ਪਟਿਆਲਾ ਤੋਂ ਦਰਗਾਹ ‘ਤੇ ਮੱਥਾ ਟੇਕਣ ਦੇ ਬਹਾਨੇ ਲੈ ਜਾ ਕੇ ਪਤਨੀ ਨੂੰ ਭਾਖੜਾ ਨਹਿਰ ਵਿਚ ਧੱਕਾ ਦੇ ਕੇ ਉਸ ਦਾ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸਿਵਲ ਲਾਈਨ ਪੁਲਿਸ ਨੇ ਮਾਮਲੇ ਵਿਚ ਵਿਆਹੁਤਾ ਦੀ ਮਾਂ ਦੇ ਬਿਆਨ ‘ਤੇ ਦੋਸ਼ੀ ਪਤੀ ਖਿਲਾਫ ਕੇਸ ਦਰਜ ਕਰ ਲਿਆ ਹੈ। ਅਜੇ ਉਸ ਦੀ ਗ੍ਰਿਫਤਾਰੀ ਨਹੀਂ ਹੋ ਸਕੀ ਹੈ। ਫੂਲਾ ਦੇਵੀ ਨਿਵਾਸੀ ਵਿਰਕ ਕਾਲੋਨੀ ਪਟਿਆਲਾ ਨੇ ਪੁਲਿਸ ਨੂੰ ਬਿਆਨ ਦਿੱਤਾ ਹੈ ਕਿ ਬੇਟੀ ਰੰਜਨਾ (22) ਦਾ ਵਿਆਹ ਲਗਭਗ ਦੋ ਸਾਲ ਪਹਿਲਾਂ ਸੰਜੂ ਨਿਵਾਸੀ ਅਮਨ ਨਗਰ ਨੇੜੇ ਡੀਸੀਡਬਲਯੂ ਪਟਿਆਲਾ ਨਾਲ ਹੋਇਆ ਸੀ।
ਦੋਵਾਂ ਦੀ ਲਵਮੈਰਿਜ ਸੀ। 9 ਜੂਨ 2022 ਨੂੰ ਉਸ ਦੀ ਧੀ ਤੇ ਦਾਮਾਦ ਹਰਿਦੁਆਰ ‘ਚ ਇਸਨਾਨ ਕਰਨ ਦੇ ਬਾਅਦ ਵਾਪਸ ਉਸ ਦੇ ਘਰ ਆਏ। ਦੋਸ਼ੀ ਦਾਮਾਦ ਸੰਜੀ ਨੇ ਦੱਸਿਆ ਕਿ ਉਹ ਉਸ ਦੀ ਲੜਕੀ ਰੰਜਨਾ ਦਾ ਕਤਲ ਕਰਨ ਲਈ ਉਸ ਨੂੰ ਹਰਿਦੁਆਰ ਲੈ ਕੇ ਗਿਆ ਸੀ ਪਰ ਫੁਲਾ ਦੇਵੀ ਨੇ ਸਮਝਿਆ ਕਿ ਸ਼ਾਇਦ ਦਾਮਾਦ ਮਜ਼ਾਕ ਕਰ ਰਿਹਾ ਹੈ। ਉਸੇ ਦਿਨ ਸ਼ਾਮ ਨੂੰ ਲਗਭਗ 6 ਵਜੇ ਦੋਸ਼ੀ ਸੰਜੀ ਆਪਣੀ ਪਤਨੀ ਨਾਲ ਆਪਣੇ ਘਰ ਚਲਾ ਗਿਆ।
ਬਾਅਦ ਵਿਚ ਪਤਾ ਲੱਗਾ ਕਿ ਦੋਵੇਂ ਕਿਸੇ ਦਰਗਾਹ ‘ਤੇ ਮੱਥਾ ਟੇਕਣ ਗਏ ਹਨ। ਅਗਲੇ ਦਿਨ 10 ਜੂਨ ਨੂੰ ਜਦੋਂ ਫੁਲਾ ਦੇਵੀ ਨੇ ਦੋਸ਼ੀ ਦਾਮਾਦ ਨੂੰ ਫੋਨ ਕਰਕੇ ਰੰਜਨਾ ਬਾਰੇ ਪੁਛਿਆ ਤਾਂ ਉਸ ਨੇ ਕਿਹਾ ਕਿ ਉਹ ਦਰਗਾਹ ‘ਤੇ ਉਸ ਨਾਲ ਲੜ ਕੇ ਕਿਤੇ ਚਲੀ ਗਈ ਹੈ ਤੇ ਹੁਣ ਕਦੇ ਵਾਪਸ ਨਹੀਂ ਆਏਗੀ। ਫੂਲਾ ਦੇਵੀ ਨੇ ਦੋਸ਼ ਲਗਾਇਆ ਕਿ ਦਾਮਾਦ ਅਕਸਰ ਉਸ ਦੀ ਧੀ ਦੇ ਚਰਿੱਤਰ ‘ਤੇ ਸ਼ੱਕ ਕਰਦਾ ਸੀ। ਇਸ ਗੱਲ ਨੂੰ ਲੈ ਕੇ ਉਹ ਉਸ ਨਾਲ ਮਾਰਕੁੱਟ ਵੀ ਕਰਦਾ ਰਹਿੰਦਾ ਸੀ। ਫੂਲਾ ਦੇਵੀ ਨੇ ਦੋਸ਼ ਲਗਾਇਆ ਕਿ ਦਰਗਾਹ ‘ਤੇ ਮੱਥਾ ਟੇਕਣ ਦੇ ਬਹਾਨੇ ਸੰਜੂ ਨੇ ਹੀ ਉਸ ਦੀ ਧੀ ਨੂੰ ਪਿੰਡ ਅਬਲੋਵਾਲ ਕੋਲ ਭਾਖੜਾ ਨਹਿਰ ਵਿਚ ਧੱਕਾ ਦੇ ਕੇ ਕਤਲ ਕਰ ਦਿੱਤਾ ਹੈ।
ਪੁਲਿਸ ਨੇ ਮ੍ਰਿਤਕਾ ਦੀ ਮਾਂ ਦੇ ਬਿਆਨ ਦੇ ਆਧਾਰ ‘ਤੇ ਦੋਸ਼ੀ ਖਿਲਾਫ ਕਤਲ ਤੇ ਲਾਸ਼ ਨੂੰ ਖੁਰਦ-ਬੁਰਦ ਕਰਨ ਦੇ ਦੋਸ਼ ਵਿਚ ਕੇਸ ਦਰਜ ਕਰ ਲਿਆ ਹੈ। ਫਿਲਹਾਲ ਦੋਸ਼ੀ ਦੀ ਗ੍ਰਿਫਤਾਰੀ ਨਹੀਂ ਹੋ ਸਕੀ ਹੈ। ਵਿਆਹੁਤਾ ਦੀ ਲਾਸ਼ ਨੂੰ ਖਨੌਰੀ ਨਹਿਰ ਤੋਂ ਪੁਲਿਸ ਨੇ ਗੋਤਾਖੋਰਾਂ ਦੀ ਮਦਦ ਨਾਲ ਬਰਾਮਦ ਕਰ ਲਿਆ ਹੈ। ਪੁਲਿਸ ਮੁਤਾਬਕ ਵਿਆਹੁਤਾ ਦੇ ਮ੍ਰਿਤਕ ਦੇਹ ਦੀ ਪਰਿਵਾਰ ਵਾਲਿਆਂ ਨੇ ਸ਼ਨਾਖਤ ਕਰ ਲਈ ਹੈ।
ਵੀਡੀਓ ਲਈ ਕਲਿੱਕ ਕਰੋ -: