾਸਤੇ ਕੰਮ ਕਰਦਾ ਰਿਹਾ ਹਾਂ ਤੇ ਅੱਗੋਂ ਵੀ ਕਰਦਾ ਰਹਾਂਗਾ। ਸਾਰੀ ਕੌਮ ਮੇਰੇ ਨਾਲ ਹੈ।