ਕੈਦੀ ਦੇ ਫਰਾਰ ਹੋਣ ਦੇ ਮਾਮਲੇ ਵਿਚ ਪੰਜਾਬ ਦੇ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਦੇ ਨਿਰਦੇਸ਼ ਮੁਤਾਬਕ ਜੇਲ੍ਹ ਵਿਭਾਗ ਨੇ ਡਿਪਟੀ ਸੁਪਰੀਡੈਂਟ ਸੁਰੱਖਿਆ ਪਟਿਆਲਾ ਜੇਲ੍ਹ ਸਣੇ 4 ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਹੈ। ਇਸ ਦੇ ਨਾਲ ਹੀ ਜੇਲ੍ਹ ਸੁਪਰੀਡੈਂਟ ਤੇ ਅਸਿਸਟੈਂਟ ਸੁਪਰੀਡੈਂਟ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ।
ਸਰਕਾਰੀ ਹੁਕਮ ਮੁਤਾਬਕ ਜੇਲ੍ਹ ਸੁਰੱਖਿਆ ਲਈ ਤਾਇਨਾਤ ਡੀ. ਐੱਸ. ਪੀ. ਸੁਰੱਖਿਆ ਵਰੁਣ ਸ਼ਰਮਾ, ਪਟਿਆਲਾ ਜੇਲ੍ਹ ਦੇ ਅਸਿਸਟੈਂਟ ਸੁਪਰੀਡੈਂਟ-ਕਮ-ਵਾਰੰਟ ਅਫਸਰ ਹਰਬੰਸ ਸਿੰਘ, ਜੇਲ੍ਹ ਵਾਰਡਰ ਸਤਪਾਲ ਸਿੰਘ ਬੈਲਟ ਨੰਬਰ 707 ਅਤੇ ਮਨਦੀਪ ਸਿੰਘ ਬੈਲਟ ਨੰਬਰ 562 ਨੂੰ ਸਸਪੈਂਡ ਕਰ ਦਿੱਤਾ ਹੈ। ਇਸ ਤੋਂ ਇਲਾਵਾ ਕੇਂਦਰੀ ਜੇਲ੍ਹ ਪਟਿਆਲਾ ਦੇ ਸੁਪਰੀਡੈਂਟ ਮਨਜੀਤ ਸਿੰਘ ਟਿਵਾਣਾ ਤੇ ਅਸਿਸਟੈਂਟ ਜੇਲ੍ਹ ਸੁਪਰੀਡੈਂਟ ਜਗਜੀਤ ਸਿੰਘ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ ਤੇ ਕਿਹਾ ਗਿਆ ਹੈ ਕਿ ਇਹ ਉਹ ਦੱਸਣ ਕੇ ਉਨ੍ਹਾਂ ਖਿਲਾਫ ਵਿਭਾਗੀ ਕਾਰਵਾਈ ਕਿਉਂ ਨਾ ਕੀਤੀ ਜਾਵੇ।
ਜ਼ਿਕਰਯੋਗ ਹੈ ਕਿ ਪਟਿਆਲਾ ਜ਼ਿਲ੍ਹੇ ਦੇ ਕਸਬਾ ਘੱਗਾ ਦੇ ਨੇੜੇ ਪਿੰਡ ਦੇਦਨਾ ਦਾ ਰਹਿਣ ਵਾਲਾ ਅਮਰੀਕ ਸਿੰਘ ਪਟਿਆਲਾ ਜੇਲ੍ਹ ਵਿਚ ਸਜ਼ਾ ਕੱਟ ਰਿਹਾ ਸੀ ਜਿਥੋਂ ਉਸ ਨੂੰ ਇਲਾਜ ਲਈ ਰਾਜਿੰਦਰਾ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਜੇਲ੍ਹ ਸਟਾਫ ਦੀ ਲਾਪ੍ਰਵਾਹੀ ਕਾਰਨ ਉਕਤ ਕੈਦੀ ਹਸਪਤਾਲ ਤੋਂ ਭੱਜਣ ਵਿਚ ਸਫਲ ਹੋ ਗਿਆ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
ਇਸ ਕੈਦੀ ਨੂੰ ਪਟਿਆਲਾ ਜੇਲ੍ਹ ਤੋਂ ਰਾਜਿੰਦਰਾ ਹਸਪਤਾਲ ਵਿਚ ਤਬਦੀਲ ਕਰਨ ਦੌਰਾਨ ਸੂਬਾ ਸਰਕਾਰ ਵੱਲੋਂ ਤੈਅ ਨਿਯਮਾਂ ਦਾ ਵੀ ਉਲੰਘਣ ਕੀਤਾ ਗਿਆ ਸੀ। ਜੇਲ੍ਹ ਮੰਤਰੀ ਨੇ ਵਿਭਾਗ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਹਦਾਇਤ ਦਿੱਤੀ ਹੈ ਕਿ ਕਿਸੇ ਵੀ ਕਿਸਮ ਦੀ ਲਾਪ੍ਰਵਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।