ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਸਾਬਕਾ ਕੇਂਦਰੀ ਕੈਬਨਿਟ ਮੰਤਰੀ ਹਰਸਿਮਰਤ ਬਾਦਲ ਨੇ ਬਠਿੰਡਾ-ਬਰਨਾਲਾ ਮੁੱਖ ਮਾਰਗ ‘ਤੇ ਪੈਂਦੇ ਲਹਿਰਾਬੇਗਾ ਟੌਲ ਪਲਾਜ਼ਾ ‘ਤੇ ਪੈਂਦੇ ਖ਼ਰਚ ਤੋਂ ਭੁੱਚੋ ਮੰਡੀ ਵਾਸੀਆਂ ਨੂੰ ਛੋਟ ਦੇਣ ਨੂੰ ਲੈ ਕੇ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੂੰ ਪੱਤਰ ਚਿੱਠੀ ਲਿਖੀ ਹੈ।
ਭੁੱਚੋ ਮੰਡੀ ਵਾਸੀਆਂ ਵੱਲੋਂ ਲਗਾਤਾਰ ਇਸ ਖਰਚੇ ਤੋਂ ਛੋਟ ਦੇਣ ਦੀ ਮੰਗ ਕੀਤੀ ਜਾ ਰਹੀ ਹੈ। ਇਹ ਟੌਲ ਪਲਾਜ਼ਾ ਭੁੱਚੋ ਮੰਡੀ ਤੋਂ ਸਿਰਫ਼ 2 ਕਿਲੋਮੀਟਰ ਦੀ ਦੂਰੀ ‘ਤੇ ਹੈ ਅਤੇ ਸਥਾਨਕ ਵਾਸੀਆਂ ਨੂੰ ਰੋਜ਼ਾਨਾ ਲੰਘਣ ਸਮੇਂ ਇੱਥੋਂ ਵੱਡੇ ਖ਼ਰਚੇ ਦਾ ਸਾਹਮਣਾ ਕਰਨਾ ਪੈਂਦਾ ਹੈ।
ਬੀਬਾ ਬਾਦਲ ਨੇ ਚਿੱਠੀ ਵਿੱਚ ਕਿਹਾ ਕਿ ਇਸ ਵੇਲੇ ਦੀਆਂ ਗਾਈਡਲਾਈਨਸ ਮੁਤਾਬਕ ਨੈਸ਼ਨਲ ਹਾਈਵੇਅ ਤੋਂ 20 ਕਿ.ਮੀ. ਦੂਰ ਦੇ ਪਿੰਡਾਂ ਨੂੰ ਟੋਲ ਖਰਚਿਆਂ ਤੋਂ ਛੋਟ ਦਿੱਤੀ ਜਾ ਰਹੀ ਹੈ। ਭੁੱਚੋ ਮੰਡੀ ਵਾਸੀਆਂ ਨੂੰ ਬੱਚਿਆਂ ਨੂੰ ਸਕੂਲ ਛੱਡਣ ਜਾਂ ਫਿਰ ਹਸਪਤਾਲ ਆਦਿ ਤੱਕ ਜਾਣ ਲਈ ਵੀ ਲਹਿਰਾਬੇਗ ਟੋਲ ਪਲਾਜ਼ਾ ‘ਤੇ ਟੈਕਸ ਭਰਨਾ ਪੈਂਦਾ ਹੈ। ਉਨ੍ਹਾਂ ਕੇਂਦਰੀ ਮੰਤਰੀ ਨੂੰ ਜਲਦ ਤੋਂ ਜਲਦ ਇਸ ਮਸਲੇ ਨੂੰ ਹੱਲ ਕਰਨ ਦੀ ਉਮੀਦ ਪ੍ਰਗਟਾਈ।