ਝਾਰਖੰਡ : ਕਾਂਗਰਸ ਦੇ 2 ਵਿਧਾਇਕਾਂ ਤੇ ਉਨ੍ਹਾਂ ਦੇ ਸਹਿਯੋਗੀਆਂ ਸਣੇ ਕੁਝ ਕਾਰੋਬਾਰੀਆਂ ‘ਤੇ ਛਾਪੇਮਾਰੀ ਦੇ ਬਾਅਦ ਇਨਕਮ ਟੈਕਸ ਡਿਪਾਰਟਮੈਂਟ ਨੇ 100 ਕਰੋੜ ਤੋਂ ਵਧ ਦੇ ਬੇਨਾਮੀ ਲੈਣ-ਦੇਣ ਤੇ ਨਿਵੇਸ਼ਾਂ ਦਾ ਪਤਾ ਲਗਾਇਆ ਹੈ। 4 ਨਵੰਬਰ ਨੂੰ ਝਾਰਖੰਡ ਦੇ ਰਾਂਚੀ, ਗੋਡਾ, ਬੇਰਮੋ ਦੁਮਕਾ, ਜਮਸ਼ੇਦਪੁਰ ਚਾਈਬਾਸਾ, ਬਿਹਾਰ ਦੇ ਪਟਨਾ, ਹਰਿਆਣਾ ਦੇ ਗੁਰੂਗ੍ਰਾਮ, ਪੱਛਮੀ ਬੰਗਾਲ ਦੇ ਕੋਲਕਾਤਾ ਸਣੇ 50 ਟਿਕਾਣਿਆਂ ‘ਤੇ ਛਾਪਮਾਰੀ ਕੀਤੀ ਸੀ। ਇਨਕਮ ਟੈਕਸ ਦੇ ਅਧਿਕਾਰੀਆਂ ਨੂੰ ਛਾਪੇ ਦੌਰਾਨ 2 ਕਰੋੜ ਦੀ ਨਕਦੀ ਵੀ ਬਰਾਮਦ ਕੀਤੀ ਜਿਨ੍ਹਾਂ ਨੂੰ ਗਿਣਨ ਲਈ ਮਸ਼ੀਨਾਂ ਦਾ ਸਹਾਰਾ ਲੈਣਾ ਪਿਆ।
ਇਨਕਮ ਟੈਕਸ ਨੇ ਦੋ ਕਾਂਗਰਸੀ ਵਿਧਾਇਕਾਂ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਸੀ, ਜਿਨ੍ਹਾਂ ਦੀ ਪਛਾਣ ਅਧਿਕਾਰੀਆਂ ਨੇ ਕੁਮਾਰ ਜੈਮੰਗਲ ਉਰਫ਼ ਅਨੂਪ ਸਿੰਘ ਅਤੇ ਪ੍ਰਦੀਪ ਯਾਦਵ ਵਜੋਂ ਕੀਤੀ ਸੀ। ਬਰਮੋ ਸੀਟ ਤੋਂ ਵਿਧਾਇਕ ਜੈਮੰਗਲ ਨੇ ਰਾਂਚੀ ਸਥਿਤ ਆਪਣੀ ਰਿਹਾਇਸ਼ ਦੇ ਬਾਹਰ ਮੀਡੀਆ ਨਾਲ ਗੱਲਬਾਤ ਕਰਦਿਆਂ ਇਸ ਕਾਰਵਾਈ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਹ ਜਾਂਚ ਵਿੱਚ ਸਹਿਯੋਗ ਕਰ ਰਹੇ ਹਨ। ਪ੍ਰਦੀਪ ਯਾਦਵ ਜੇਵੀਐਮ-ਪੀ ਤੋਂ ਵੱਖ ਹੋ ਕੇ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ। ਕਾਂਗਰਸ ਇਸ ਸਮੇਂ ਜੇਐਮਐਮ ਨਾਲ ਸੱਤਾਧਾਰੀ ਗਠਜੋੜ ਦਾ ਹਿੱਸਾ ਹੈ, ਜਿਸ ਦੀ ਅਗਵਾਈ ਹੇਮੰਤ ਸੋਰੇਨ ਕਰ ਰਹੇ ਹਨ।
ਸੀਬੀਡੀਟੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਕਾਰਵਾਈ ਕੁਝ ਵਪਾਰਕ ਸਮੂਹਾਂ ਵਿਰੁੱਧ ਕੀਤੀ ਗਈ ਹੈ ਜੋ ਲੋਹੇ ਦੀ ਖੁਦਾਈ, ਲੋਹਾ ਉਤਪਾਦਨ, ਕੋਲੇ ਦੇ ਵਪਾਰ, ਆਵਾਜਾਈ ਅਤੇ ਠੇਕੇ ਵਿੱਚ ਸ਼ਾਮਲ ਹਨ। ਸੀਬੀਡੀਟੀ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਦੇ ਟਿਕਾਣਿਆਂ ਦੀ ਤਲਾਸ਼ੀ ਲਈ ਗਈ, ਉਨ੍ਹਾਂ ਵਿੱਚੋਂ ਦੋ ਸਿਆਸਤ ਨਾਲ ਸਬੰਧਤ ਹਨ ਅਤੇ ਉਨ੍ਹਾਂ ਦੇ ਸਹਿਯੋਗੀ ਹਨ। ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸੇਜ਼ (ਸੀਬੀਡੀਟੀ) ਇਨਕਮ ਟੈਕਸ ਵਿਭਾਗ ਲਈ ਨੀਤੀ ਬਣਾਉਣ ਵਾਲੀ ਸੰਸਥਾ ਹੈ।
ਇਹ ਵੀ ਪੜ੍ਹੋ : ਸਾਨੀਆ-ਸ਼ੋਏਬ ਦੇ ਰਿਸ਼ਤਿਆਂ ‘ਚ ਦਰਾਰ! ਪਾਕਿਸਤਾਨੀ ਮੀਡੀਆ ‘ਚ ਵੱਖ ਹੋਣ ਦੀਆਂ ਖਬਰਾਂ
ਸੀਬੀਡੀਟੀ ਨੇ ਕਿਹਾ ਕਿ 2 ਕਰੋੜ ਰੁਪਏ ਤੋਂ ਵੱਧ ਦੀ ਨਕਦੀ ਵੀ ਬਰਾਮਦ ਕੀਤੀ ਗਈ ਹੈ ਅਤੇ ਹੁਣ ਤੱਕ 100 ਕਰੋੜ ਤੋਂ ਵੱਧ ਬੇਨਾਮੀ ਲੈਣ-ਦੇਣ/ਨਿਵੇਸ਼ਾਂ ਦਾ ਪਤਾ ਲਗਾਇਆ ਗਿਆ ਹੈ। ਛਾਪੇਮਾਰੀ ਵਿਚ ਵੱਡੀ ਗਿਣਤੀ ਵਿਚ ਦਸਤਾਵੇਜ਼ ਅਤੇ ਡਿਜੀਟਲ ਸਬੂਤ ਵੀ ਮਿਲੇ ਹਨ। ਸੀਬੀਡੀਟੀ ਨੇ ਕਿਹਾ, “ਇਨ੍ਹਾਂ ਸਬੂਤਾਂ ਦੇ ਮੁਢਲੇ ਵਿਸ਼ਲੇਸ਼ਣ ਤੋਂ ਪਤਾ ਲੱਗਦਾ ਹੈ ਕਿ ਇਨ੍ਹਾਂ ਸਮੂਹਾਂ ਨੇ ਟੈਕਸ ਚੋਰੀ ਲਈ ਕਈ ਤਰ੍ਹਾਂ ਦੇ ਤਰੀਕੇ ਅਪਣਾਏ ਹਨ।
ਜੈਮੰਗਲ ਨੇ ਅਗਸਤ ਵਿਚ ਆਪਣੀ ਪਾਰਟੀ ਦੇ ਤਿੰਨ ਵਿਧਾਇਕਾਂ ਇਰਫਾਨ ਅੰਸਾਰੀ, ਰਾਜੇਸ਼ ਕਛਪ ਅਤੇ ਨਮਨ ਬਿਕਸਲ ਕੋਂਗਰੀ ਦੇ ਖਿਲਾਫ ਪੁਲਿਸ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਵਿਚ ਦੋਸ਼ ਲਗਾਇਆ ਗਿਆ ਸੀ ਕਿ ਉਹ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਅਗਵਾਈ ਵਾਲੀ ਝਾਰਖੰਡ ਵਿਚ ਸੰਯੁਕਤ ਪ੍ਰਗਤੀਸ਼ੀਲ ਗਠਜੋੜ (ਯੂਪੀਏ) ਸਰਕਾਰ ਨੂੰ ਡੇਗਣ ਦੀ ਕੋਸ਼ਿਸ਼ ਕਰ ਰਹੇ ਹਨ। . ਜੁਲਾਈ ਵਿੱਚ ਪੱਛਮੀ ਬੰਗਾਲ ਵਿੱਚ ਤਿੰਨ ਕਾਂਗਰਸੀ ਵਿਧਾਇਕਾਂ ਨੂੰ ਨਕਦੀ ਸਮੇਤ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਇਹ ਸ਼ਿਕਾਇਤ ਦਰਜ ਕਰਵਾਈ ਗਈ ਸੀ।
ਵੀਡੀਓ ਲਈ ਕਲਿੱਕ ਕਰੋ -: