ਹਿਮਾਚਲ ਦੇ ਜ਼ਿਆਦਾਤਰ ਇਲਾਕਿਆਂ ‘ਚ ਪਿਛਲੇ 24 ਘੰਟਿਆਂ ਤੋਂ ਮੀਂਹ ਜਾਰੀ ਹੈ। ਚੰਡੀਗੜ੍ਹ-ਸ਼ਿਮਲਾ ਫੋਰਲੇਨ ਸਮੇਤ 600 ਤੋਂ ਵੱਧ ਸੜਕਾਂ ਰਾਤ ਭਰ ਪਏ ਭਾਰੀ ਮੀਂਹ ਤੋਂ ਬਾਅਦ ਸੂਬੇ ਭਰ ਵਿੱਚ ਕਈ ਥਾਵਾਂ ‘ਤੇ ਲੈਂਡ ਸਲਾਈਡ ਹੋਣ ਕਾਰਨ ਬੰਦ ਹੋ ਗਈਆਂ ਹਨ। ਸ਼ਿਮਲਾ ਦੇ ਵਿਜੇਨਗਰ ‘ਚ ਪਾਣੀ ਦਾਖਲ ਹੋਣ ਕਾਰਨ ਰਾਤ ਨੂੰ ਦੋ ਘਰਾਂ ਨੂੰ ਖਾਲੀ ਕਰਵਾਉਣਾ ਪਿਆ। ਪਹਾੜਾਂ ‘ਤੇ ਲੋਕ ਦਹਿਸ਼ਤ ਵਿਚ ਹਨ। ਮੌਸਮ ਵਿਭਾਗ ਨੇ 23-24 ਅਗਸਤ ਲਈ ਆਰੇਂਜ ਅਲਰਟ ਜਾਰੀ ਕੀਤਾ ਹੈ।
ਅਗਲੇ ਕੁਝ ਘੰਟਿਆਂ ਦੌਰਾਨ ਸੋਲਨ, ਸ਼ਿਮਲਾ, ਸਿਰਮੌਰ, ਹਮੀਰਪੁਰ, ਊਨਾ ਮੰਡੀ, ਕਾਂਗੜਾ, ਚੰਬਾ, ਕੁੱਲੂ, ਕਿਨੌਰ ਅਤੇ ਲਾਹੌਲ ਸਪਿਤੀ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਮੱਦੇਨਜ਼ਰ, ਸਰਕਾਰ ਨੇ ਲੋਕਾਂ ਨੂੰ ਨਦੀਆਂ ਅਤੇ ਜ਼ਮੀਨ ਖਿਸਕਣ ਵਾਲੇ ਖੇਤਰਾਂ ਵਿੱਚ ਯਾਤਰਾ ਨਾ ਕਰਨ ਅਤੇ ਬੇਲੋੜੀ ਯਾਤਰਾ ਤੋਂ ਬਚਣ ਦੀ ਸਲਾਹ ਦਿੱਤੀ ਹੈ। ਸੂਬੇ ਵਿੱਚ 550 ਤੋਂ ਵੱਧ ਸੜਕਾਂ ਬੰਦ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਸੜਕਾਂ ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਬੰਦ ਪਈਆਂ ਹਨ। ਇਸ ਕਾਰਨ 850 ਤੋਂ ਵੱਧ ਰੂਟਾਂ ’ਤੇ ਟਰਾਂਸਪੋਰਟ ਸੇਵਾਵਾਂ ਠੱਪ ਹੋ ਗਈਆਂ ਹਨ।
ਚੰਡੀਗੜ੍ਹ-ਸ਼ਿਮਲਾ ਚਹੁੰ-ਮਾਰਗੀ ਨੂੰ ਸੋਲਨ ਦੇ ਚੱਕੀ ਮੋੜ ਨੇੜੇ ਫਿਰ ਤੋਂ ਬੰਦ ਕਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਹਾਈਵੇਅ ‘ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਸੜਕ ਤੋਂ ਮਲਬਾ ਹਟਾਉਣ ਦਾ ਕੰਮ ਚੱਲ ਰਿਹਾ ਹੈ। ਸੂਬੇ ‘ਚ ਪਿਛਲੇ 24 ਘੰਟਿਆਂ ਤੋਂ ਹੋ ਰਹੀ ਬਾਰਿਸ਼ ਤੋਂ ਬਾਅਦ ਨਦੀਆਂ-ਨਾਲਿਆਂ ‘ਚ ਤੇਜ਼ੀ ਉਫਾਨ ਤੇ ਹਨ। ਭਾਰੀ ਬਰਸਾਤ ਅਤੇ ਪਾਣੀ ਦੇ ਤੇਜ਼ ਵਹਾਅ ਕਾਰਨ ਪੁਲ ਦਾ ਇੱਕ ਹਿੱਸਾ ਰੁੜ੍ਹ ਗਿਆ।
ਇਹ ਵੀ ਪੜ੍ਹੋ : ਫਿਰੋਜ਼ਪੁਰ ਲਈ ਹੜ੍ਹ ‘ਚ ਫ਼ਰਿਸ਼ਤਾ ਬਣੇ BSF, 2 ਬੱਚਿਆਂ ਤੇ ਬਜ਼ੁਰਗ ਔਰਤ ਸਣੇ ਫਸੇ ਪਰਿਵਾਰ ਨੂੰ ਬਚਾਇਆ
ਮੌਸਮ ਵਿਭਾਗ ਦੇ ਅਲਰਟ ਦੇ ਮੱਦੇਨਜ਼ਰ ਸ਼ਿਮਲਾ, ਹਮੀਰਪੁਰ ਅਤੇ ਮੰਡੀ ਜ਼ਿਲ੍ਹਿਆਂ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਅਤੇ ਕਾਲਜ ਅੱਜ ਅਤੇ ਕੱਲ੍ਹ ਲਈ ਬੰਦ ਕਰ ਦਿੱਤੇ ਗਏ ਹਨ, ਜਦਕਿ ਸੋਲਨ, ਸਿਰਮੌਰ ਅਤੇ ਬਿਲਾਸਪੁਰ ਜ਼ਿਲ੍ਹਿਆਂ ਦੇ ਵਿਦਿਅਕ ਅਦਾਰਿਆਂ ਵਿੱਚ ਅੱਜ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸੇ ਤਰ੍ਹਾਂ ਕੁਝ ਸਬ-ਡਵੀਜ਼ਨਾਂ ਵਿੱਚ ਵੀ SDM ਵੱਲੋਂ ਛੁੱਟੀ ਦਾ ਐਲਾਨ ਕੀਤਾ ਗਿਆ ਹੈ। HPU ਵਿੱਚ 23-34 ਦੀਆਂ ਪ੍ਰੀਖਿਆਵਾਂ ਵੀ ਮੁਲਤਵੀ ਕਰ ਦਿੱਤੀਆਂ ਗਈਆਂ ਹਨ।
ਵੀਡੀਓ ਲਈ ਕਲਿੱਕ ਕਰੋ -: