ਨਿਊਜ਼ੀਲੈਂਡ ਦੀ ਰਾਜਧਾਨੀ ਵੈਲਿੰਗਟਨ ‘ਚ ਮੰਗਲਵਾਰ ਦੁਪਹਿਰ 12.30 ਵਜੇ ਚਾਰ ਮੰਜ਼ਿਲਾ ਹੋਸਟਲ ‘ਚ ਅੱਗ ਲੱਗ ਗਈ। ਇਸ ‘ਚ 6 ਲੋਕਾਂ ਦੀ ਮੌਤ ਹੋ ਗਈ, ਜਦਕਿ 20 ਦੇ ਕਰੀਬ ਲੋਕ ਲਾਪਤਾ ਹਨ। ਹੋਸਟਲ ਦਾ ਨਾਂ ਲੋਫਰਸ ਲਾਜ ਹੋਸਟਲ ਹੈ, ਜਿਸ ਵਿੱਚ 92 ਕਮਰੇ ਸਨ। ਅੱਗ ‘ਤੇ ਕਾਬੂ ਪਾਉਣ ਲਈ 90 ਫਾਇਰ ਫਾਈਟਰਜ਼ ਅਤੇ 20 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਕੰਮ ਕੀਤਾ।
ਉਨ੍ਹਾਂ ਨੇ 50 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ, ਜਿਨ੍ਹਾਂ ‘ਚੋਂ 5 ਲੋਕਾਂ ਨੂੰ ਹੋਸਟਲ ਦੀ ਛੱਤ ਤੋਂ ਬਚਾਇਆ ਗਿਆ। ਇੱਕ ਬੰਦੇ ਨੇ ਜਾਨ ਬਚਾਉਣ ਲਈ ਤੀਜੀ ਮੰਜ਼ਿਲ ਤੋਂ ਛਾਲ ਵੀ ਮਾਰ ਦਿੱਤੀ, ਜੋ ਕਿ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਐਮਰਜੈਂਸੀ ਸੇਵਾਵਾਂ ਅਜੇ ਵੀ ਲਾਪਤਾ ਲੋਕਾਂ ਦੀ ਭਾਲ ਕਰ ਰਹੀਆਂ ਹਨ। ਇਸ ਦੇ ਲਈ ਆਮ ਨਾਗਰਿਕਾਂ ਦੀ ਮਦਦ ਵੀ ਮੰਗੀ ਗਈ ਹੈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਪਰ ਸਥਾਨਕ ਮੀਡੀਆ ਦਾ ਕਹਿਣਾ ਹੈ ਕਿ ਸ਼ੱਕ ਹੈ ਕਿ ਕਿਸੇ ਨੇ ਜਾਣ ਬੁੱਝ ਕੇ ਅੱਗ ਲਗਾਈ ਹੋਵੇ।
ਪ੍ਰਧਾਨ ਮੰਤਰੀ ਕ੍ਰਿਸ ਹਿਪਕਿਨਜ਼ ਨੇ ਸਥਿਤੀ ਨੂੰ ਗੰਭੀਰ ਦੱਸਿਆ ਹੈ। ਉਨ੍ਹਾਂ ਨੇ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ। ਇਸ ਦੇ ਨਾਲ ਹੀ ਪੁਲਿਸ ਦਾ ਕਹਿਣਾ ਹੈ ਕਿ ਉਹ ਮਰਨ ਵਾਲੇ ਲੋਕਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਸਿਹਤ ਬੋਰਡ ਮੁਤਾਬਕ ਇਸ ਹੋਸਟਲ ਵਿੱਚ ਰਹਿਣ ਵਾਲੇ ਜ਼ਿਆਦਾਤਰ ਲੋਕ ਅਜਿਹੇ ਸਨ ਜਿਨ੍ਹਾਂ ਕੋਲ ਆਪਣਾ ਘਰ ਨਹੀਂ ਸੀ। ਇੱਥੇ ਕਈ ਬਜ਼ੁਰਗ ਵੀ ਰਹਿ ਰਹੇ ਸਨ, ਜੋ ਅਜੇ ਵੀ ਸਦਮੇ ਵਿੱਚ ਹਨ। ਇਸ ਦੇ ਨਾਲ ਹੀ ਜਦੋਂ ਕਈ ਲੋਕਾਂ ਨੂੰ ਬਚਾਇਆ ਗਿਆ ਤਾਂ ਉਨ੍ਹਾਂ ਨੇ ਸਿਰਫ਼ ਪਜਾਮਾ ਪਾਇਆ ਹੋਇਆ ਸੀ।
ਇਹ ਵੀ ਪੜ੍ਹੋ : ਅਮਰੀਕਾ ‘ਚ ਫਿਰ ਚੱਲੀਆਂ ਭੀੜ ‘ਤੇ ਗੋਲੀਆਂ, ਮਾਸ ਸ਼ੂਟਿੰਗ ‘ਚ 3 ਮੌਤਾਂ, 18 ਸਾਲਾਂ ਹਮਲਾਵਰ ਢੇਰ
ਹੋਸਟਲ ਦੇ ਆਲੇ-ਦੁਆਲੇ ਦੀਆਂ ਇਮਾਰਤਾਂ ਦੇ ਲੋਕਾਂ ਨੂੰ ਆਪਣੀਆਂ ਖਿੜਕੀਆਂ ਅਤੇ ਦਰਵਾਜ਼ੇ ਬੰਦ ਰੱਖਣ ਲਈ ਕਿਹਾ ਗਿਆ ਸੀ। ਇਸ ਦੇ ਨਾਲ ਹੀ ਨਿਊਜ਼ੀਲੈਂਡ ਦੀ ਇਕ ਅਧਿਕਾਰੀ ਅੰਨਾ ਟੂਟਨ ਨੇ ਕਿਹਾ ਹੈ ਕਿ ਹਾਦਸੇ ‘ਚ ਜਾਨ ਗੁਆਉਣ ਵਾਲੇ ਲੋਕਾਂ ਦੀ ਪਛਾਣ ਕਰਨ ‘ਚ ਸਮਾਂ ਲੱਗੇਗਾ। ਹੋਸਟਲ ਨੇ ਹਾਲ ਹੀ ਵਿੱਚ ਫਾਇਰ ਸੇਫਟੀ ਟੈਸਟ ਪਾਸ ਕੀਤਾ ਹੈ। ਫਾਇਰ ਅਤੇ ਐਮਰਜੈਂਸੀ ਵਿਭਾਗ ਦੇ ਕਮਾਂਡਰ ਨਿਕ ਪਾਇਟ ਨੇ ਕਿਹਾ ਕਿ ਇਹ ਅੱਗ ਇੱਕ ਸੁਪਨੇ ਵਾਂਗ ਸੀ।
ਵੀਡੀਓ ਲਈ ਕਲਿੱਕ ਕਰੋ -: