ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਗ੍ਰਿਫਤਾਰੀ ਤੋਂ ਬਾਅਦ ਪੂਰੇ ਪਾਕਿਸਤਾਨ ਵਿੱਚ ਹਿੰਸਾ ਜਾਰੀ ਹੈ। ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਦੇ ਸਮਰਥਕ ਪੇਸ਼ਾਵਰ, ਇਸਲਾਮਾਬਾਦ ਸਮੇਤ ਕਈ ਸ਼ਹਿਰਾਂ ਵਿੱਚ ਅੱਗਜ਼ਨੀ ਅਤੇ ਭੰਨਤੋੜ ਕਰ ਰਹੇ ਹਨ। ਹੁਣ ਤੱਕ 6 ਲੋਕਾਂ ਦੀ ਮੌਤ ਦੀ ਖਬਰ ਹੈ। ਰਿਪੋਰਟ ਮੁਤਾਬਕ ਪਾਕਿਸਤਾਨ ਦੇ ਸਾਬਕਾ ਗਵਰਨਰ ਅਤੇ ਪੀਟੀਆਈ ਆਗੂ ਉਮਰ ਚੀਮਾ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਵਰਕਰਾਂ ਨੇ ਦੇਰ ਰਾਤ ਰਾਵਲਪਿੰਡੀ ਵਿੱਚ ਫੌਜ ਦੇ ਹੈੱਡਕੁਆਰਟਰ ਵਿੱਚ ਭੰਨਤੋੜ ਕੀਤੀ। ਲਾਹੌਰ ਵਿਚ ਗਵਰਨਰ ਹਾਊਸ, ਫੌਜ ਦੇ ਕਮਾਂਡਰ ਦੇ ਘਰ ਨੂੰ ਸਾੜ ਦਿੱਤਾ ਗਿਆ ਅਤੇ ਕਈ ਫੌਜੀ ਅਫਸਰਾਂ ਦੇ ਘਰਾਂ ‘ਤੇ ਹਮਲੇ ਕੀਤੇ ਗਏ। ਅਜਿਹੀ ਹੀ ਘਟਨਾ ਕਰਾਚੀ ਦੇ ਕੈਂਟ ਇਲਾਕੇ ਵਿੱਚ ਵੀ ਵਾਪਰੀ। ਪਾਕਿਸਤਾਨੀ ਅਖਬਾਰ ਮੁਤਾਬਕ ਹਿੰਸਾ ਨੂੰ ਦੇਖਦੇ ਹੋਏ ਪੂਰੇ ਪਾਕਿਸਤਾਨ ‘ਚ ਇੰਟਰਨੈੱਟ ਬੰਦ ਕਰ ਦਿੱਤਾ ਗਿਆ ਹੈ। ਦੇਸ਼ ਵਿੱਚ ਪ੍ਰਾਈਵੇਟ ਸਕੂਲ ਵੀ ਬੰਦ ਰਹਿਣਗੇ। ਰਾਜਧਾਨੀ ਇਸਲਾਮਾਬਾਦ, ਪੰਜਾਬ ਸੂਬੇ ਅਤੇ ਪੇਸ਼ਾਵਰ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ।
ਇਮਰਾਨ ਖਾਨ ਨੂੰ ਦੇਸ਼ ਦੀ ਭ੍ਰਿਸ਼ਟਾਚਾਰ ਵਿਰੋਧੀ ਏਜੰਸੀ ਦੀ “ਚਾਰ ਤੋਂ ਪੰਜ ਦਿਨਾਂ” ਲਈ ਹਿਰਾਸਤ ਵਿੱਚ ਰੱਖਿਆ ਜਾ ਸਕਦਾ ਹੈ ਅਤੇ ਉਨ੍ਹਾਂ ਨੂੰ ਇਮਰਾਨ ਖਾਨ ਨੂੰ ਐੱਫ-8 ਕੋਰਟ ਕੰਪਲੈਕਸ ਤੇ ਜਿਊਡੀਸ਼ੀਅਲ ਕੰਪਲੈਕਸ ਜੀ 11/4 ਵਿੱਚ ਲਿਜਾਣ ਦੀ ਬਜਾਏ ਨਿਊ ਪੁਲਿਸ ਗੈਸਟ ਹਾਊਸ, ਪੁਲਿਸ ਲਾਈਨਸ ਵਿੱਚ ਪੇਸ਼ ਕੀਤਾ ਜਾਏਗਾ, ਜਿਸ ਨੂੰ ਇਸ ਵਿਸ਼ੇਸ਼ ਸੁਣਵਾਈ ਲਈ ਅਦਾਲਤ ਦਾ ਇਕਮੁਸ਼ਤ ਦਰਜਾ ਦਿੱਤਾ ਜਾਵੇਗਾ।
ਪਾਕਿਸਤਾਨ ਸਰਕਾਰ ਵੱਲੋਂ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਖਾਨ ਨੂੰ NAB ਕੋਰਟ ਦੀ ਬਜਾਏ ਵਿਸ਼ੇਸ਼ ਅਦਾਲਤ ‘ਚ ਪੇਸ਼ ਕਰਨ ਦਾ ਫੈਸਲਾ ਉਨ੍ਹਾਂ ਦੀ ਜਾਨ ਦੀ ਸੁਰੱਖਿਆ ਨੂੰ ਧਿਆਨ ‘ਚ ਰੱਖਦੇ ਹੋਏ ਲਿਆ ਗਿਆ ਹੈ। ਸੂਤਰਾਂ ਮੁਤਾਬਕ ਪੀਟੀਆਈ ਮੁਖੀ ਨੂੰ ਵੀ ਦੇਰ ਰਾਤ ਐਨਏਬੀ ਦੇ ਦਫ਼ਤਰ ਤੋਂ ਕਿਸੇ ਅਣਦੱਸੀ ਥਾਂ ’ਤੇ ਤਬਦੀਲ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ : ਜਲੰਧਰ ਜ਼ਿਮਨੀ ਚੋਣ ਅਪਡੇਟ : 11 ਵਜੇ ਤੱਕ 17.07 ਫੀਸਦੀ ਵੋਟਿੰਗ, CM ਮਾਨ ਬੋਲੇ- ‘ਰਿਪੋਰਟਾਂ ਹੌਂਸਲਾਂ ਵਧਾਉਣ ਵਾਲੀਆਂ’
ਪੀਟੀਆਈ ਨੇਤਾ ਫਵਾਦ ਚੌਧਰੀ ਨੇ ਕਿਹਾ ਹੈ ਕਿ ਪਾਰਟੀ ਇਸਲਾਮਾਬਾਦ ਹਾਈਕੋਰਟ ਦੇ ਫੈਸਲੇ ਖਿਲਾਫ ਸੁਪਰੀਮ ਕੋਰਟ ਜਾਏਗੀ। ਇਮਰਾਨ ਖਾਨ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਉਨ੍ਹਾਂ ਦੇ ਸਮਰਥਕ ਨਿਊਯਾਰਕ, ਕੈਨੇਡਾ, ਲੰਦਨ ਸਣੇ ਕਈ ਥਾਵਾਂ ‘ਤੇ ਪ੍ਰਦਰਸ਼ਨ ਕਰ ਰਹੇ ਹਨ। ਅਮਰੀਕਾ-ਬ੍ਰਿਟੇਨ ਨੇ ਪਾਕਿਸਤਾਨ ਵਿੱਚ ਰਹਿ ਰਹੇ ਆਪਣੇ ਨਾਗਰਿਕਾਂ ਲੀ ਐਡਵਾਇਜ਼ਰੀ ਜਾਰੀ ਕੀਤੀ ਹੈ। ਉਨ੍ਹਾਂ ਨੂੰ ਪ੍ਰਦਰਸ਼ਨ ਵਾਲੀਆਂ ਥਾਵਾਂ ਤੋਂ ਦੂਰ ਰਹਿਣ ਲਈ ਕਿਹਾ ਗਿਆ ਹੈ। ਇਸਲਾਮਾਬਾਦ ਪੁਲਿਸ ਨੇ ਦੱਸਿਆ ਕਿ 5 ਅਫਸਰ ਜ਼ਖਮੀ ਹੋਏ ਹਨ, ਜਦਕਿ 43 ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: